ਲੋਕ ਗਾਇਕ ਸਵਰਗੀ ਸ਼ੌਕਤ ਅਲੀ ਦੀ ਬੇਗਮ ਅਮਤੁਲ ਅਜ਼ੀਜ਼ ਦੇ ਦਿਹਾਂਤ ’ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾ, 3 ਜੂਨ, 2022: ਪਾਕਿਸਤਾਨ ਦੇ ਸਿਰਕੱਢ ਲੋਕ ਗਾਇਕ ਸਵਰਗੀ ਸ਼ੌਕਤ ਅਲੀ ਜੀ ਦੀ ਬੇਗਮ ਅਮਤੁਲ ਅਜ਼ੀਜ਼ ਸ਼ੌਕਤ ਅਲੀ ਦਾ ਲਾਹੌਰ ਵਿਖੇ ਦਿਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਬੇਟੇ ਇਮਰਾਨ ਸ਼ੌਕਤ ਅਲੀ ਨੇ ਦਿੰਦਿਆਂ ਦੱਸਿਆ ਕਿ ਬੇਗਮ ਸ਼ੌਕਤ ਅਲੀ ਦਾ ਜ਼ਨਾਜ਼ਾ 3 ਜੂਨ ਸਵੇਰੇ 9ਵਜੇ 557 ਜੀ 1 ਜੌਹਰ ਟਾਊਨ ਲਾਹੌਰ ਤੋਂ ਉੱਠੇਗਾ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਗਿੱਲ ਨੇ ਬੇਗਮ ਅਮਤੁਲ ਅਜ਼ੀਜ਼ ਨੂੰ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਹ ਸੇਵਾ ਤੇ ਤਿਆਗ ਦੀ ਮੂਰਤ ਤ੍ਰੀਮਤ ਸੀ ਜਿਸਨੂੰ ਮੈਂ 1997 ’ਚ ਪਹਿਲੀ ਵਾਰ ਉਨ੍ਹਾਂ ਦੇ ਕ੍ਰਿਸ਼ਨ ਨਗਰ ਲਾਹੌਰ ਸਥਿਤ ਘਰ ਵਿੱਚ ਆਪਣੀ ਜੀਵਨ ਸਾਥਣ ਤੇ ਮਿੱਤਰ ਜਸਵਿੰਦਰ ਸਿੰਘ ਬਲੀਏਵਾਲ ਸਮੇਤ ਮਿਲਿਆ। ਮੈਨੂੰ ਅੱਜ ਵੀ ਚੇਤੇ ਹੈ ਕਿ ਉਨ੍ਹਾਂ ਨੇ ਬੂਹੇ ’ਤੇ ਤੇਲ ਚੋ ਕੇ ਗੁੜ ਨਾਲ ਮੂੰਹ ਮਿੱਠਾ ਕਰਵਾ ਕੇ ਘਰ ਅੰਦਰ ਸੁਆਗਤ ਕੀਤਾ ਸੀ। ਬੀਤੀ ਰਾਤ ਹੀ ਉਨ੍ਹਾਂ ਦੇ ਦਿਮਾਗ ਦੀ ਨਲੀ ਫਟਣ ਦੀ ਸੂਚਨਾ ਉਨ੍ਹਾਂ ਦੇ ਵੱਡੇ ਪੁੱਤਰ ਇਮਰਾਨ ਨੇ ਲਿਖਤੀ ਸੁਨੇਹੇ ਵਿੱਚ ਮੈਨੂੰ ਦਿੱਤੀ ਸੀ। ਬੇਗਮ ਸ਼ੌਕਤ ਅਲੀ ਆਪਣੇ ਜੀਵਨ ਸਾਥੀ ਸ਼ੌਕਤ ਅਲੀ ਜੀ ਦੇ ਪਿਛਲੇ ਸਾਲ ਵਿਛੋੜਾ ਦੇਣ ਕਾਰਨ ਬਹੁਤ ਹੀ ਉਦਾਸ ਰਹਿੰਦੇ ਸਨ।
ਬੇਗਮ ਸ਼ੌਕਤ ਅਲੀ ਦੇ ਦੇਹਾਤ ’ਤੇ ਉੱਘੇ ਲੋਕ ਗਾਇਕ ਸੁਰਿੰਦਰ ਸ਼ਿੰਦਾ, ਪੰਮੀ ਬਾਈ,ਪਾਲੀ ਦੇਤਵਾਲੀਆ, ਡੌਲੀ ਗੁਲੇਰੀਆ, ਰੀਤਿੰਦਰ ਸਿੰਘ ਭਿੰਡਰ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਸਿੰਘ ਜੌਹਲ,ਸਹਿਜਪ੍ਰੀਤ ਸਿੰਘ ਮਾਂਗਟ, ਸੁਖਜੀਤ ਸਵਾਮੀ, ਤ੍ਰੈਲੋਚਨ ਲੋਚੀ, ਅਮਨਦੀਪ ਸਿੰਘ ਫੱਲੜ,ਤੇ ਮਨਜਿੰਦਰ ਧਨੋਆ ਤੋ ਇਲਾਵਾ ਕੈਨੇਡਾ ਤੋਂ ਸਾਹਿਬ ਸਿੰਘ ਥਿੰਦ , ਇਕਬਾਲ ਮਾਹਿਲ , ਬਲਜਿੰਦਰ ਸੇਖਾ ਨੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।