ਪੀ.ਏ.ਯੂ. ਵਿਚ ਨੌਜਵਾਨਾਂ ਦੀ ਮਾਨਸਿਕ ਸਿਹਤ ਬਾਰੇ ਕਿਤਾਬ ਜਾਰੀ ਹੋਈ
ਲੁਧਿਆਣਾ 13 ਅਗਸਤ
ਬੀਤੇ ਦਿਨ ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਕੌਮਾਂਤਰੀ ਯੁਵਕ ਦਿਹਾੜੇ ਦੇ ਸੰਬੰਧ ਵਿਚ ਇਕ ਵਿਸ਼ੇਸ਼ ਸਮਾਰੋਹ ਸਟੂਡੈਂਟ ਹੋਮ ਵਿਚ ਕਰਵਾਇਆ ਗਿਆ| ਇਸ ਵਿਚ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਸੰਤੁਲਿਤ ਰੱਖਣ ਲਈ ਇਕ ਕਿਤਾਬ ਲੋਕ ਅਰਪਿਤ ਕੀਤੀ ਗਈ| ਸਮਾਰੋਹ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ| ਉਹਨਾਂ ਨਾਲ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਪ੍ਰਧਾਨਗੀ ਮੰਡਲ ਵਿਚ ਮੌਜੂਦ ਰਹੇ|
ਆਪਣੇ ਭਾਸ਼ਣ ਵਿਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਨੌਜਵਾਨਾਂ ਨੂੰ ਕਿਸੇ ਵੀ ਮੁਲਕ ਦੀ ਕੀਮਤੀ ਧਰੋਹਰ ਕਿਹਾ| ਉਹਨਾਂ ਕਿਹਾ ਕਿ ਅੱਜ ਦਾ ਨੌਜਵਾਨ ਇਸ ਗੱਲ ਦਾ ਪ੍ਰਮਾਣ ਹੁੰਦਾ ਹੈ ਕਿ ਉਥੋਂ ਦਾ ਭਵਿੱਖ ਕਿਹੋ ਜਿਹਾ ਹੋਣ ਵਾਲਾ ਹੈ| ਵਿਦਿਆਰਥੀ ਜੀਵਨ ਖੇਡਾਂ, ਕਲਾਵਾਂ ਅਤੇ ਸਿਰਜਣਾਤਮਕ ਗਤੀਵਿਧੀਆਂ ਨਾਲ ਜੁੜ ਕੇ ਆਪਣੇ ਆਸੇ-ਪਾਸੇ ਨੂੰ ਸੁਖਾਵਾਂ ਅਤੇ ਭਰਪੂਰ ਬਨਾਉਣ ਵਿਚ ਯੋਗਦਾਨ ਪਾਉਂਦਾ ਹੈ| ਉਹਨਾਂ ਕਿਹਾ ਕਿ ਡਿਜ਼ੀਟਲ ਯੁੱਗ ਵਿਚ ਐਸੇ ਬਹੁਤ ਸਾਰੇ ਦਬਾਅ ਹਨ ਜਿਨ•ਾਂ ਨੇ ਨੌਜਵਾਨਾਂ ਨੂੰ ਜ਼ਿੰਦਗੀ ਦੇ ਅਸਲ ਨਿਸ਼ਾਨੇ ਤੋਂ ਥਿੜਕਾਇਆ ਵੀ ਹੈ ਪਰ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਸਿਰਜਣਾਤਮਕਤਾ ਦੇ ਹਰ ਖੇਤਰ ਵਿਚ ਅਗਾਂਹਵਧੂ ਹੋ ਕੇ ਇਹ ਸਾਬਤ ਕੀਤਾ ਕਿ ਇਹ ਸੰਸਥਾ ਦੇਸ਼ ਨੂੰ ਅਤੇ ਪੰਜਾਬ ਨੂੰ ਬਿਹਤਰੀਨ ਸ਼ਹਿਰੀ ਦੇਣ ਲਈ ਤਿਆਰ ਹੈ| ਡਾ. ਗੋਸਲ ਨੇ ਯੂਨੀਵਰਸਿਟੀ ਨੂੰ ਲਗਾਤਾਰ ਦੂਸਰੀ ਵਾਰ ਮਿਲਣ ਵਾਲੀ ਸਿਖਰਲੀ ਰੈਂਕਿੰਗ ਦਾ ਜ਼ਿਕਰ ਕਰਦਿਆਂ ਇਸ ਪ੍ਰਾਪਤੀ ਵਿਚ ਵਿਦਿਆਰਥੀਆਂ ਦੇ ਯੋਗਦਾਨ ਦੀ ਵਡਿਆਈ ਕੀਤੀ| ਉਹਨਾਂ ਕਿਹਾ ਕਿ ਵਿਦਿਆਰਥੀਆਂ ਸਦਕਾ ਹੀ ਇਹ ਸੰਸਥਾ ਇਤਿਹਾਸ ਦੇ ਹਰ ਖੇਤਰ ਵਿਚ ਵੱਖਰੀ ਪਛਾਣ ਛੱਡ ਸਕਦੀ ਹੈ| ਭਵਿੱਖ ਵਿਚ ਵੀ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਲਿਜਾਣ ਲਈ ਪੀ.ਏ.ਯੂ. ਦੀ ਵਚਨਬੱਧਤਾ ਨੂੰ ਡਾ. ਗੋਸਲ ਨੇ ਦੁਹਰਾਇਆ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਸ ਵਾਰ ਸੁਤੰਤਰਤਾ ਦਿਵਸ ਦੀ ਰਾਸ਼ਟਰੀ ਪਰੇਡ ਵਿਚ ਯੂਨੀਵਰਸਿਟੀ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ| ਉਹਨਾਂ ਨੇ ਦੁਨੀਆਂ ਭਰ ਵਿਚ ਨੌਜਵਾਨਾਂ ਵੱਲੋਂ ਸਮਾਜ ਦੀ ਸਿਜਰਣਾ ਲਈ ਪਾਏ ਯੋਗਦਾਨ ਦਾ ਹਵਾਲਾ ਦਿੰਦਿਆਂ ਪੀ.ਏ.ਯੂ. ਦੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ|
ਵਾਈਸ ਚਾਂਸਲਰ ਨੇ ਨੌਜਵਾਨਾਂ ਲਈ ਲਿਖੀ ਕਿਤਾਬ ਬੀਯੌਂਡ ਬਾਊਂਡਰੀਜ਼ ਨੂੰ ਆਪਣੇ ਕਰ-ਕਮਲਾਂ ਨਾਲ ਜਾਰੀ ਕੀਤਾ| ਕਿਤਾਬ ਦੇ ਲੇਖਕ ਅਤੇ ਸਹਾਇਕ ਨਿਰਦੇਸ਼ਕ ਪ੍ਰਕਾਸ਼ਨਾਵਾਂ ਸ਼੍ਰੀਮਤੀ ਗੁਲਨੀਤ ਚਾਹਲ ਨੇ ਕਿਤਾਬ ਬਾਰੇ ਦੱਸਿਆ ਕਿ ਇਸ ਕਿਤਾਬ ਦੀ ਵਿਉਂਤਬੰਦੀ ਅਬੋਧ ਉਮਰ ਤੋਂ ਲੈ ਕੇ ਚੜਦੀ ਜਵਾਨੀ ਤੱਕ ਦੇ ਨੌਜਵਾਨਾਂ ਦੀ ਮਾਨਸਿਕ, ਸਰੀਰਕ ਅਤੇ ਬੌਧਿਕ ਸਿਹਤ ਦੀਆਂ ਲੋੜਾਂ ਅਨੁਸਾਰ ਅਗਵਾਈ ਲਈ ਕੀਤੀ ਗਈ ਹੈ| ਉਹਨਾਂ ਕਿਹਾ ਕਿ ਵਿਦਿਆਰਥੀਆਂ ਵਿਚ ਗੁੱਸਾ, ਖਿੱਝ ਅਤੇ ਬੇਚੈਨੀ ਦੇ ਲੱਛਣਾਂ ਦੇ ਨਾਲ-ਨਾਲ ਇਹਨਾਂ ਨੂੰ ਘਟਾਉਣ ਅਤੇ ਮਿਟਾਉਣ ਦੇ ਤਰੀਕੇ ਕਿਤਾਬ ਵਿਚ ਦਰਜ ਹਨ|
ਕਿਤਾਬ ਦੇ ਸਹਿ ਲੇਖਕ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਅੱਜ ਦਾ ਨੌਜਵਾਨ ਬਹੁਤ ਸਾਰੇ ਤਨਾਵਾਂ ਅਤੇ ਦਬਾਵਾਂ ਦੇ ਸਨਮੁਖ ਹੈ| ਆਪਣੇ ਆਪ ਨੂੰ ਜਾਣ ਕੇ ਅਤੇ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿਚ ਰੱਖ ਕੇ ਇਹਨਾਂ ਦਬਾਵਾਂ ਤੋਂ ਪਾਰ ਸਫਲਤਾ ਦੇ ਮੁਕਾਮ ਤੱਕ ਪਹੁੰਚਿਆ ਜਾ ਸਕਦਾ ਹੈ| ਡਾ. ਰਿਆੜ ਨੇ ਵਿਦਿਆਰਥੀਆਂ ਨੂੰ ਜ਼ਾਬਤੇ ਅਤੇ ਅਨੁਸ਼ਾਸਨ ਵਿਚ ਰਹਿ ਕੇ ਆਪਣੇ ਪਰਿਵਾਰ, ਆਪਣੇ ਸਮਾਜ ਅਤੇ ਆਪਣੇ ਆਪ ਦੀ ਬਿਹਤਰੀ ਲਈ ਯਤਨ ਕਰਨ ਵਾਸਤੇ ਪ੍ਰੇਰਿਤ ਕੀਤਾ| ਇਸ ਮੌਕੇ ਵਿਦਿਆਰਥੀਆਂ ਹਰਮਨ ਮਾਨ, ਦਵਿੰਦਰ ਸਿੰਘ ਅਤੇ ਹਰਲੀਨ ਕੌਰ ਨੇ ਕਵਿਤਾਵਾਂ ਅਤੇ ਭਾਸ਼ਣਾਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ| ਡਾ. ਦਵਿੰਦਰ ਦਿਲਰੂਪ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ| ਸੱਭਿਆਚਾਰ ਬਾਰੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਇਸ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਉੱਚ ਅਧਿਕਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ| ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਮੌਜੂਦ ਰਹੇ| ਸਮਾਰੋਹ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ|