ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਚੇਅਰ ਵੱਲੋਂ ਸਿੱਖ ਚਿੰਤਕ ਡਾ. ਨਿਰਭੈ ਸਿੰਘ ਦੀ ਨਵੀਂ ਪੁਸਤਕ ਦੇ ਲੋਕ ਅਰਪਣ ਸੰਬੰਧੀ ਸਮਾਗਮ ਕਰਵਾਇਆ
ਪਟਿਆਲਾ, 26 ਅਕਤੂਬਰ 2023 - ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਖੇ ਸਥਾਪਿਤ ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਚੇਅਰ ਵੱਲੋਂ ਸਿੱਖ ਚਿੰਤਕ ਡਾ. ਨਿਰਭੈ ਸਿੰਘ ਦੀ ਨਵੀਂ ਪੁਸਤਕ ਦੇ ਲੋਕ ਅਰਪਣ ਸੰਬੰਧੀ ਸਮਾਗਮ ਕਰਵਾਇਆ ਗਿਆ। ਮਾਲਵਾ ਆਰਟਸ ਸਪੋਰਟਸ ਕਲਚਰ ਐਂਡ ਐਜੂਕੇਸ਼ਨ ਟਰਸਟ (ਮਸਕਟ) ਦੇ ਸਹਿਯੋਗ ਨਾਲ਼ ਕਰਵਾਏ ਇਸ ਸਮਾਗਮ ਵਿੱਚ ਆਪਣੀ ਪੁਸਤਕ ‘ਰਿਐਲਟੀ ਐਂਡ ਇਟਸ ਮੈਨੀਫੈਸਟੇਸ਼ਨਜ਼ : ਸਿੱਖ ਫਿ਼ਲਸੌਫ਼ੀਕਲ ਵਿਜ਼ਨ’ ਦੇ ਹਵਾਲੇ ਨਾਲ਼ ਗੱਲ ਕਰਦਿਆਂ ਡਾ. ਨਿਰਭੈ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਇਸ ਪੁਸਤਕ ਵਿੱਚ ਸਿੱਖ ਦਰਸ਼ਨ ਬਾਰੇ ਗੱਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਪੱਛਮੀ ਦਰਸ਼ਨ ਦਾ ਵਧੇਰੇ ਬੋਲਬਾਲਾ ਹੈ ਤਾਂ ਸਿੱਖ ਦਰਸ਼ਨ ਦੀਆਂ ਵੱਖ-ਵੱਖ ਪਰਤਾਂ ਬਾਰੇ ਗੱਲ ਕਰਨੀ ਹੋਰ ਵੀ ਜ਼ਰੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਡਾ ਇਹ ਦੁਖਾਂਤ ਰਿਹਾ ਹੈ ਕਿ ਸਿੱਖ ਦਰਸ਼ਨ ਨੂੰ ਪਹਿਲਾਂ ਮੁਗਲਾਂ ਨੇ ਅਤੇ ਫਿਰ ਅੰਗਰੇਜ਼ਾਂ ਨੇ ਵਧੇਰੇ ਪ੍ਰਫੁੱਲਿਤ ਨਹੀਂ ਹੋਣ ਦਿੱਤਾ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਬੋਲਦਿਆਂ ਉਨ੍ਹਾਂ ਨੂੰ ਪੁਸਤਕ ਬਾਰੇ ਵਧਾਈ ਦਿੱਤੀ। ਉਨ੍ਹਾਂ ਆਪਣੀ ਵਿਸ਼ੇਸ਼ ਟਿੱਪਣੀ ਵਿੱਚ ਕਿਹਾ ਕਿ ਸਿੱਖ ਜੀਵਨ ਜਾਚ ਜਾਂ ਸਿੱਖ ਦਰਸ਼ਨ ਨੂੰ ਸ਼ਬਦ, ਸੁਰਤ ਅਤੇ ਕਿਰਤ ਤੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਉਨ੍ਹਾਂ ਕਿਹਾ ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਤਿੰਨਾਂ ਸੰਕਲਪਾਂ ਨੂੰ ਆਪਣੇ ਅਮਲ ਵਿੱਚ ਲਿਆਂਦਾ ਸੀ। ਸਾਨੂੰ ਉਨ੍ਹਾਂ ਤੋਂ ਸੇਧ ਲੈਣੀ ਬਣਦੀ ਹੈ।
ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਹਰਕੇਸ਼ ਸਿੰਘ ਸਿੱਧੂ, ਸਾਬਕਾ ਆਈ.ਏ.ਐੱਸ. ਨੇ ਆਪਣੇ ਭਾਸ਼ਣ ਵਿੱਚ ਪੁਸਤਕ ਦੇ ਨਾਲ਼-ਨਾਲ਼ ਡਾ. ਨਿਰਭੈ ਸਿੰਘ ਦੀ ਸ਼ਖ਼ਸੀਅਤ ਬਾਰੇ ਵੀ ਚਾਨਣਾ ਪਾਇਆ। ਪ੍ਰੋ. ਪਰਮਵੀਰ ਸਿੰਘ ਵੱਲੋਂ ਵੀ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਵਿਭਾਗ ਮੁਖੀ ਡਾ. ਗੁਰਮੇਲ ਸਿੰਘ ਨੇ ਪੁਸਤਕ ਬਾਰੇ ਬੁਨਿਆਦੀ ਜਾਣ ਪਛਾਣ ਕਰਵਾਉਂਦਿਆਂ ਇਸ ਨੂੰ ਸਿੱਖ ਦਰਸ਼ਨ ਦੀ ਥਾਹ ਪਾਉਣ ਵਾਲਾ ਇੱਕ ਚੰਗਾ ਦਸਤਾਵੇਜ਼ ਕਰਾਰ ਦਿੱਤਾ।
ਪ੍ਰੋ. ਗੁਰਮੀਤ ਸਿੰਘ ਸਿੱਧੂ ਵੱਲੋਂ ਇਸ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਸਿੱਖ ਸਿਧਾਂਤ, ਦਰਸ਼ਨ ਅਤੇ ਜੀਵਨ ਜਾਚ ਦੇ ਹਵਾਲੇ ਨਾਲ਼ ਅਹਿਮ ਟਿੱਪਣੀਆਂ ਕੀਤੀਆਂ।