ਜਸਬੀਰ ਭੁੱਲਰ ਦੀ ਪੁਸਤਕ "ਖਿੱਦੋ" ਦਾ ਪ੍ਰਤੀਕਰਮ
ਗੁਰਭਜਨ ਗਿੱਲ
ਲੁਧਿਆਣਾ, 17 ਜੁਲਾਈ 2021 - "ਖਿੱਦੋ" ਜਸਬੀਰ ਭੁੱਲਰ ਦੀ ਅਜਿਹੀ ਪ੍ਰਕਾਸ਼ਿਤ ਪੁਸਤਕ ਹੈ ਜਿਸ ਦੇ ਆਰੰਭਲੇ ਪੰਨੇ 'ਤੇ ਚੇਪੀ ਲਾ ਕੇ ਗੁਰਬਚਨ ਸਿੰਘ ਭੁੱਲਰ ਦੀ ਟਿੱਪਣੀ ਵੀ ਹੈ। ਵਾਸਤਵ ਵਿੱਚ ਇਹ ਪੁਸਤਕ ਨਾ ਨਾਵਲ ਹੈ ਤੇ ਨਾ ਹੀ ਸਾਹਿਤਕ ਰਚਨਾ ਹੈ ਸਗੋਂ ਸਾਹਿਤ ਦੇ ਨਾਂ ਤੇ ਇੱਕ ਪ੍ਰੋੜ੍ਹ ਗਲਪਕਾਰ ਦੀ ਅਜਿਹੀ ਰਚਨਾ ਹੈ ਜੋ ਹਰ ਸੁਹਿਰਦ ਸਾਹਿਤਕਾਰ ਨੂੰ ਸ਼ਰਮਸਾਰ ਕਰਦੀ ਹੈ। ਵਾਸਤਵ ਵਿਚ ਸਾਹਿਤ ਦੇ ਨਾਂ ਤੇ ਧੱਬਾ ਹੈ।
ਨਿਰਸੰਦੇਹ ਇਸ ਪੁਸਤਕ ਵਿਚਲੇ ਤੱਥ, ਸਾਜ਼ਿਸ਼ਾਂ, ਜੋੜ ਤੋੜ ਦੀ ਰਾਜਨੀਤੀ ਅਤੇ ਅਕਾਦਮਿਕ ਖੇਤਰ ਵਿੱਚ ਪ੍ਰਾਪਤੀਆਂ ਤੇ ਨੌਕਰੀਆਂ ਪ੍ਰਾਪਤ ਕਰਨ ਦੀਆਂ ਕੋਝੀਆਂ ਹਰਕਤਾਂ ਤੇ ਇਸ ਦੇ ਪ੍ਰਮਾਣ ਸਰੂਪ ਸਮੁੱਚੀ ਨਾਰੀ ਜਾਤੀ ਨੂੰ, ਸਾਹਿਤਕ ਤੇ ਅਕਾਦਮਿਕ ਖੇਤਰਾਂ ਵਿਚ ਉਸ ਦੀਆਂ ਪ੍ਰਾਪਤੀਆਂ ਨੂੰ ਕੋਝੇ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ ਹੈ, ਜੋ ਕਿ ਸ਼ਰਮਸਾਰ ਕਰਦੀ ਹੈ।
ਮੈਂ ਆਪਣੇ ਮਨੋਭਾਵਾਂ ਦਾ ਪ੍ਰਗਟਾਵਾ ਇਸ ਕਰਕੇ ਕਰ ਰਿਹਾਂ ਹਾਂ ਕਿਉਂਕਿ ਇਸ ਕਿਤਾਬ ਨੂੰ ਪੜ੍ਹ ਕੇ ਮਨ ਉਦਾਸ ਹੀ ਨਹੀਂ ਹੋਇਆ ਸਗੋਂ ਲਿਖਣ ਵਾਲੇ ਤੇ ਇਸ ਦੀ ਪ੍ਰੋੜ੍ਹਤਾ ਕਰਨ ਵਾਲੇ ਪ੍ਰਤੀ ਕ੍ਰੋਧਿਤ ਵੀ ਹੋਇਆ ਹੈ।
ਸਾਹਿਤ ਤੇ ਅਕਾਦਮਿਕ ਖੇਤਰ ਦੀ ਇਸ ਸਮੁੱਚਤਾ ਦਾ ਮੈਂ ਵੀ ਹਿੱਸੇਦਾਰ ਰਿਹਾ ਹਾਂ ਤੇ ਬਤੌਰ ਮੈਂਬਰ ਮੈਂ ਜਿੱਥੇ ਕਿਤੇ ਵੀ ਮੌਜੂਦ ਸੀ, ਇਸ ਵਰਤਾਰੇ ਤੋਂ ਨਿਰਲੇਪ ਹੀ ਨਹੀਂ ਰਿਹਾ ਸਗੋਂ ਡਟ ਕੇ ਵਿਰੋਧ ਵੀ ਕੀਤਾ। ਇਸ ਦਾ ਵਰਨਣ ਇਸ ਪੁਸਤਕ ਵਿਚ ਵੀ ਹੈ। ਸ਼ਾਇਦ ਇਸ ਲਈ ਹੀ ਮੈਂ ਪੰਜਾਬੀ ਸਾਹਿਤ ਦੇ ਖੇਤਰ ਦਾ ਇੱਕੋ ਇੱਕ ਵਾਈਸ ਚਾਂਸਲਰ ਹੋਣ ਦੇ ਬਾਵਜੂਦ ਵੀ ਬਹੁਤਾ ਇਨਾਮਾਂ ਵਾਲੀ ਜਾਂ ਪੀ. ਐੱਚ.ਡੀ. ਦੀ ਡਿਗਰੀ ਦੀ ਪ੍ਰਕਿਿਰਆ ਦਾ ਹਿੱਸਾ ਨਹੀਂ ਬਣ ਸਕਿਆ ਜਾਂ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਮੇਰੀ ਪ੍ਰਤੀਬੱਧਤਾ ਨੂੰ ਸਾਹਮਣੇ ਰੱਖਦੇ ਹੋਏ ਮੈਨੂੰ ਕਦੇ ਵੀ ਇਨ੍ਹਾਂ ਲੋਕਾਂ ਨੇ ਸਵੀਕਾਰ ਨਹੀਂ ਕੀਤਾ।
ਪਰ ਇਸ ਗੱਲ ਦੇ ਬਾਵਜੂਦ ਕਿ ਮੈਂ ਇਨ੍ਹਾਂ ਵਿਅਕਤੀਆਂ ਦੁਆਰਾ ਜਿਨ੍ਹਾਂ ਦਾ ਇਸ ਕਿਤਾਬ ਵਿੱਚ ਵਰਣਨ ਹੈ, ਦੁਆਰਾ ਹਮੇਸ਼ਾ ਹੀ ਹਰ ਪ੍ਰਕਾਰ ਦੀ ਗਤੀਵਿਧੀ ਤੋਂ ਦੂਰ ਹੀ ਰੱਖਿਆ ਜਾਂਦਾ ਰਿਹਾ ਹਾਂ, ਜਿਸ ਦਾ ਮੈਨੂੰ ਕੋਈ ਅਫ਼ਸੋਸ ਨਹੀਂ। ਪਰ "ਖਿੱਦੋ" ਪੁਸਤਕ ਦੀ ਪ੍ਰਕਾਸ਼ਨਾ ਨੂੰ ਮੈਂ ਫਿਰ ਵੀ ਸਵੀਕਾਰ ਨਹੀਂ ਕਰ ਸਕਦਾ। ਇਹ ਸਾਹਿਤ ਦੇ ਨਾਂ ਤੇ ਇਕ ਵਖਰੀ ਤਰ੍ਹਾਂ ਦਾ ਧੰਦਾ ਹੈ, ਜੋ ਨਹੀਂ ਚਾਹੀਦਾ।
ਇਸ ਲਈ ਮੇਰਾ ਜਸਬੀਰ ਭੁੱਲਰ ਤੇ ਗੁਰਬਚਨ ਭੁੱਲਰ ਨੂੰ ਸੁਝਾਅ ਹੈ ਕਿ ਉਨ੍ਹਾਂ ਨੂੰ ਜੇ ਇਸ ਵਰਤਾਰੇ ਵਿੱਚ ਗੰਦ ਨਜ਼ਰ ਆਉਂਦਾ ਹੈ ਤਾਂ ਇਸ ਗੰਦ ਦੇ ਭਾਗੀ ਨਾ ਬਣੋ। ਪਰ ਗੰਦ ਉਛਾਲਣਾ ਵੀ ਇੱਕ ਸੁਹਿਰਦ ਵਿਅਕਤੀ ਦਾ ਕਿਰਦਾਰ ਨਹੀਂ ਹੁੰਦਾ ਇਸ ਕਿਤਾਬ ਵਿਚ ਜਿਸ ਹੇਠਲੇ ਪੱਧਰ ਤੇ 'ਆਖ ਦਮੋਦਰ ਅੱਖੀਂ ਡਿਠਾ' ਵਾਂਗ ਵਰਣਨ ਕੀਤਾ ਗਿਆ ਹੈ, ਉਹ ਜਿੱਥੇ ਸਾਹਿਤਕਾਰਾਂ ਦੀ ਨਿਰਾਦਰੀ ਹੈ ਉਥੇ ਕਿਰਦਾਰਕੁਸ਼ੀ ਦੇ ਹੇਠਲੇ ਪੱਧਰ ਦਾ ਪ੍ਰਗਟਾਵਾ ਵੀ ਹੈ। ਜੋ ਕੁਝ ਗਲਤ ਵਰਤ ਰਿਹਾ ਹੈ, ਉਸ ਨੂੰ ਸੁਧਾਰਨ ਦੇ ਹੋਰ ਬਥੇਰੇ ਹਥਿਆਰ ਹਨ, ਉਹ ਵਰਤਣੇ ਉਚਿਤ ਹਨ।
ਮੈਂ "ਖਿੱਦੋ" ਕਿਤਾਬ ਪੜ੍ਹਨ ਉਪਰੰਤ ਜਿੱਥੇ ਇਸ ਵਿੱਚ ਆਏ ਵਿਅਕਤੀਆਂ ਦੇ ਕਿਰਦਾਰ ਪ੍ਰਤੀ ਉਦਾਸ ਹਾਂ, ਉੱਥੇ ਭੁੱਲਰ ਜੋੜੇ ਦੇ ਕਿਰਦਾਰ ਪ੍ਰਤੀ ਅਤਿਅੰਤ ਦੁਖੀ ਹਾਂ। ਇਹ ਮੈਂ ਇਸ ਲਈ ਸਪਸ਼ਟ ਤੌਰ 'ਤੇ ਲਿਖ ਰਿਹਾ ਹਾਂ ਕਿ ਇਸ ਪੁਸਤਕ ਵਿਚ ਵੀ ਮੇਰੇ ਕਿਰਦਾਰ ਦੇ ਸਾਕਾਰਾਤਮਕ ਰਵਈਏ ਦਾ ਵਰਨਣ ਕੀਤਾ ਗਿਆ ਹੈ।
ਇਹ ਸਤਰਾਂ ਲਿਖਣੀਆਂ ਮੇਰੇ ਸੁਭਾਅ ਦਾ ਹਿੱਸਾ ਨਹੀਂ ਪਰ ਭਵਿੱਖ ਵਿੱਚ ਇਸ ਵਰਤਾਰੇ ਨੂੰ ਰੋਕਣ ਲਈ ਇਕ ਨਿਮਾਣਾ ਜਿਹਾ ਯਤਨ ਜ਼ਰੂਰੀ ਹੈ।