ਦਸੂਹਾ, 26 ਦਸੰਬਰ, 2016 : ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜਿ:) ਦਸੂਹਾ ਦੀ ਦਸੰਬਰ 2016 ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਇਸ ਵਿੱਚ ਸਾਲ 2016 ਦਾ ਸਾਹਿਤ ਅਕਾਡਮੀ ਅਵਾਰਡ ਡਾ. ਸਵਰਾਜਵੀਰ ਨੂੰ ਉਸਦੇ ਨਾਟਕ “ਮੱਸਿਆ ਦੀ ਰਾਤ” ਲਈ ਮਿਲਣ ਤੇ ਉਸਨੂੰ ਵਧਾਈ ਦੇਂਦਿਆਂ ਹਾਜ਼ਰ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇਸ ਗੱਲ ਤੇ ਭਰਪੂਰ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਨਾਟਕ ਸਿਨਫ਼ ਨੂੰ ਮਿਲੇ ਪਹਿਲੇ ਪੰਜ ਅਵਾਰਡਾਂ ਵਾਂਗ ਡਾ. ਸਵਰਾਜਵੀਰ ਨੂੰ ਮਿਲਿਆ ਅਵਾਰਡ ਵੀ ਹਰ ਤਰ੍ਹਾਂ ਦੇ ਕਿੰਤੂ-ਪ੍ਰੰਤੂ ਤੋਂ ਨਿਰਲੇਪ ਹੈ । ਇਸ ਉਪਰੰਤ ਸਰਵੰਗੀ ਲੇਖਕਾ ਪ੍ਰਭਜੋਤ ਕੌਰ,ਗਜ਼ਲਕਾਰ ਪੈਦਲ ਧਿਆਨਪੁਰੀ ਅਤੇ ਚਿੱਤਰਕਾਰ ਸੁਖਵੰਤ ਦੇ ਅਕਾਲ ਚਲਾਣਿਆਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਸਾਰੇ ਹਾਜ਼ਿਰ ਮੈਬਰਾਂ ਨੇ ਸਰਵਸੰਮਤੀ ਨਾਲ ਇਹ ਫੈਸਲਾ ਲਿਆ ਕਿ ਸਭਾ ਦਾ ਆਪਣਾ ਸਲਾਨਾ ਸਮਾਗਮ ਫਰਬਰੀ 2017 ਹੋਵੇਗਾ ,ਜਿਸ ਵਿੱਚ ਸਮਕਾਲ ਦੀ ਪੰਜਾਬੀ ਲੇਖਣੀ ਦੀ ਚਿੰਤਨੀ ਸੁਰ ਵਿੱਚ ਮਹਿਸੂਸ ਹੁੰਦੀ ਖੜੋਤ ਵਰਗੀ ਸਥਿਤੀ ਉੱਤੇ ਵਿਚਾਰ-ਚਰਚਾ ਕਰਵਾਉਣ ਨੂੰ ਪ੍ਰਵਾਨਗੀ ਦਿੱਤੀ ਗਈ । ਅੰਤ ਵਿੱਚ ਹਾਜ਼ਿਰ ਮੈਂਬਰਾਂ ਮਾਸਟਰ ਕਰਨੈਲ ਸਿੰਘ,ਪ੍ਰੋ ਬਲਦੇਵ ਬੱਲੀ, ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ,ਇੰਦਰਜੀਤ ਕਾਜਲ, ਸੁਰਿੰਦਰ ਸਿੰਘ ਨੇਕੀ, ਜਸਵੀਰ ਸਿੰਘ ਤੇ ਹੋਰਨਾਂ ਨੇ ਆਪਣੀਆਂ ਆਪਣੀਆਂ ਨਵੀਆਂ ਰਚਨਾਵਾਂ ਸੁਣਾਈਆਂ ।