ਆਵੋ ਲੋਕਾਂ ਦਾ ਹਿੱਤ ਕਰੀਏ
ਲੱਲੇ ਹਾਹੇ ਪੱਪੇ ਨਾਲ
ਘਰ ਬੈਠਿਆਂ ਕੁਝ ਨਹੀਂ ਬਣਨਾ
ਖਾਲੀ ਰੌਲੇ ਰੱਪੇ ਨਾਲ !
ਲੱਲਾ ਤੇ ਹਾਹਾ ਜਦ ਮਿਲਦੇ
ਲੋਕ ਹਿੱਤ ਬਣ ਜਾਂਦੇ
ਪੱਪਾ ਰੂਪੀ ਜਦੋਂ ਪਟੀਸ਼ਨ
ਹਾਈ ਕੋਰਟ ਵਿਚ ਪਾਂਦੇ
ਭਿੜ ਜਾਂਦੇ ਨੇ ਸ਼ੇਰਾਂ ਵਾਂਗੂੰ
ਸੱਤ ਪੱਖ ਦੇ ਧੱਕੇ ਨਾਲ
ਆਵੋ ਲੋਕਾਂ ਦਾ ਹਿੱਤ ਕਰੀਏ
ਲੱਲੇ ਹਾਹੇ ਪੱਪੇ ਨਾਲ !
ਲੱਲਾ ਤੇ ਹਾਹਾ ਜਦ ਕੱਠੇ
ਹਾਈ ਕੋਰਟ ਨੂੰ ਜਾਂਦੇ
ਹਾਕਮ ਧਿਰ ਤਾਂ ਸੁੰਘਦੀ ਫਿਰਦੀ
ਅੱਜ ਕੀ ਗੁਲ ਖਿਲਾਂਦੇ
ਬਾਜ਼ੀ ਪਲਟ ਨੇ ਦਿੰਦੇ ਸਾਰੀ
ਪੱਪਾ ਰੂਪੀ ਯੱਕੇ ਨਾਲ
ਆਵੋ ਲੋਕਾਂ ਦਾ ਹਿੱਤ ਕਰੀਏ
ਲੱਲੇ ਹਾਹੇ ਪੱਪੇ ਨਾਲ !
ਲੱਲੇ ਹਾਹੇ ਪੱਪੇ ਵਾਲੇ
ਬੰਦੇ ਔਖੇ ਮਿਲਦੇ
ਐਪਰ ਰੌਲੇ ਰੱਪੇ ਵਾਲੇ
ਬੰਦੇ ਸੌਖੇ ਮਿਲਦੇ
ਆਪਣਾ ਹਿੱਤ ਜੋ "ਆੜੇ" ਵਾਲਾ
ਸੋਧਣ ਬਹੁਤੇ ਪੱਪੇ ਨਾਲ
ਆਵੋ ਲੋਕਾਂ ਦਾ ਹਿੱਤ ਕਰੀਏ
ਲੱਲੇ ਹਾਹੇ ਪੱਪੇ ਨਾਲ !
*Adv H.C.Arora*