ਚੰਡੀਗੜ੍ਹ, 4 ਜਨਵਰੀ, 2017 : ਕੇਂਦਰੀ ਪੰਜਾਬੀ ਲੇਖਕ ਸਭਾ (ਰਜ਼ਿ) ਨੇ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਜਨਚੇਤਨਾ ਪੁਸਤਕ ਵਿਕਰੀ ਕੇਂਦਰੀ ਉੱਪਰ ਕੁੱਝ ਹਿੰਦੂ ਫਿਰਕਾਪ੍ਰਸਤਾਂ ਵੱਲੋਂ ਹਮਲਾ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ ਜੋਗਾ ਸਿੰਘ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਇੱਥੋਂ ਜਾਰੀ ਸਾਂਝੇ ਬਿਆਨ ਵਿੱਚ ਇਸ ਘਟਨਾ ਮੌਕੇ ਪੰਜਾਬ ਪੁਲਿਸ ਦੀ ਭੁਮਿਕਾ ਦੀ ਵੀ ਨਿੰਦਾ ਕਰਦਿਆਂ ਕਿਹਾ ਹੈ ਕਿ ਜਦੋਂ ਪੁਸਤਕ ਵਿਕਰੀ ਕੇਂਦਰ 'ਤੇ ਇਨ੍ਹਾਂ ਫਿਰਕਾਪ੍ਰਸਤ ਅਨਸਰਾਂ ਨੇ ਹਮਲਾ ਕੀਤਾ ਤਾਂ ਪੁਲਿਸ ਨੇ ਵੀ ਇਸ ਹਮਲੇ ਨੂੰ ਰੋਕਣ ਦੀ ਥਾਂ 'ਤੇ ਫਿਰਕਾਪ੍ਰਸਤਾਂ ਅਤੇ ਹੁੱਲੜਬਾਜ਼ਾਂ ਦੇ ਦਬਾਅ ਵਿੱਚ ਉਲਟਾ 'ਜਨਚੇਤਨਾ' ਦੇ ਕਾਰਕੁਨਾਂ ਅਤੇ ਪੁਸਤਕ ਵਿਕਰੀ ਕੇਂਦਰ ਦੇ ਕਾਮਿਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਵੱਖਰੀ ਗੱਲ ਹੈ ਬਾਅਦ 'ਚ ਜਨਤਕ ਜੱਥੇਬੰਦੀਆਂ ਦੇ ਦਬਾਅ ਕਾਰਨ ਇਨ੍ਹਾਂ ਕਾਰਕੁਨਾਂ ਨੂੰ ਪੁਲਿਸ ਨੂੰ ਰਿਹਾਅ ਕਰਨਾ ਪਿਆ। ਲੇਖਕ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਦੇਸ਼ ਭਰ ਵਿੱਚ ਸਰਕਾਰੀ ਸ਼ਹਿ ਪ੍ਰਾਪਤ ਫਿਰਕਾਪ੍ਰਸਤ ਟੋਲਿਆਂ ਵੱਲੋਂ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਧਾਰਮਿਕ ਕੱਟੜਪੰਥੀਆਂ ਵੱਲੋਂ ਪ੍ਰਗਤੀਸ਼ੀਲ ਅਤੇ ਅਗਾਂਹਵਧੂ ਵਿਚਾਰਾਂ ਨੂੰ ਦੇਸ਼ਧ੍ਰੋਹ ਦੇ ਰੂਪ ਵਿੱਚ ਪ੍ਰਚਾਰਤ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਲੇਖਕ ਆਗੂਆਂ ਨੇ ਕਿਹਾ ਕਿ ਕੱਟੜਪੰਥੀ ਅਨਸਰਾਂ ਵੱਲੋਂ ਲੁਧਿਆਣਾ ਵਿੱਚ ਜਨਚੇਤਨਾ ਪੁਸਤਕ ਵਿਕਰੀ ਕੇਂਦਰ 'ਤੇ ਹਮਲਾ ਕਰਨਾ ਅਤੇ ਪੁਲਿਸ ਵੱਲੋਂ ਸ਼ਹੀਦ ਭਗਤ ਸਿੰਘ ਲਿਖਤ ਪੁਸਤਕ 'ਮੈਂ ਨਾਸਤਿਕ ਕਿਉਂ ਹਾਂ?' ਅਤੇ ਰਾਧਾ ਮੋਹਨ ਗੋਕੁਲ ਦੀਆਂ ਪੁਸਤਕਾਂ ਨੂੰ ਜ਼ਬਤ ਕਰਨਾ ਇਹ ਦਰਸ਼ਾਉਂਦਾ ਹੈ ਕਿ ਇਹ ਲੋਕ ਕ੍ਰਾਂਤੀਕਾਰੀ ਵਿਚਾਰਾਂ ਤੋਂ ਭੈਅਭੀਤ ਹਨ। ਲੇਖਕ ਆਗੂਆਂ ਨੇ ਮੰਗ ਕੀਤੀ ਕਿ ਇਸ ਘਟਨਾ ਲਈ ਜ਼ਿਂਮੇਵਾਰ ਫਿਰਕਾਪ੍ਰਸਤ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਆਪਣੀ ਡਿਊਟੀ 'ਚ ਕੋਤਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।
ਇਸੇ ਦੌਰਾਨ ਅਦਾਰਾ 'ਹੁਣ' ਦੇ ਪ੍ਰਬੰਧਕੀ ਸੰਪਾਦਕ ਰਵਿੰਦਰ ਸਹਿਰਾਅ, ਸਹਿ ਸੰਪਾਦਕਾਂ ਕਿਰਤਮੀਤ ਅਤੇ ਕਮਲ ਦੁਸਾਂਝ ਅਤੇ ਕੌਮਾਂਤਰੀ ਪੰਜਾਬੀ ਇਲਮ ਦੇ ਪ੍ਰਧਾਨ ਦਰਸ਼ਨ ਬੁੱਟਰ,ਸੀਨੀਅਰ ਮੀਤ ਪ੍ਰਧਾਨ ਜਸਵਿੰਦਰ, ਮੀਤ ਪ੍ਰਧਾਨਾਂ ਬਲਵਿੰਦਰ ਸੰਧੂ, ਜੈਨਿੰਦਰ ਚੌਹਾਨ ਅਤੇ ਸਕੱਤਰ ਜਗਦੀਪ ਸਿੱਧੂ ਨੇ ਵੀ ਜਨਚੇਤਨਾ ਪੁਸਤਕ ਵਿਕਰੀ ਕੇਂਦਰ 'ਤੇ ਫਿਰਕਾਪ੍ਰਸਤ ਟੋਲੇ ਵੱਲੋਂ ਕੀਤੇ ਗਏ ਹਮਲੇ ਅਤੇ ਪੰਜਾਬ ਪੁਲਿਸ ਵੱਲੋਂ ਜਨਚੇਤਨਾ ਅਤੇ ਪੁਸਤਕ ਕੇਂਦਰ ਦੇ ਕਾਮਿਆਂ ਨਾਲ ਕੀਤੀ ਬਦਸਲੂਕੀ ਦੀ ਨਿੰਦਾ ਕਰਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।