ਸਿੱਖ ਗੁਰੂ ਸਹਿਬਾਨ ਦੇ ਸਮੁੱਚੇ ਸ਼ਸਤਰਾਂ ਸਬੰਧੀ ਇੱਕ ਵਿਲੱਖਣ ਪੁਸਤਕ, 'ਤੁ ਹੀ ਨਿਸ਼ਾਨੀ ਜੀਤ ਕੀ', ਰਿਲੀਜ਼
ਅੰਮ੍ਰਿਤਸਰ, 15 ਮਾਰਚ 2023 - ਹੁਣ ਤੱਕ ਦੇ ਸਿੱਖ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਸਿੱਖ ਗੁਰੂ ਸਹਿਬਾਨ ਦੇ ਸਮੁੱਚੇ ਸ਼ਸਤਰਾਂ ਸਬੰਧੀ ਇੱਕ ਵਿਲੱਖਣ ਪੁਸਤਕ, ' ਤੁ ਹੀ ਨਿਸ਼ਾਨੀ ਜੀਤ ਕੀ, ' ਜੋ ਕਿ ਡਾ. ਬਲਵਿੰਦਰ ਕੌਰ ਬਰਿਆਣਾ ਵੱਲੋਂ ਲਿਖੀ ਗਈ ਹੈ, ਇਸ ਪੁਸਤਕ ਨੂੰ ਸ਼੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ਼੍ਰੀ ਆਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ, ਬੁੱਢਾ ਦਲ ਦੇ ਮੁੱਖੀ ਜਥੇਦਾਰ ਬਲਵੀਰ ਸਿੰਘ ਛਿਆਨਵੇਂ ਕਰੋੜੀ, ਤਰਨਾ ਦਲ ਦੇ ਮੁੱਖੀ ਜਥੇਦਾਰ ਨਿਹਾਲ ਸਿੰਘ ਹਰੀਆਂ ਵੇਲਾਂ, ਉੱਘੇ ਪੰਥਕ ਚਿੰਤਕ ਭਗਵਾਨ ਸਿੰਘ ਜੌਹਲ, ਸਿੱਖ ਪੰਥ ਦੇ ਮਹਾਨ ਕਵੀਸ਼ਰ ਜਥੇਦਾਰ ਤਰਸੇਮ ਸਿੰਘ ਮੋਰਾਂਵਾਲੀ ਨੇ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਦਰਬਾਰ ਸਾਹਿਬ ਵਿਖੇ, ਜਥੇਦਾਰ ਅਕਾਲੀ ਫੂਲਾ ਸਿੰਘ ਦੀ 200 ਸਾਲਾਂ ਸ਼ਹੀਦੀ ਸ਼ਤਾਬਦੀ ਤੇ ਸਿੱਖ ਕੌਮ ਨੂੰ ਸਮਰਪਿਤ ਕੀਤੀ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਡਾ. ਬਰਿਆਣਾ ਨੇ ਇਸ ਤੋਂ ਪਹਿਲਾ ਸਿੱਖ ਕੌਮ ਦੇ ਮਹਾਨ ਕਵੀ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ' ਝਨਾਂ ਦੀ ਰਾਤ' ਅਤੇ ਅਮਰੀਕਾ ਦੇ ਮਹਾਨ ਕਵੀ ਵਾਲਟ ਵਿਟਮੈਨ ਦੀ ਕਿਤਾਬ 'ਲੀਵਜ ਆਫ ਗਰਾਸ' ਤੇ ਤੁਲਨਾਤਮਕ ਅਧਿਐਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ.ਐੱਚ.ਡੀ. ਦੀ ਡਿਗਰੀ ਹਾਸਿਲ ਕੀਤੀ ਹੋਈ ਹੈ। ਡਾ. ਬਰਿਆਣਾ ਨੇ ਦੱਸਿਆ ਕਿ ਇਹ ਪੁਸਤਕ 10 ਸਾਲ ਦੀ ਨਿਰੰਤਰ ਮਿਹਨਤ ਅਤੇ ਖੋਜ ਦਾ ਸਿੱਟਾ ਹੈ।
ਇਸ ਪੁਸਤਕ ਦਾ ਰੋਚਕ ਤੱਤ ਇਹ ਹੈ ਕਿ ਏਸ ਪੁਸਤਕ ਵਿੱਚ ਜਿੱਥੇ ਕਈ ਦੁਰਲਭ ਸ਼ਾਸਤਰਾਂ ਬਾਰੇ ਤਸਵੀਰਾਂ ਸਹਿਤ ਜਾਣਕਾਰੀ ਪੇਸ਼ ਕੀਤੀ ਗਈ ਹੈ, ਉੱਥੇ ਪਹਿਲੀ ਵਾਰ ਇਤਿਹਾਸਿਕ ਪੰਚ ਕਲਾ ਸ਼ਾਸਤਰ ਦੀ ਹੋਂਦ ਬਾਰੇ ਪੂਰਾ ਵੇਰਵਾ ਦਿੱਤਾ ਗਿਆ ਹੈ ਜੋ ਕਿ ਅੱਜ ਵੀ ਬੜੋਦਾ ਦੇ ਰਾਜਾ ਗਾਇਕਵਾੜ ਮਿਊਜੀਅਮ ਵਿੱਚ ਅਣਗੌਲਿਆ ਪਿਆ ਹੈ। ਪੁਸਤਕ ਦਾ ਮੁੱਖ ਆਕਰਸ਼ਨ ਸ਼ਸਤਰਾਂ ਦੇ ਪਰਸ਼ੀਅਨ/ਫਾਰਸੀ ਨਾਵਾਂ ਬਾਰੇ ਦੀਰਘ ਜਾਣਕਾਰੀ ਹੈ ਅਤੇ ਸਰਬਲੋਹ ਗ੍ਰੰਥ ਵਿੱਚ ਜ਼ਿਕਰ ਆਏ ਤਮਾਮ ਸ਼ਸਤਰਾਂ ਬਾਰੇ ਦਿੱਤੀ ਤਫਸੀਲ ਬਹੁਤ ਰੌਚਿਕ ਢੰਗ ਨਾਲ ਵਿਸਥਾਰ ਸਹਿਤ ਪੇਸ਼ ਕੀਤੀ ਹੈ।
ਜ਼ਿਕਰਯੋਗ ਹੈ ਕਿ ਕੁਝ ਸ਼ਸਤਰਾਂ ਦੀ ਜਾਣਕਾਰੀ ਇਸ ਪੁਸਤਕ ਵਿੱਚ ਨਹੀਂ ਦਿੱਤੀ ਜਾ ਸਕੀ ਕਿਉਂਕਿ ਉਹ ਸ਼ਸਤਰ ਮਹਾਰਾਜਾ ਪਟਿਆਲਾ ਦੇ ਘਰ ਵਿੱਚ ਮੌਜੂਦ ਹਨ ਜਿਨਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਜਾਣਕਾਰੀ ਅਤੇ ਫੋਟੋਗ੍ਰਾਫੀ ਲਈ ਨਾਹ ਕਰ ਦਿੱਤੀ ਸੀ। ਡਾ. ਬਲਵਿੰਦਰ ਕੌਰ ਬਰਿਆਣਾ ਨੇ ਮੰਗ ਕੀਤੀ ਹੈ ਕਿ ਉਨਾਂ ਸ਼ਸਤਰਾਂ ਨੂੰ ਸ਼੍ਰੀ ਆਕਾਲ ਤਖਤ ਸਾਹਿਬ ਤੇ ਸੁਸ਼ੋਭਿਤ ਕੀਤਾ ਜਾਵੇ ਤਾਂ ਜੋ ਸਮੁੱਚਾ ਪੰਥ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰ ਸਕੇ। ਡਾ. ਬਰਿਆਣਾ ਨੇ ਇੱਕ ਪੁਸਤਕ ਸ਼੍ਰੀ ਆਕਾਲ ਤਖਤ ਸਾਹਿਬ ਤੇ ਵੀ ਭੇਂਟ ਕੀਤੀ।