ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਰੂਹਾਨੀ ਯਾਤਰਾ ਦਰਸਾਉਂਦੀ ਕਾਫੀ ਟੇਬਲ ਕਿਤਾਬ ਰਿਲੀਜ਼
ਜਗਤਾਰ ਸਿੰਘ
- ਤਿੰਨ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਤੇ ਡਿਪਟੀ ਕਮਿਸ਼ਨਰ ਨੇ ਸਾਂਝੇ ਤੌਰ 'ਤੇ ਪੁਸਤਕ ਕੀਤੀ ਰਿਲੀਜ਼
ਪਟਿਆਲਾ, 20 ਜੁਲਾਈ 2021 - ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਹਰਪ੍ਰੀਤ ਸੰਧੂ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿਆਰ ਕੀਤੀ ਗਈ ਪੁਸਤਕ 'ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਪਾਵਨ ਜੀਵਨ ਯਾਤਰਾ' ਅੱਜ ਇਥੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫ. ਜਨਰਲ (ਸੇਵਾ ਮੁਕਤ) ਜੇ.ਐਸ. ਚੀਮਾ ਅਤੇ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਵੱਲੋਂ ਸਾਂਝੇ ਤੌਰ 'ਤੇ ਜਾਰੀ ਕੀਤੀ ਗਈ।
ਡਿਪਟੀ ਕਮਿਸ਼ਨਰ ਤੇ ਤਿੰਨੇ ਯੂਨੀਵਰਸਿਟੀਆਂ ਦੇ ਉਪ ਕੁਲਪਤੀਅ ਨੂੰ ਪੁਸਤਕ ਦੀ ਕਾਪੀ ਸੌਂਪਦੇ ਹੋਏ ਐਡਵੋਕੇਟ ਹਰਪ੍ਰੀਤ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਏ ਜਾਣ ਤੋਂ ਬਾਅਦ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਸਮਾਗਮਾਂ ਦੇ ਸੰਦਰਭ 'ਚ ਹੀ ਇਹ ਪੁਸਤਕ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਪੁਸਤਕ 'ਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਨਾਲ ਸਬੰਧਿਤ ਸਥਾਨਾਂ ਨਾਲ ਸਬੰਧਿਤ ਖ਼ੂਬਸੂਰਤ ਤਸਵੀਰਾਂ ਸੰਕਲਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਨੂੰ ਸੰਕਲਿਤ ਕਰਨ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣ ਹੈ।
ਇਸ ਮੌਕੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫ. ਜਨਰਲ (ਸੇਵਾ ਮੁਕਤ) ਜੇ.ਐਸ. ਚੀਮਾ ਨੇ ਐਡਵੋਕੇਟ ਹਰਪ੍ਰੀਤ ਸੰਧੂ ਦੇ ਉੱਦਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਗੁਰੂ ਸਾਹਿਬ ਦੇ ਸੰਦੇਸ਼ ਨੂੰ ਇਸ ਪੁਸਤਕ ਰਾਹੀਂ ਪ੍ਰਚਾਰ ਕਰਨ ਦਾ ਉਪਰਾਲਾ ਅੱਜ ਦੀ ਨੌਜਵਾਨ ਪੀੜੀ ਲਈ ਇਕ ਵੱਡੀ ਸੌਗਾਤ ਹੈ।
ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ ਅਰਵਿੰਦ ਨੇ ਇਸ ਪੁਸਤਕ ਦੀ ਸ਼ਲਾਘਾ ਕਰਦਿਆ ਕਿਹਾ ਕਿ ਨੌਵੇਂ ਪਾਤਸ਼ਾਹ ਦੇ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਦਾ ਪਹੁੰਚਣ 'ਚ ਇਹ ਪੁਸਤਕ ਇਕ ਚੰਗਾ ਜਰੀਆ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨਿਮਰਤਾ ਦੀ ਮੂਰਤ ਹੋਣ ਦੇ ਨਾਲ ਨਾਲ ਜਿਥੇ ਤੇਗ਼ ਦੇ ਬਹਾਦਰ ਸਨ ਉਥੇ ਹੀ ਉਨ੍ਹਾਂ ਦੀ ਬਾਣੀ ਰੂਹਾਨੀਅਤ ਦਾ ਅਹਿਸਾਸ ਕਰਵਾਉਂਦੀ ਹੈ। ਉਨ੍ਹਾਂ ਗਰੀਬ ਤੇ ਮਜ਼ਲੂਮਾਂ ਦੇ ਹੱਕ 'ਚ ਖੜ੍ਹਕੇ ਜੁਲਮ ਕਰਨ ਵਾਲੀਆਂ ਤਾਕਤਾਂ ਦੇ ਵਿਰੁੱਧ ਖੜ੍ਹਨਾ ਸਿਖਾਇਆ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ ਅਤੇ ਗੁਰੂ ਸਾਹਿਬ ਨੇ ਹਮੇਸ਼ਾ ਹੀ ਲੋਕ ਹਿੱਤਾਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾ ਦੇ ਸਮੇਂ ਦਾ ਸਦਉਪਯੋਗ ਕਰਦੇ ਹੋਏ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੀ ਇਹ ਕਿਤਾਬ ਵੱਧ ਤੋਂ ਵੱਧ ਨੌਜਵਾਨਾਂ ਤੱਕ ਪੁੱਜਣੀ ਚਾਹੀਦੀ ਹੈ।
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਆਪਣੀ ਬਾਣੀ ਤੇ ਜੀਵਨ ਨਾਲ ਸਾਨੂੰ ਇਖ਼ਲਾਕੀ ਕਦਮਾਂ ਕੀਮਤਾਂ ਨਾਲ ਜੋੜਿਆਂ।
ਇਸ ਮੌਕੇ ਹਰਪ੍ਰੀਤ ਸੰਧੂ ਵੱਲੋਂ ਉਪ ਕੁਲਪਤੀ ਪ੍ਰੋ.ਅਰਵਿੰਦ, ਲੈਫ. ਜਨਰਲ (ਸੇਵਾ ਮੁਕਤ) ਜੇ.ਐਸ ਚੀਮਾ, ਪ੍ਰੋ ਕਰਮਜੀਤ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਸਾਬਕਾ ਆਈ.ਏ.ਐਸ ਇਕਬਾਲ ਸਿੰਘ ਸਿੱਧੂ, ਸਾਬਕਾ ਆਈ.ਆਰ.ਐਸ ਹਰਜੀਤ ਸਿੰਘ, ਏ.ਡੀ.ਸੀ ਪੂਜਾ ਸਿਆਲ ਗਰੇਵਾਲ ਪੁਸਤਕਾਂ ਦੇਕੇ ਸਨਮਾਨਿਤ ਕੀਤਾ ਗਿਆ।