ਫ਼ਰੀਦ ਸਾਹਿਤ ਮੇਲਾ ਯਾਦਗਾਰੀ ਹੋ ਨਿੱਬੜਿਆ, 27 ਲੱਖ ਰੁਪਏ ਤੋਂ ਵੱਧ ਦੀਆਂ ਕਿਤਾਬਾਂ ਦੀ ਵਿਕਰੀ
-200 ਦੇ ਕਰੀਬ ਨਵੀਆਂ ਕਿਤਾਬਾਂ ਰਿਲੀਜ਼
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 24 ਸਤੰਬਰ 2023- ਬਾਬਾ ਫ਼ਰੀਦ ਜੀ ਦੇ 850ਵੇਂ ਜਨਮ ਵਰ੍ਹੇ ਨੂੰ ਸਮਰਪਿਤ ਬਾਬਾ ਫ਼ਰੀਦ ਸਾਹਿਤ ਮੇਲਾ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ 19 ਤੋਂ 23 ਸਤੰਬਰ ਤੱਕ ਲਗਾਇਆ ਗਿਆ। ਇਸ ਮੇਲੇ ਦਾ ਪ੍ਰਬੰਧ ਭਾਸ਼ਾ ਵਿਭਾਗ ਪੰਜਾਬ, ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.) ਅਤੇ ਸਾਹਿਤ ਵਿਚਾਰ ਮੰਚ ਸਰਕਾਰੀ ਬ੍ਰਿਜਿੰਦਰਾ ਕਾਲਜ, ਫਰੀਦਕੋਟ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੇਲੇ ਦਾ ਉਦਘਾਟਨ ਸ. ਕੁਲਤਾਰ ਸਿੰਘ ਸੰਧਵਾਂ, ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਕੀਤਾ ਗਿਆ। ਇਸ ਮੌਕੇ ਸ. ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫ਼ਰੀਦਕੋਟ, ਸ੍ਰੀ ਵਿਨੀਤ ਕੁਮਾਰ ਆਈ ਏ ਐੱਸ, ਡਿਪਟੀ ਕਮਿਸ਼ਨਰ ਫ਼ਰੀਦਕੋਟ, ਹਰਜੀਤ ਸਿੰਘ ਆਈ ਪੀ ਐੱਸ, ਸੀਨੀਅਰ ਪੁਲਿਸ ਕਪਤਾਨ ਫਰੀਦਕੋਟ ਵੀ ਹਾਜ਼ਰ ਹੋਏ। ਇਸ ਪੰਜ ਰੋਜ਼ਾ ਸਾਹਿਤ ਮੇਲੇ ਦੌਰਾਨ 70 ਦੇ ਲਗਭਗ ਪ੍ਰਕਾਸ਼ਕਾਂ ਅਤੇ ਪੁਸਤਕ ਵਿਕਰੇਤਾਵਾਂ ਨੇ ਪੰਜਾਬੀ ਹਿੰਦੀ ਅੰਗਰੇਜ਼ੀ ਅਤੇ ਉਰਦੂ ਭਾਸ਼ਾਵਾਂ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਭਾਸ਼ਾ ਵਿਭਾਗ ਪੰਜਾਬ, ਸਾਹਿਤ ਅਕਾਦਮੀ ਦਿੱਲੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਡੇਰਾ ਬਿਆਸ ਪ੍ਰਕਾਸ਼ਨ, ਤਰਕ ਭਾਰਤੀ, ਚੇਤਨਾ, ਕੈਲੀਬਰ, ਔਟਮ ਆਰਟ, ਯੂਨਿਸਟਾਰ, ਸੰਗਮ, ਬੇਗਮਪੁਰਾ, ਪੀਪਲਜ਼ ਫੋਰਮ, ਬਿਬੇਕਗੜ੍ਹ ਆਦਿ ਵੱਲੋਂ ਪੁਸਤਕ ਪ੍ਰਦਰਸ਼ਨੀ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਗਿਆ।
ਇਸ ਮੇਲੇ ਦੌਰਾਨ 15000 ਦੇ ਕਰੀਬ ਪੰਜਾਬੀ ਸਾਹਿਤ ਪ੍ਰੇਮੀਆਂ ਵੱਲੋਂ ਹਾਜ਼ਰੀ ਭਰੀ ਗਈ ਅਤੇ 27 ਲੱਖ ਰੁਪਏ ਤੋਂ ਵੱਧ ਦੀਆਂ ਕਿਤਾਬਾਂ ਦੀ ਵਿਕਰੀ ਦਰਜ ਕੀਤੀ ਗਈ।ਇਸ ਸਾਹਿਤ ਮੇਲੇ ਦੀ ਇਹ ਵੀ ਖ਼ਾਸ ਗੱਲ ਰਹੀ ਕਿ ਇਸ ਵਾਰ ਲਗਭਗ 200 ਦੇ ਕਰੀਬ ਨਵੀਆਂ ਕਿਤਾਬਾਂ ਪੰਜ ਰੋਜ਼ਾ ਮੇਲੇ ਦੌਰਾਨ ਲੋਕ ਅਰਪਣ ਕੀਤੀਆਂ ਗਈਆਂ। ਇਸ ਸਾਹਿਤ ਮੇਲੇ ਦੌਰਾਨ ਪੁਸਤਕ ਪ੍ਰਦਰਸ਼ਨੀਆਂ ਦੇ ਨਾਲ ਨਾਲ ਕਲਾ ਆਦਿ ਸਬੰਧੀ ਵੀ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਦੇ ਨਾਲ ਨਾਲ ਵੱਖ ਵੱਖ ਸਾਹਿਤ, ਕਲਾ ਅਤੇ ਇਤਿਹਾਸ ਨਾਲ ਜੁੜੀਆਂ ਸਖ਼ਸ਼ੀਅਤਾਂ ਦੇ ਰੂਬਰੂ ਸੈਸ਼ਨ ਕਰਵਾਏ ਗਏ ਜਿਸ ਵਿੱਚ ਕਹਾਣੀਕਾਰ ਸੁਖਜੀਤ, ਗੁਰਮੀਤ ਕੜਿਆਲਵੀ, ਬਲਜਿੰਦਰ ਨਸਰਾਲੀ, ਫਿਲਮਕਾਰ ਅਮਰਦੀਪ ਗਿੱਲ, ਇਤਿਹਾਸਕਾਰ ਅਜੇਪਾਲ ਸਿੰਘ ਬਰਾੜ, ਪੱਤਰਕਾਰ ਹਮੀਰ ਸਿੰਘ, ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਆਦਿ ਨੇ ਹਿੱਸਾ ਲਿਆ। ਇਸ ਮੌਕੇ 2 ਕਵੀ ਦਰਬਾਰਾਂ ਦਾ ਆਯੋਜਨ ਵੀ ਕੀਤਾ ਗਿਆ ਜਿਹਨਾਂ ਵਿੱਚ ਪ੍ਰਸਿੱਧ ਕਵੀਆਂ ਨੇ ਹਾਜ਼ਰੀ ਲਵਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ।
ਇਸ ਮੇਲੇ ਦੌਰਾਨ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.) ਵੱਲੋਂ ਮਾਂ ਬੋਲੀ ਦੇ ਨਿਸ਼ਕਾਮ ਸੇਵਕ ਸਰਦਾਰ ਸੁਖਵਿੰਦਰ ਸਿੰਘ ਰਟੌਲ ਨੂੰ ਬਾਬਾ ਫ਼ਰੀਦ ਮਾਂ ਬੋਲੀ ਸਨਮਾਨ ਨਾਲ ਸਨਮਾਨਤ ਕੀਤਾ ਗਿਆ ਜਿਸ ਵਿੱਚ ਇਕ ਸੁੰਦਰ ਸਨਮਾਨ ਚਿੰਨ੍ਹ ਅਤੇ 11000 ਰੁਪਏ ਦਾ ਚੈੱਕ ਸ਼ਾਮਿਲ ਹੈ। ਆਖਰੀ ਦਿਨ ਪੰਜਾਬੀ ਸਾਹਿਤ ਅਤੇ ਪ੍ਰਕਾਸ਼ਨ ਸਬੰਧੀ ਪੈਨਲ ਡਿਸਕਸ਼ਨ ਨਾਲ ਇਹ ਮੇਲਾ ਸ਼ਿਖ਼ਰਾਂ ਛੂਹ ਗਿਆ। ਮੇਲੇ ਦੇ ਸਮੁੱਚੇ ਪ੍ਰਬੰਧਾਂ ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ, ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ, ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.) ਦੇ ਪ੍ਰਧਾਨ ਅਮਨਪ੍ਰੀਤ ਸਿੰਘ, ਜਨਰਲ ਸਕੱਤਰ ਗੁਰਅੰਮ੍ਰਿਤਪਾਲ ਸਿੰਘ, ਸ਼ਿਵਜੀਤ ਸਿੰਘ ਸੰਘਾ, ਰਾਜਪਾਲ ਸਿੰਘ ਸੰਧੂ, ਅਵਤਾਰ ਸਿੰਘ ਔਲਖ, ਸਤਵਿੰਦਰ ਸਿੰਘ ਅਤੇ ਸਮੁੱਚੀ ਟੀਮ ਸਮੇਤ ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਪ੍ਰਿੰਸੀਪਲ ਸ੍ਰੀ ਰਾਜੇਸ਼ ਕੁਮਾਰ, ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਨਛੱਤਰ ਸਿੰਘ, ਪ੍ਰੋ. ਬੂਟਾ ਸਿੰਘ, ਪ੍ਰੋ. ਪੂਜਾ ਭੱਲਾ, ਪ੍ਰੋ. ਰਮਿੰਦਰ ਸਿੰਘ, ਪ੍ਰੋ. ਨਰਿੰਦਰਜੀਤ ਸਿੰਘ, ਪ੍ਰੋ. ਪ੍ਰਭਸ਼ਰਨਜੋਤ ਕੌਰ ਆਦਿ ਸਮੇਤ ਸਮੂਹ ਵਿਦਿਆਰਥੀਆਂ ਨੇ ਤਨਦੇਹੀ ਨਾਲ ਨੇਪਰੇ ਚੜ੍ਹਾਇਆ।