ਰਾਜਦੀਪ ਸਿੰਘ ਤੂਰ ਦੁਆਰਾ ਰਚਿਤ ਗਜ਼ਲ ਸੰਗ੍ਰਹਿ "ਰੂਹ ਵੇਲਾ" ਤੇ ਵਿਚਾਰ ਚਰਚਾ ਕੀਤੀ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ,05 ਅਕਤੂਬਰ 2021- ਗਜ਼ਲਗੋ ਰਾਜਦੀਪ ਸਿੰਘ ਤੂਰ ਇੱਕ ਪ੍ਰੋਢ ਗਜ਼ਲਕਾਰ ਹੈ, ਉਸ ਨੂੰ ਪਿੰਗਲ, ਰਿਦਮ, ਆਰਜੂ , ਲੈਅ ਬਾਬਤ ਚੋਖੀ ਜਾਣਕਾਰੀ ਹੈ। ਪੰਜਾਬੀ ਗਜ਼ਲ ਨੂੰ ਹੋਰ ਪ੍ਰਚੱਲਤ ਬਣਾਉਣ ਚ ਤੂਰ ਦੇ ਵਡਮੁੱਲੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ.ਹਰਪ੍ਰੀਤ ਸਿੰਘ ਰਾਣਾ ਸਾਹਿਤਕਾਰ ਅਤੇ ਪੰਜਾਬੀ ਮੈਗਜੀਨ "ਛਿਣ" ਦੇ ਸੰਪਾਦਕ ਨੇ ਗਜ਼ਲਗੋ ਤੂਰ ਦੀ ਗਜ਼ਲ ਸੰਗ੍ਰਹਿ ਪੁਸਤਕ "ਰੂਹ ਵੇਲਾ" ਉੱਪਰ ਕਰਵਾਈ ਸਾਹਿਤਕ ਚਰਚਾ ਦੇ ਸਮਾਰੋਹ ਚ ਬੋਲਦਿਆਂ ਪ੍ਰਗਟਾਏ।
"ਰੂਹ ਵੇਲਾ" ਗਜਲ ਸੰਗ੍ਰਹਿ ਤੇ ਸਾਹਿਤਕ ਚਰਚਾ ਸੰਬੰਧੀ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਇਕੱਤਰਤਾ ਨਵਦੀਪ ਸਿੰਘ ਮੁੰਡੀ,ਗੁਰਮੀਤ ਸਿੰਘ ਢੱਲ,ਸੁਖਵਿੰਦਰ ਸਿੰਘ ਚਹਿਲ, ਅਮਰਜੀਤ ਸਿੰਘ ਖਰੌਡ ਦੇ ਸਾਂਝੇ ਯਤਨਾਂ ਸਦਕਾ ਢੱਲ ਬਿਲਡਰਜ਼ ਪਟਿਆਲਾ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਆਕਾਸ਼ਵਾਣੀ ਪਟਿਆਲਾ ਦੇ ਸਾਬਕਾ ਡਾਇਰੈਕਟਰ ਅਮਰਜੀਤ ਸਿੰਘ ਵੜੈਚ,ਗਜ਼ਲਗੋ ਰਾਜਦੀਪ ਸਿੰਘ ਤੂਰ ਅਤੇ ਗਿਆਨਦੀਪ ਸਾਹਿਤ ਸਾਧਨਾ ਮੰਚ ਦੇ ਜਨਰਲ ਸਕੱਤਰ ਸਾਹਿਤਕਾਰ ਬਲਵੀਰ ਸਿੰਘ ਜਲਾਲਾਬਾਦੀ ਨੇ ਉਚੇਚ ਸ਼ਿਰਕਤ ਕੀਤੀ।
ਸਮਾਗਮ ਦੇ ਸ਼ੁਰੂਆਤੀ ਦੌਰ ਚ ਹਰਦੀਪ ਸਿੰਘ ਸੱਭਰਵਾਲ,ਅਲਕਾ ਅਰੋੜਾ,ਮੀਤ ਭਿੰਡਰ, ਡਾ. ਇੰਦਰਪਾਲ ਕੌਰ ਆਦਿ ਸ਼ਾਇਰਾਂ ਨੇ ਆਪਣੀਆਂ ਭਾਵਪੂਰਤ ਰਚਨਾਵਾਂ ਨਾਲ ਸਾਹਿਤਕ ਰੰਗ ਬੰਨਿਆ ਅਤੇ ਇੱਕ ਖੂਬਸੂਰਤ ਸ਼ੁਰੂਆਤ ਕੀਤੀ।ਗਜ਼ਲਗੋ ਰਾਜਦੀਪ ਸਿੰਘ ਤੂਰ ਨੇ ਆਪਣੀਆਂ ਗਜ਼ਲਾਂ
"ਤੁਹਾਨੂੰ ਟੌਪ ਦੀ ਚਿੰਤਾ ਉਹਨਾਂ ਦਸਤਾਰ ਦੀ ਚਿੰਤਾ,
ਕਿਸੇ ਨੂੰ ਵੀ ਨਹੀਂ ਹੈ ਗਿਰ ਰਹੇ ਕਿਰਦਾਰ ਦੀ ਚਿੰਤਾ,"
"ਹੌਲੀ ਹਾਦਸਿਆਂ ਦਾ ਹਾਣੀ ਹੋਜਾ ਤੂਰ ਸਿਆਂ,
ਪੱਥਰਾਂ ਵਿੱਚ ਵੀ ਵਹਿਣਾ ਪੈਣਾ ਪਾਣੀ ਹੋਜਾ ਤੂਰ ਸਿਆਂ...."
ਨਾਲ ਸਾਹਿਤਕ ਰੰਗ ਬਖੇਰਿਆ।ਆਪਣੇ ਸਾਹਤਿਕ ਸਫਰ ਦੀ ਸ਼ੁਰੂਆਤ ਤੇ ਚਾਨਣਾ ਪਾਉਂਦੇ ਹੋਏ ਗਜ਼ਲਗੋ ਤੂਰ ਨੇ ਇਜ਼ਹਾਰ ਕੀਤਾ ਕਿ ਉਹਨਾਂ ਦੇ ਪਿਤਾ ਵੀ ਇੱਕ ਲੇਖਕ ਵਜੋਂ ਜਾਣੇ ਜਾਂਦੇ ਸਨ।ਉਹਨਾਂ ਦਾ ਪ੍ਰਭਾਵ ਮੇਰੇ ਤੇ ਹੋਣਾ ਲਾਜਮੀ ਸੀ ,ਸੋ ਮੈਂ ਸਾਹਿਤਕ ਸਿਰਜਣਾ ਵੱਲ ਹੋ ਤੁਰਿਆ।ਕਾਫੀ ਮਿੰਨੀ ਕਹਾਣੀਆਂ ਵੀ ਰਚੀਆਂ।ਉਹਨਾਂ ਸਾਹਿਤ ਸਿਰਜਣਾ ਨਾਲ ਜੁੜੇ ਕਈ ਅਣਸੁਣੇ ਪੱਖਾਂ ਦਾ ਜ਼ਿਕਰ ਵੀ ਕੀਤਾ।
ਅਮਰਜੀਤ ਸਿੰਘ ਵੜੈਚ ਨੇ ਤੂਰ ਦੀਆਂ ਗਜ਼ਲਾਂ ਲਈ ਉਹਨਾਂ ਨੂੰ ਸੁਰਜੀਤ ਪਾਤਰ ਦੇ ਸਿਰਜੇ ਪੰਧ ਤੇ ਚੱਲਣਵਾਲਾ ਸ਼ਾਇਰ ਦੱਸਿਆ।
ਬਲਵੀਰ ਸਿੰਘ ਜਲਾਲਾਬਾਦੀ ਨੇ ਤੂਰ ਨਾਲ ਆਪਣੀ ਪਰਿਵਾਰਕ ਅਤੇ ਸਾਹਿਤਕ ਨੇੜਤਾ ਦਾ ਕਾਰਨ ਇੱਕੋ ਸਰਕਾਰੀ ਮਹਿਕਮੇ ਦੇ ਮੁਲਾਜ਼ਮ ਹੋਣਾ ਦੱਸਿਆ।ਗ਼ਜ਼ਲ ਦੀ ਸੰਜਮਤਾ,ਸਹਿਜਤਾ ਅਤੇ ਵਿਲੱਖਣਤਾ ਵਰਗੇ ਤੱਤਾਂ ਬਾਬਤ ਗੱਲ ਕੀਤੀ।ਲੇਖਿਕਾ ਸਤਨਾਮ ਕੌਰ ਚੌਹਾਨ ਨੇ ਗਜ਼ਲ ਦੀ ਸਿਰਜਣਾ ਦਾ ਮੁਕਾਬਲਾ ਗਣਿਤ ਦੇ ਅਲਜਬਰੇ ਦੇ ਸਵਾਲ ਨੂੰ ਹੱਲ ਕਰਨ ਨਾਲ ਕੀਤਾ।ਉਹਨਾਂ ਕਿਹਾ ਜਿਵੇਂ ਅਲਜਬਰੇ ਨੂੰ ਹਰ ਕੋਈ ਨਹੀਂ ਸਮਝਦਾ, ਉਸੇ ਤਰ੍ਹਾਂ ਗਜਲ ਨੂੰ ਜੇ ਕੋਈ ਸਮਝਦਾ ਹੈ ਤਾਂ ਉਹ ਰਾਜਦੀਪ ਸਿੰਘ ਤੂਰ ਹੈ।
ਅੰਮ੍ਰਿਤਪਾਲ ਸਿੰਘ, ਰਾਜਵਿੰਦਰ ਕੌਰ ਜਟਾਣਾ,ਕਮਲ ਸੇਖੋਂ , ਦਵਿੰਦਰ ਪਟਿਆਲਵੀ, ਨਵਦੀਪ ਸਿੰਘ ਮੁੰਡੀ,ਗੁਰਮੀਤ ਸਿੰਘ ਢੱਲ,ਸੁਖਵਿੰਦਰ ਸਿੰਘ ਚਹਿਲ ਆਦਿ ਸ਼ਾਇਰਾਂ ਨੇ ਸ਼ਾਇਰੀ ਦਾ ਖੂਬਸੂਰਤ ਸਾਹਿਤਕ ਰੰਗ ਪੇਸ਼ ਕੀਤਾ।ਗਜ਼ਲਗੋ ਰਾਜਦੀਪ ਸਿੰਘ ਤੂਰ ਨੂੰ ਕਿਤਾਬਾਂ ਦੇ ਸੈੱਟ ਅਤੇ ਲੋਈ ਨਾਲ ਸਨਮਾਨ ਦਿੱਤਾ ਗਿਆ।ਸਟੇਜ ਸਕੱਤਰ ਦੀ ਭੂਮਿਕਾ ਦਵਿੰਦਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ ਨੇ ਸਾਂਝੇ ਤੌਰ ਤੇ ਨਿਭਾਈ।