ਸੁਖਵਿੰਦਰ ਪੱਪੀ ਦੇ ਨਾਵਲ ' ਧਰਤ ਵਿਹੂਣੇ" ਉੱਤੇ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 05 ਮਈ 2024 - ਅੱਜ ਦੋਆਬਾ ਸਾਹਿਤ ਸਭਾ ਨਵਾਂਸ਼ਹਿਰ ਵਲੋਂ ਦੋਆਬਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਸੁਖਵਿੰਦਰ ਪੱਪੀ ਦੇ ਨਾਵਲ 'ਧਰਤ ਵਿਹੂਣੇ ' ਉੱਤੇ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਪ੍ਰੋ.ਸੰਧੂ ਵਰਿਆਣਵੀ, ਦਰਸ਼ਨ ਸਿੰਘ ਖੱਟਕੜ,ਪ੍ਰੋ.ਬਲਵਿੰਦਰ ਸਿੰਘ ਚਹਿਲ, ਨਵਤੇਜ ਗੜ੍ਹਦੀਵਾਲਾ ਅਤੇ ਬਲਵਿੰਦਰ ਸਿੰਘ ਗਰੇਵਾਲ ਨੇ ਕੀਤੀ।ਮੁਕੇਸ਼ ਮਲੌਦ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਸਨ।ਨਾਵਲ ਉੱਤੇ ਆਲੋਚਨਾਤਮਕ ਪਰਚਾ ਪੜ੍ਹਦੇ ਹੋਏ ਪ੍ਰੋ.ਬਲਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਸੁਖਵਿੰਦਰ ਪੱਪੀ ਦਾ ਇਹ ਨਾਵਲ ਕਈ ਪੱਖਾਂ ਤੋਂ ਨਿਵੇਕਲਾ ਹੈ ਜਿਸਦੀ ਮੁੱਖ ਪਾਤਰਾਂ ਵੀਰਾਂ ਪਿੱਤਰ ਸੱਤਾ ਦੇ ਵਿਰੁੱਧ, ਦਲਿਤ ਔਰਤ ਦੇ ਸਵੈਮਾਣ ਅਤੇ ਜਮੀਨ ਦੇ ਹੱਕ ਦੀ ਲੜਾਈ ਲੜਦੀ ਹੈ।ਵੀਰਾਂ ਆਪਣਾ ਨਾਇਕਵਾਦ ਖੁਦ ਸਿਰਜਦੀ ਹੈ।
ਇਸ ਨਾਵਲ ਦੇ ਦੂਜੇ ਪਾਤਰ ਸੰਦੀਪ ਸੰਧੂ ਅਤੇ ਬੀਰੂ ਸੰਜੀਵ ਪਾਤਰ ਹਨ।ਦਰਸ਼ਨ ਸਿੰਘ ਖੱਟਕੜ, ਪ੍ਰੋ.ਬਲਵਿੰਦਰ ਸਿੰਘ ਗਰੇਵਾਲ, ਨਵਤੇਜ ਗੜ੍ਹਦੀਵਾਲਾ,ਪ੍ਰੋ.ਭਜਨ ਸਿੰਘ ਗਿੱਲ,ਪ੍ਰੋ.ਸੰਧੂ ਵਰਿਆਣਵੀ ਅਤੇ ਡਾਕਟਰ ਕੇਵਲ ਰਾਮ ਨਵਾਂਸ਼ਹਿਰ ਨੇ ਕਿਹਾ ਕਿ ਨਾਵਲ ਜਮੀਨੀ ਸੰਘਰਸ਼ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਇਹ ਬੇਜਮੀਨੇ ਦਲਿਤਾਂ ਦੀ ਹੋਂਦ ਦਰਸਾਉਣ ਦੀ ਬਾਤ ਵੀ ਪਾਉਂਦਾ ਹੈ।ਨਾਵਲ ਵਿਚ ਬੀਰੂ ਪਾਤਰ ਰਾਹੀਂ ਪੰਜਾਬ ਦੇ ਕਿਰਤੀ ਦੀ ਰੂਹ ਬੋਲਦੀ ਹੈ ਅਤੇ ਇਹ ਅਜੀਮ ਪਾਤਰ ਹੈ।ਬੂਟਾ ਸਿੰਘ ਮਹਿਮੂਦ ਪੁਰ,ਦਲਜੀਤ ਸਿੰਘ ਐਡਵੋਕੇਟ ਅਤੇ ਮੁਕੇਸ਼ ਮਲੌਦ ਨੇ ਕਿਹਾ ਕਿ ਵੀਰਾਂ ਨਵੇਂ ਕਿਸਮ ਦੇ ਮਨੁੱਖ ਦੀ ਸਿਰਜਣਾ ਹੈ।ਨਾਵਲ ਦੀ ਪਾਤਰ ਉਸਾਰੀ ਯਥਾਰਥਕ ਹੈ।
ਨਾਵਲਕਾਰ ਕਵੀ ਵੀ ਹੈ ਇਸ ਲਈ ਉਸਦੇ ਇਸ ਨਾਵਲ ਵਿਚੋਂ ਕਵਿਤਾਮਈ ਸ਼ੈਲੀ ਦਾ ਝਲਕਾਰਾ ਵੀ ਪੈਂਦਾ ਹੈ।ਨਾਵਲਕਾਰ ਨੇ ਜਮੀਨ ਦੇ ਸਵਾਲ ਅਤੇ ਸੰਘਰਸ਼ ਨੂੰ ਉਭਾਰਿਆ ਹੈ।ਨਾਵਲਕਾਰ ਸੁਖਵਿੰਦਰ ਪੱਪੀ ਨੇ ਇਹ ਨਾਵਲ ਸਦੀਆਂ ਤੋਂ ਔਰਤ ਮੁਕਤੀ, ਜਮੀਨ ਦੀ ਲੜਾਈ ,ਜਾਤੀ ਦਾਬੇ ਵਿਰੁੱਧ ਚੱਲਦੇ ਆਏ ਸੰਘਰਸ਼ਾਂ ਅਤੇ ਔਰਤ ਦੇ ਸਵੈਮਾਣ ਦੇ ਘੋਲਾਂ ਦੇ ਵਰਨਣ ਅਤੇ ਦਿਸ਼ਾ ਦੀ ਲਗਾਤਾਰਤਾ ਹੈ।ਉਹਨਾਂ ਕਿਹਾ ਕਿ ਆਪਣੀਆਂ ਜੜ੍ਹਾਂ ਤੋਂ ਦੂਰ ਜਾਕੇ ਅੱਗੇ ਨਹੀਂ ਵਧਿਆ ਜਾ ਸਕਦਾ।ਸਾਨੂੰ ਆਪਣੇ ਨਾਇਕਾਂ ਨੂੰ ਸਾਂਭਣ ਦੀ ਲੋੜ ਹੈ ਨਹੀਂ ਤਾਂ ਸਾਡੇ ਵਿਰੋਧੀ ਸਾਡੇ ਨਾਇਕਾਂ ਨੂੰ ਸਾਂਭ ਲੈਣਗੇ।
ਮੰਚ ਸੰਚਾਲਨਾ ਕਹਾਣੀਕਾਰ ਅਜਮੇਰ ਸਿੱਧੂ ਨੇ ਕੀਤੀ।ਕਵੀ ਦਰਬਾਰ ਵਿਚ ਨਵਤੇਜ ਗੜ੍ਹਦੀਵਾਲਾ,ਭੁਪਿੰਦਰ ਸਿੰਘ ਵੜੈਚ ,ਕੁਲਵਿੰਦਰ ਕੁੱਲਾ,ਬਲਵੀਰ ਕੁਮਾਰ,ਹਰੀ ਰਾਮ ਰਸੂਲਪੁਰੀ ਨੇ ਕਵਿਤਾਵਾਂ ਪੜ੍ਹੀਆਂ।ਇਸ ਮੌਕੇ ਨਾਵਲਕਾਰ ਸੁਖਵਿੰਦਰ ਪੱਪੀ ਅਤੇ ਮੁਕੇਸ਼ ਮਲੌਦ ਨੂੰ ਸਨਮਾਨਿਤ ਵੀ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਨੇ ਧੰਨਵਾਦ ਕੀਤਾ।