ਲੁਧਿਆਣਾ: 10 ਮਾਰਚ 2019 - ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਪ੍ਰਸਿੱਧ ਕਹਾਣੀਕਾਰ ਤੇ ਇੰਪਰੂਵਮੈਂਟ ਟਰਸਟ ਬਰਨਾਲਾ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਮਾਨ ਦਾ ਕਹਾਣੀ ਸੰਗ੍ਰਹਿ ਰੇਤ ਦੇ ਘਰ ਨੂੰ ਮੋਗਾ ਵਿਖੇ ਲੋਕ ਅਰਪਨ ਕਰਦਿਆਂ ਕਿਹਾ ਹੈ ਕਿ ਸਮੁੰਦਰੀ ਸੈਨਾ ਦੇ ਅਧਿਕਾਰੀ ਰਹੇ ਹੋਣ ਕਾਰਨ ਉਸ ਦੀ ਦ੍ਰਿਸ਼ਟੀ ਤੇ ਦ੍ਰਿਸ਼ਟੀਕੋਨ ਵੀ ਸਮੁੰਦਰ ਵਾਂਗ ਵਿਸ਼ਾਲ ਹੈ। ਉਸਦੇ ਪਹਿਲੇ ਕਹਾਣੀ ਸੰਗ੍ਰਹਿ ਸਮੁੰਦਰ ਦਾ ਆਦਮੀ ਤੋਂ ਲੈ ਕੇ ਇਸ ਸੰਗ੍ਰਹਿ ਤੀਕ ਉਸ ਨੇ ਵਿਸ਼ਵ ਵਰਤਾਰੇ ਦੇ ਸਥਾਨਕ ਜ਼ਿੰਦਗੀ ਤੇ ਪਏ ਅਸਰ ਨੂੰ ਬੜੀ ਬਾਰੀਕੀ ਨਾਲ ਚਿਤਰਿਆ ਹੈ।
ਇਸ ਮੌਕੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਨੇ ਬਰਨਾਲਾ ਦੀ ਸਾਹਿੱਤ ਭੂਮੀ ਨੂੰ ਵਡਿਆਇਆ ਤੇ ਪਰਮਜੀਤ ਮਾਨ ਵਰਗੇ ਕਲਮ ਦੇ ਧਨੀ ਸਿਰਜਕਾਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਰਾਮ ਸਰੂਪ ਅਣਖੀ, ਇੰਦਰ ਸਿੰਘ ਖਾਮੋਸ਼, ਓਮ ਪ੍ਰਕਾਸ਼ ਗਾਸੋ ਤੇ ਪਰਗਟ ਸਿੰਘ ਸਿੱਧੂ ਵਰਗੇ ਗਲਪ ਲੇਖਕਾਂ ਨੇ ਵਧੀਆ ਆਧਾਰ ਭੂਮੀ ਸਿਰਜੀ ਹੈ ਜਿਸ ਤੇ ਉਸਾਰ ਕਰਨਾ ਵਰਤਮਾਨ ਗਲਪ ਲੇਖਕਾਂ ਦਾ ਫ਼ਰਜ਼ ਹੈ।
ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਡਾ: ਸੁਰਜੀਤ ਸਿੰਘ ਬਰਾੜ, ਕੰਵਰਜੀਤ ਸਿੰਘ ਭੱਠਲ ਮੁੱਖ ਸੰਪਾਦਕ ਕਲਾਕਾਰ, ਕੇ ਐੱਲ ਗਰਗ, ਡਾ: ਜੋਗਿੰਦਰ ਸਿੰਘ ਨਿਰਾਲਾ ਤੇ ਡਾ: ਸਤਿੰਦਰ ਸਿੰਘ ਨੰਦਾ ਵੀ ਇਸ ਮੌਕੇ ਹਾਜ਼ਰ ਸਨ।