ਲੁਧਿਆਣਾ, 22 ਅਕਤੂਬਰ 2020 - ਸੁਰਿੰਦਰ ਕੈਲੇ ਦੁਆਰਾ ਰਚਿਤ ਪੁਸਤਕ 'ਸੂਰਜ ਦਾ ਪਰਛਾਵਾਂ' ਦੀਆਂ ਕਹਾਣੀਆਂ, ਪੰਜਾਬੀ ਮਿੰਨੀ ਕਹਾਣੀ ਦਾ ਮਾਡਲ ਹਨ। ਇਸ ਪੁਸਤਕ ਦੀਆਂ ਕਹਾਣੀਆਂ ਦੇ ਸੰਦਰਭ ਵਿਚ 19 ਪ੍ਰਸਿੱਧ ਵਿਦਵਾਨਾਂ ਵਲੋਂ ਚਰਚਾ ਕਰਨੀ ਤੇ ਪੁਸਤਕ ਦੇ ਰੂਪ ਵਿਚ ਇਕੱਠਾ ਕਰਨਾ, ਮਿੰਨੀ ਕਹਾਣੀ ਵਿਚ ਗੁਣਾਤਮਕ ਵਾਧਾ ਹੈ। ਉਪਰੋਕਤ ਸ਼ਬਦ ਪ੍ਰਸਿੱਧ ਆਲੋਚਕ ਸ੍ਰੀ ਨਿਰੰਜਨ ਬੋਹਾ ਨੇ ਸੂਰਜ ਦਾ ਪਰਛਾਵਾਂ 'ਤੇ ਆਧਾਰਿਤ ਨਿਬੰਧ ਪੁਸਤਕ ਦ੍ਰਿਸ਼ਟੀ, ਪਾਸਾਰ ਤੇ ਸੰਵਾਦ ਦੇ ਲੋਕ ਅਰਪਨ ਸਮਾਗਮ ਦੌਰਾਨ ਕਰੇ।
ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਸ਼ਿਆਮ ਸੁੰਦਰ ਦੀਪਤੀ, ਹਰਭਜਨ ਖੇਮਰਨੀ, ਬਿਕਰਮਜੀਤ ਨੂਰ, ਡਾ. ਭਵਾਨੀ ਸ਼ੰਕਰ ਗਰਗ, ਰਜਿੰਦਰ ਭਦੌੜ, ਜਗਦੀਸ਼ ਰਾਏ ਕੁਲਰੀਆਂ ਤੇ ਸੁਰਿੰਦਰ ਕੈਲੇ ਸ਼ਾਮਲ ਹੋਏ।
ਪੁਸਤਕ ਤੇ ਚਰਚਾ ਕਰਦਿਆਂ ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਡਾ. ਅਰਵਿੰਦਰ ਕੌਰ ਕਾਕੜਾ ਵਲੋਂ ਸੰਪਾਦਿਤ ਪੁਸਤਕ 'ਦ੍ਰਿਸ਼ਟੀ, ਪਾਸਾਰ ਤੇ ਸੰਵਾਦ' ਜੋ ਸੁਰਿੰਦਰ ਕੈਲੇ ਦੀ ਮਿੰਨੀ ਕਹਾਣੀਆਂ ਦੀ ਪੁਸਤਕ 'ਸੂਰਜ ਦਾ ਪਰਛਾਵਾਂ' ਦੇ ਸੰਦਰਭ ਵਿਚ ਹੈ ਅਤੇ ਵੱਖ ਵੱਖ ਵਿਦਵਾਨਾਂ ਵਲੋਂ ਲਿਖੇ ਨਿਬੰਧ ਲੇਖਕਾਂ ਲਈ ਵਿਧਾ ਨੂੰ ਸਮਝਣ ਵਿਚ ਬਹੁਤ ਸਹਾਈ ਹੋਣਗੇ।
ਡਾ. ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਇਸ ਪੁਸਤਕ ਵਿਚਲੇ ਗੰਭੀਰ, ਚਰਚਿਤ ਤੇ ਖੋਜ ਵਿਦਵਾਨਾਂ ਦੀ ਪੜਚੋਲ ਨੂੰ ਧਿਆਨ ਨਾਲ ਪੜ੍ਹਕੇ ਕੀਤੀ ਕਹਾਣੀ ਸਿਰਜਣਾ ਨਿਸ਼ਚੇ ਹੀ ਵਧੀਆ ਰਚਨਾਤਮਕ ਕਥਾਵਾਂ ਦਾ ਰੂਪ ਲੈ ਸਕਦੀ ਹੈ। ਮੈਂ ਮਿੰਨੀ ਕਹਾਣੀ ਦੀ ਇਸ ਨਿਵੇਕਲੀ ਪੁਸਤਕ ਦਾ ਸਵਾਗਤ ਕਰਦਾ ਹਾਂ।
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਮੁਖੀ ਰਜਿੰਦਰ ਭਦੌੜ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਸ੍ਰੀ ਸੁਰਿੰਦਰ ਕੈਲੇ ਤੇ ਡਾ. ਅਰਵਿੰਦਰ ਕੌਰ ਕਾਕੜਾ ਨੂੰ ਵਧਾਈ ਦਿੰਦਿਆਂ ਪਾਠਕਾਂ ਨੂੰ ਪੁਸਤਕ ਤੋਂ ਲਾਭ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੰਪਾਦਕ ਡਾ. ਅਰਵਿੰਦਰ ਕੌਰ ਕਾਕੜਾ ਨੇ ਵੱਖਰਾ ਤੇ ਅਮੁੱਲਾ ਕੰਮ ਕਰਕੇ ਮਿੰਨੀ ਕਹਾਣੀ ਰਚਨਾਕਾਰਾਂ ਉਪਰ ਕਰਜ਼ ਚਾੜ ਦਿੱਤਾ ਹੈ। ਹੁਣ ਲੇਖਕਾਂ ਦਾ ਫ਼ਰਜ਼ ਹੈ ਕਿ ਇਸ ਪੁਸਤਕ ਦੇ ਨਿਬੰਧਾਂ ਤੋਂ ਸੇਧ ਲੈ ਕੇ ਮਿੰਨੀ ਕਹਾਣੀ ਵਿਚ ਹੋਰ ਨਿਖਾਰ ਲਿਆ ਕੇ ਇਸ ਕਰਜ਼ ਨੂੰ ਉਤਾਰਨ ਦਾ ਯਤਨ ਕਰਨ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾਂ ਸੁਖਦਰਸ਼ਨ ਗਰਗ, ਦਵਿੰਦਰ ਪਟਿਆਲਵੀ, ਸੁਖਦੇਵ ਸਿੰਘ ਔਲਖ, ਜਸਵੀਰ ਢੰਡ, ਦਰਸ਼ਨ ਸਿੰਘ ਬਰੇਟਾ, ਅਮਰਜੀਤ ਕੌਰ ਹਰੜ, ਸੁਰਿੰਦਰ ਦੀਪ, ਰਾਜਦੇਵ ਕੌਰ ਸਿੱਧੂ, ਸਾਧੂ ਰਾਮ ਰਾਮ ਲੰਗੇਆਣਾ, ਸੀਮਾ ਵਰਮਾ, ਸਤਿਪਾਲ ਖੁੱਲਰ, ਬੀਰਇੰਦਰ ਭਨਹੌਰੀ, ਅਮਰਜੀਤ ਸਿੰਘ ਪੇਂਟਰ ਤੇ ਗੁਰਮੀਤ ਸਿੰਘ ਮਰਾੜ ਹਾਜ਼ਰ ਸਨ।
(ਸੁਰਿੰਦਰ ਕੈਲੇ)