ਲੁਧਿਆਣਾ, 8 ਸਤੰਬਰ, 2017 : ਜਸਪ੍ਰੀਤ ਕੌਰ 'ਫ਼ਲਕ' ਦੀ ਹਿੰਦੀ ਕਾਵਿ ਪੁਸਤਕ 'ਚੁੱਪ ਦਾ ਗੀਤ' ਦੇ ਪ੍ਰੋ. ਅਵਤਾਰ ਜੌੜਾ ਵਲੋਂ ਕੀਤੇ ਪੰਜਾਬੀ ਅਨੁਵਾਦ "ਮਰਜਾਣੀਆਂ" ਦਾ ਲੋਕ-ਅਰਪਣ 9 ਸਤੰਬਰ (ਸ਼ਨੀਵਾਰ) ਨੂੰ ਸ਼ਾਮ 5 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗਾ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜਸਪ੍ਰੀਤ 'ਫ਼ਲਕ' ਨੇ ਕਿਹਾ ਕਿ ਮੁੱਖ ਮਹਿਮਾਨ, ਪ੍ਰਸਿੱਧ ਕਵੀ ਤੇ ਪੰਜਾਬ ਕਲਾ ਪਰਿਸ਼ਦ ਦੇ ਪ੍ਰਧਾਨ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਹੋਣਗੇ ਜਦਕਿ ਕਿਤਾਬ ਦੇ ਅਨੁਵਾਦਕ ਪ੍ਰੋ. ਅਵਤਾਰ ਜੌੜਾ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਪਰੋ-ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਅਤੇ ਕਮਲਾ ਲੋਹਟੀਆ ਕਾਲਜ ਦੇ ਪ੍ਰਿੰਸੀਪਲ ਡਾ. ਸ਼ਿਵ ਮੋਹਨ ਸ਼ਰਮਾ ਵਿਸ਼ੇਸ਼ ਮਹਿਮਾਨ ਹੋਣਗੇ।ਸਰਦਾਰ ਪੰਛੀ, ਗਰਭਜਨ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਨਿਰਮਲ ਜੌੜਾ, ਪ੍ਰਸਿੱਧ ਫੋਟੋ ਆਰਟਿਸਟ ਤੇਜ ਪ੍ਰਤਾਪ ਸਿੰਘ ਸੰਧੂ, ਪ੍ਰਧਾਨਗੀ ਮੰਡਲ ਵਿੱਚ ਭਾਗ ਲੈਣਗੇ। ਇਸ ਮੌਕੇ ਹੋਣ ਵਾਲੀ ਵਿਚਾਰ ਚਰਚਾ ਵਿੱਚ ਭਾਗ ਲੈਣ ਵਾਲੇ ਬੁੱਧੀ ਜੀਵੀਆਂ ਅਤੇ ਲੇਖਕਾਂ ਵਿੱਚ ਡਾ. ਹਰੀ ਸਿੰਘ 'ਜਾਚਕ', ਡਾ. ਸੱਤਿਆਨੰਦ ਸੇਵਕ, ਡਾ. ਜਗਤਾਰ ਧੀਮਾਨ, ਸੁਰਜੀਤ ਜੱਜ, ਜਸਵੰਤ ਜ਼ਫਰ, ਪ੍ਰੋ. ਰਵਿੰਦਰ ਭੱਠਲ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਸ਼ਾਮਲ ਹੋਣਗੇ। ਇਸ ਤੋਂ ਬਿਨਾਂ ਜਤਿੰਦਰ ਜੀਤ (ਪਟਿਆਲਾ) ਅਤੇ ਜਸਮੀਤ ਕੌਰ (ਲੁਧਿਆਣਾ) ਕਵਿਤਾ-ਗਾਇਨ ਕਰਨਗੇ। ਕਿਤਾਬ ਲੋਕ-ਅਰਪਨ ਦਾ ਅਯੋਜਨ ਸਾਹਿਤਕ ਅਦਾਰੇ "ਕਾਵਿ ਲਹਿਰ" ਵਲੋਂ ਕੀਤਾ ਜਾ ਰਿਹਾ ਹੈ।