ਸਕੇਪ ਸਾਹਿਤਕ ਸੰਸਥਾ ਵਲੋਂ ਤੇਜ਼ੀ ਨਾਲ਼ ਵੱਧ ਰਹੇ ਸਾਈਬਰ ਅਪਰਾਧ
ਫਗਵਾੜਾ, 18 ਸਤੰਬਰ 2024 - ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਤੇਜ਼ੀ ਨਾਲ਼ ਵੱਧ ਰਹੇ ਸਾਈਬਰ ਅਪਰਾਧ/ਠੱਗੀ-ਠੋਰੀ ਵਿਸ਼ੇ ਉੱਤੇ ਸੰਸਥਾ ਦੇ ਮੈਂਬਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਪਰਵਿੰਦਰ ਜੀਤ ਸਿੰਘ ਨੇ ਸਾਈਬਰ ਕ੍ਰਾਈਮ ਵਿਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਈਬਰ ਅਪਰਾਧਾਂ ਦੇ ਮਾਮਲੇ ਦਿਨ-ਬ-ਦਿਨ ਵੱਧ ਰਹੇ ਹਨ। ਨੈੱਟ ਬੈਂਕਿੰਗ, ਡਿਜ਼ੀਟਲ ਬੈਂਕਿੰਗ, ਲਾਟਰੀ, ਲੋਨ, ਗਿਫ਼ਟ ਦਾ ਲਾਲਚ ਦੇਣ ਵਾਲੇ ਐੱਸ.ਐੱਮ.ਐੱਸ., ਈ-ਮੇਲ, ਜਾਅਲੀ ਸਾਈਟਸ ਵਿਜ਼ਿਟ ਕਰਨ, ਗ਼ੈਰ ਭਰੋਸੇਯੋਗ ਸਾਈਟਸ ਜਾਂ ਐਪਸ ਤੋਂ ਆਨਲਾਈਨ ਖਰੀਦਦਾਰੀ ਕਰਨ, ਅਪਰਾਧਿਕ ਵਿਅਕਤੀਆਂ ਵੱਲੋਂ ਤਿਆਰ ਐਪਸ ਡਾਊਨਲੋਡ ਕਰਨ,ਅਣਜਾਣ ਵਿਅਕਤੀਆਂ ਦੀਆਂ ਕਾਲਜ਼ ਦੇ ਝਾਂਸੇ ਵਿੱਚ ਆਉਣ ਕਾਰਨ ਸਾਈਬਰ ਕ੍ਰਾਈਮ ਆਦਿ ਨਾਲ਼ ਸੰਬੰਧਤ ਘਟਨਾਵਾਂ ਵਾਪਰ ਰਹੀਆਂ ਹਨ।
ਉਹਨਾਂ ਦੱਸਿਆ ਕਿ ਇੱਕ ਵਾਰ ਸਾਈਬਰ ਧੋਖਾਧੜ੍ਹੀ ਹੋਣ ਤੋਂ ਬਾਅਦ ਹੋਏ ਆਰਥਿਕ ਨੁਕਸਾਨ ਦੀ ਪੂਰਤੀ ਮੁਸ਼ਕਲ ਹੈ ।ਇਸ ਲਈ ਇਹਨਾਂ ਠੱਗੀਆਂ ਤੋਂ ਸੁਚੇਤ ਰਹਿ ਕੇ ਵਧ ਤੋ ਵਧ ਆਪਣਾ ਬਚਾਅ ਕਰਨ ਦੀ ਲੋੜ ਹੈ। ਸਾਈਬਰ ਅਪਰਾਧ ਤੋਂ ਬਚਣ ਲਈ ਸਾਨੂੰ ਫੋਨ ਐਪਸ ਕੇਵਲ ਗੂਗਲ ਪਲੇ ਸਟੋਰ ਤੋਂ ਹੀ ਡਾਊਨਲੋਡ ਕਰਨੀਆਂ ਚਾਹੀਦੀਆਂ ਹਨ ਅਤੇ ਜੇਕਰ ਕੋਈ ਐਪ ਡਾਊਨਲੋਡ ਕਰਨੀ ਵੀ ਪੈਂਦੀ ਹੈ ਤਾਂ ਉਸ ਐਪ ਦੀਆਂ ਸ਼ਰਤਾਂ ਅਤੇ ਪਰਮੀਸ਼ਨਜ਼ ਪੜ੍ਹ ਕੇ ਹੀ ਡਾਊਨਲੋਡ ਕਰਨਾ ਚਾਹੀਦਾ ਹੈ ਅਤੇ ਬਿਨਾਂ ਸੋਚੇ ਸਮਝੇ ਸਾਰੀਆਂ ਪਰਮਿਸ਼ਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਅਣਜਾਣ ਫੋਨ ਕਾਲ ਤੋਂ ਬਚਣਾ ਚਾਹੀਦਾ ਹੈ ਅਤੇ ਕਿਸੇ ਅਣਜਾਣ ਵਿਅਕਤੀ ਜੋ ਆਪਣੇ ਆਪ ਨੂੰ ਬੈਂਕ, ਮੋਬਾਈਲ ਕੰਪਨੀ ਜਾਂ ਹੋਰ ਕੋਈ ਸਰਕਾਰੀ ਕਰਮਚਾਰੀ ਦੱਸੇ ,ਨੂੰ ਫੋਨ ‘ਤੇ ਆਪਣੀ ਨਿੱਜੀ ਜਾਣਕਾਰੀ ਨਹੀਂ ਦੇਣੀ ਚਾਹੀਦੀ।
ਸਾਨੂੰ ਆਪਣਾ ਅਧਾਰ ਵੀ ਜ਼ਰੂਰ ਅਪਡੇਟ ਕਰਵਾਉਣਾ ਚਾਹੀਦਾ ਹੈ। ਆਪਣੇ ਕੰਪਿਊਟਰ ਜਾਂ ਫੋਨ ‘ਤੇ ਕੇਵਲ ਭਰੋਸੇਯੋਗ ਵੈੱਬਸਾਈਟਸ ਹੀ ਖੋਲ੍ਹਣੀਆਂ ਚਾਹੀਦੀਆਂ ਹਨ ਅਤੇ ਕੇਵਲ ਉਹ ਸਾਈਟ ਹੀ ਖੋਲਣੀ ਚਾਹੀਦੀ ਹੈ ਜਿਸ ਤੇ http ਦੇ ਨਾਲ਼ ਐੱਸ (s) ਭਾਵ https ਹੋਵੇ। ਜਾਅਲੀ ਸੌਸ਼ਲ ਮੀਡੀਆ ਦੇ ਪੇਜ਼ਾਂ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਆਪਣੇ ਫੋਨ ਜਾਂ ਕੰਪਿਊਟਰ ‘ਤੇ ਐਂਟੀਵਾਇਰਸ ਜ਼ਰੂਰ ਡਾਊਨਲੋਡ ਕਰ ਲੈਣਾ ਚਾਹੀਦਾ ਹੈ ਅਤੇ ਆਨਲਾਈਨ ਸ਼ਾਪਿੰਗ ਨੂੰ ਨਜ਼ਰਅੰਦਾਜ਼ ਹੀ ਕਰਨਾ ਚਾਹੀਦਾ ਹੈ,ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਭਰੋਸੇਯੋਗ ਬ੍ਰਾਂਡਡ ਸੁਰੱਖਿਅਤ ਸਾਈਟਸ ਜਾਂ ਐਪਸ ਤੋਂ ਹੀ ਆਨਲਾਈਨ ਖਰੀਦਦਾਰੀ ਕਰਨੀ ਚਾਹੀਦੀ ਹੈ। ਫੇਸਬੁਕ ਜਾਂ ਹੋਰ ਸੋਸ਼ਲ ਮੀਡੀਆ ‘ਤੇ ਪ੍ਰਾਈਵੇਸੀ ਸੈਟਿੰਗ ਜ਼ਰੂਰ ਲਗਾਉਣੀ ਚਾਹੀਦੀ ਹੈ ਅਤੇ ਫੋਨ ਵਿੱਚ ਟਰੂਕਾਲਰ ਐਪ ਅਗਿਆਤ ਵਿਅਕਤੀ ਦੀ ਪਹਿਚਾਣ ਵਿੱਚ ਸਹਾਈ ਹੋ ਸਕਦੀ ਹੈ।
ਉਹਨਾਂ ਅੱਗੇ ਕਿਹਾ ਕਿ ਸਾਈਬਰ ਅਪਰਾਧ ਹੋਣ ‘ਤੇ ਪਹਿਲ ਦੇ ਅਧਾਰ ਉੱਤੇ ਬੈਂਕ ਨੂੰ ਸੂਚਿਤ ਕਰਨਾ ਚਾਹੀਦਾ ਹੈ ਅਤੇ ਆਨਲਾਈਨ ਹੇਲਪਲਾਈਨ ਨੰਬਰ 1930 ‘ਤੇ ਐੱਫ .ਆਈ.ਆਰ. ਜ਼ਰੂਰ ਰਜਿਸਟਰ ਕਰਵਾ ਲੈਣੀ ਚਾਹੀਦੀ ਹੈ। ਸਾਈਬਰ ਕ੍ਰਾਈਮ ਦੇ ਮਾਮਲੇ ਵਿੱਚ ਕਨੂੰਨਾਂ ਨੂੰ ਹੋਰ ਸਖ਼ਤ ਕਰਨ ਦੀ ਬਹੁਤ ਲੋੜ ਹੈ। ਵਧੇਰੀ ਜਾਣਕਾਰੀ ਵਿੱਚ ਹੀ ਬਚਾਓ ਸਮਝਦਿਆਂ ਸਾਨੂੰ ਇਹਨਾਂ ਸਾਵਧਾਨੀਆਂ ਨੂੰ ਵਰਤ ਕੇ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਤੋਂ ਆਪਣਾ ਬਚਾਅ ਕਰਨਾ ਚਾਹੀਦਾ ਹੈ। ਪ੍ਰਿੰ. ਗੁਰਮੀਤ ਸਿੰਘ ਪਲਾਹੀ ਜੀ ਨੇ ਇਹ ਵਡਮੁੱਲੀ ਜਾਣਕਾਰੀ ਦੇਣ ਲਈ ਪਰਵਿੰਦਰਜੀਤ ਸਿੰਘ ਜੀ ਦਾ ਧੰਨਵਾਦ ਕੀਤਾ।ਇਸ ਮੌਕੇ ਐਡਵੋਕੇਟ ਐੱਸ.ਐੱਲ.ਵਿਰਦੀ,ਸ੍ਰੀਮਤੀ ਬੰਸੋ ਦੇਵੀ,ਜਸਵਿੰਦਰ ਫਗਵਾੜਾ,ਬਲਵੀਰ ਸਿੰਘ (ਰਿਟਾ. ਐੱਸ.ਡੀ.ਓ.), ਹਰਜਿੰਦਰ ਸਿੰਘ, ਜਸਵਿੰਦਰ ਸਿੰਘ, ਸੁਖਦੇਵ ਸਿੰਘ, ਮੋਨਿਕਾ ਬੇਦੀ, ਕਮਲੇਸ਼ ਸੰਧੂ, ਮਨਦੀਪ ਸਿੰਘ,ਗੁਰਨਾਮ ਬਾਵਾ ਹਾਜ਼ਰ ਸਨ।