ਡਾ. ਸ.ਪ. ਸਿੰਘ (ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਦੇ ਮਾਣ ਵਿਚ ਸਾਹਿਤਕ ਮਹਿਫ਼ਿਲ
ਹਰਦਮ ਮਾਨ, ਬਾਬੂਸ਼ਾਹੀ ਨੈੱਟਵਰਕ
ਸਰੀ, 8 ਨਵੰਬਰ 2021-ਨਾਮਵਰ ਕੈਨੇਡੀਅਨ ਪੰਜਾਬੀ ਸ਼ਾਇਰ ਚਰਨ ਸਿੰਘ ਵੱਲੋਂ ਆਪਣੇ ਗੁਰੂ ਡਾ. ਸ.ਪ. ਸਿੰਘ (ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਦੇ ਮਾਣ ਵਿਚ ਆਪਣੇ ਨਿਵਾਸ ਸਥਾਨ ‘ਤੇ ਸਾਹਿਤਕ ਮਹਿਫ਼ਿਲ ਰਚਾਈ ਗਈ, ਜਿਸ ਵਿਚ ਸਰੀ ਦੇ ਚੋਣਵੇਂ ਸਾਹਿਤਕਾਰ ਹਾਜ਼ਰ ਹੋਏ।
ਸਾਹਿਤਕ ਚਰਚਾ ਦੌਰਾਨ ਅਜੋਕੇ ਦੌਰ ਵਿਚ ਅਤੇ ਖਾਸ ਕਰ ਕੇ ਨਵੀਂ ਪੀੜ੍ਹੀ ਵਿਚ ਦਿਨੋ ਦਿਨ ਘਟ ਰਹੀ ਮਾਨਵਵਾਦੀ ਸੰਵੇਦਨਾ ਉਪਰ ਚਿੰਤਾ ਪ੍ਰਗਟ ਕੀਤੀ ਗਈ। ਚਰਚਾ ਦਾ ਆਰੰਭ ਕਰਦਿਆਂ ਨੌਜਵਾਨ ਸ਼ਾਇਰ ਦਵਿੰਦਰ ਗੌਤਮ ਨੇ ਕਿਹਾ ਕਿ ਨਵੀਂ ਪੀੜ੍ਹੀ ਵਿੱਚ ਮਨੁੱਖੀ ਭਾਵਨਾ ਖਤਮ ਹੁੰਦੀ ਜਾ ਰਹੀ ਹੈ ਜੋ ਬਹੁਤ ਖਤਰਨਾਕ ਰੁਝਾਨ ਹੈ ਅਤੇ ਖਦਸ਼ਾ ਹੈ ਕਿ ਅਜਿਹਾ ਵਰਤਾਰਾ ਆਉਣ ਵਾਲੇ ਸਮੇਂ ਵਿਚ ਮਨੁੱਖ ਸਿਰਫ ਮਸ਼ੀਨੀ ਯੰਤਰ ਨਾ ਬਣ ਕੇ ਰਹਿ ਜਾਵੇ। ਡਾ. ਲਖਵਿੰਦਰ ਗਿੱਲ ਨੇ ਕਿਹਾ ਕਿ ਸਮੇਂ ਨਾਲ ਤਬਦੀਲੀ ਆਉਂਦੀ ਰਹਿੰਦੀ ਹੈ ਅਤੇ ਮਨੁੱਖੀ ਵਿਕਾਸ ਲਈ ਇਹ ਜ਼ਰੂਰੀ ਵੀ ਹੈ।
ਡਾ. ਸਾਧੂ ਸਿੰਘ ਨੇ ਕਿਹਾ ਕਿ ਅਸਲ ਵਿਚ ਹਰ ਮਨੁੱਖ ਆਪਸੀ ਮੇਲ ਜੋਲ, ਆਪਸੀ ਸਾਂਝ ਚਾਹੁੰਦਾ ਹੈ ਅਤੇ ਇਸ ਪਾਸੇ ਕਿਸੇ ਇਕ ਬੰਦੇ ਵੱਲੋਂ ਚੁੱਕਿਆ ਕਦਮ ਖੁਸ਼ਗਵਾਰ ਮਾਹੌਲ ਸਿਰਜਣ ਦਾ ਸਬੱਬ ਬਣਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਪੀੜ੍ਹੀ ਵੱਲੋਂ ਇਸ ਪਾਸੇ ਜਿੰਨਾ ਹੁੰਗਾਰਾ ਮਿਲ ਰਿਹਾ ਹੈ ਓਨਾ ਹੀ ਗਨੀਮਤ ਹੈ ਕਿਉਂਕਿ ਏਥੋਂ ਦੇ ਸਮਾਜ ਵਿਚ ਮਾਪਿਆਂ ਦੇ ਕੰਮਕਾਜ ਹੀ ਏਨੇ ਹਨ ਕਿ ਬਹੁਤੇ ਮਾਪੇ ਆਪਣੇ ਬੱਚਿਆਂ ਨੂੰ ਬਣਦਾ ਸਮਾਂ ਦੇਣ ਤੋਂ ਵੀ ਬੇਵੱਸ ਹਨ। ਡਾ. ਸ.ਪ. ਸਿੰਘ ਨੇ ਕਿਹਾ ਕਿ ਨਵੀਂ ਪੀੜ੍ਹੀ ਵਿਚ ਵਧ ਰਹੇ ਇਸ ਵਰਤਾਰੇ ਲਈ ਮਾਪੇ ਵੀ ਜ਼ਿੰਮੇਂਵਾਰ ਹਨ। ਮਾਪੇ ਜੇਕਰ ਬੱਚਿਆਂ ਨਾਲ ਮਿਲ ਕੇ ਬੈਠਣ, ਖੁੱਲ੍ਹ ਕੇ ਗੱਲਬਾਤ ਕਰਨ ਤਾਂ ਉਨ੍ਹਾਂ ਵਿਚ ਪਿਆਰ, ਸਤਿਕਾਰ ਦੀ ਭਾਵਨਾ ਪ੍ਰਫੁੱਲਤ ਹੋ ਸਕਦੀ ਹੈ।
ਇਸ ਵਿਚਾਰ ਚਰਚਾ ਵਿਚ ਨਾਮਵਰ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਚਰਨ ਸਿੰਘ, ਜਰਨੈਲ ਸਿੰਘ ਆਰਟਿਸਟ, ਹਰਦਮ ਸਿੰਘ ਮਾਨ, ਹਰਸ਼ਰਨ ਕੌਰ, ਡਾ. ਰਿਸ਼ੀ ਸਿੰਘ, ਪਾਲੀ ਸੰਧੂ, ਹਜ਼ਾਰਾ, ਜਸਮੀਨ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।