ਲੁਧਿਆਣਾ 24 ਮਈ 2016: ਪੰਜਾਬੀ ਗਜ਼ਲ ਸ਼ਤਾਬਦੀ ਨੂੰ ਚੋਣਵੇਂ ਕਲਾਮ ਨੂੰ ਇੱਕ ਜਿਲਦ ਵਿੱਚ ਸੰਭਾਲਦੀ ਪੁਸਤਕ 'ਗੁਲਕੰਦ ਨੂੰ ਲੋਕ-ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ 'ਚ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਮੌਕੇ ਇਸ ਪੁਸਤਕ ਦਾ ਲੋਕ ਅਰਪਣ ਹੋਣਾ ਸ਼ੁਭ ਸ਼ਗਨ ਹੈ । ਤਰਲੋਚਨ ਲੋਚੀ, ਮਨਜਿੰਦਰ ਧਨੋਆ ਅਤੇ ਪ੍ਰੋ. ਸ਼ਰਨਜੀਤ ਕੌਰ ਵੱਲੋਂ ਸੰਪਾਦਿਤ 248 ਪੰਨਿਆਂ ਦੀ ਇਸ ਪੁਸਤਕ ਵਿੱਚ ਵੀਹਵੀਂ ਸਦੀ ਦੇ ਮੁੱਢਲੇ ਦਹਾਕੇ ਤੋਂ ਲੈ ਕੇ ਅੱਜ ਤੀਕ ਦੇ ਪ੍ਰਮੁੱਖ ਗਜ਼ਲਕਾਰਾਂ ਦੀਆਂ 208 ਗਜ਼ਲਾਂ ਸ਼ਾਮਲ ਹਨ । 83 ਗਜ਼ਲਗੋਆਂ ਦੀਆਂ ਇਨ੍ਹਾਂ ਗਜ਼ਲਾਂ ਵਿੱਚੋਂ ਸਾਨੂੰ ਪੰਜਾਬੀ ਮਾਨਸਿਕਤਾ ਦਾ ਝਲਕਾਰਾ ਦਿਸਦਾ ਹੈ । ਪ੍ਰੋ. ਕੇਸ਼ੋਰਾਮ ਸ਼ਰਮਾ ਯਾਦਗਾਰੀ ਸੋਸਾਇਟੀ ਵੱਲੋਂ ਇਹ ਸਮਾਗਮ ਰਚਾਇਆ ਗਿਆ ।
ਗੁਲਕੰਦ ਨੂੰ ਫੈਡਰੇਸ਼ਨ ਆਫ਼ ਇੰਡਸਟੀਅਲ ਤੇ ਕਮਰਸ਼ੀਅਲ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸ. ਗੁਰਮੀਤ ਸਿੰਘ ਕੁਲਾਰ, ਗੁਰਭਜਨ ਗਿੱਲ, ਉਘੇ ਅੰਗਰੇਜ਼ੀ ਤੇ ਪੰਜਾਬੀ ਲੇਖਕ ਡਾ. ਜਗਤਾਰ ਸਿੰਘ ਧੀਮਾਨ, ਡਾ. ਅਨਿਲ ਸ਼ਰਮਾ, ਤਰਲੋਚਨ ਲੋਚੀ ਅਤੇ ਮਨਜਿੰਦਰ ਧਨੋਆ ਨੇ ਲੋਕ ਅਰਪਣ ਕੀਤਾ ।
ਇਸ ਮੌਕੇ ਬੋਲਦਿਆਂ ਸ. ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਪੁਸਤਕ ਦੇ ਸੰਪਾਦਕਾਂ ਵਿੱਚੋਂ ਮਨਜਿੰਦਰ ਸਿੰਘ ਧਨੋਆ ਸਾਡਾ ਉਦਯੋਗਪਤੀ ਵੀਰ ਹੈ । ਉਨ੍ਹਾਂ ਆਖਿਆ ਕਿ ਫੀਕੋ (ਫੈਡਰੇਸ਼ਨ ਆਫ਼ ਇੰਡਸਟਰੀਅਲ ਤੇ ਕਮਰਸ਼ੀਅਲ ਆਰਗੇਨਾਈਜ਼ੇਸ਼ਨ) ਸਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਵਿਕਾਸ ਲਈ ਵੀ ਉਦਯੋਗਕ ਘਰਾਣਿਆਂ ਨੂੰ ਪ੍ਰੇਰਨਾ ਦੇਵੇਗੀ । ਉਨ੍ਹਾਂ ਕਿਹਾ ਕਿਹਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਤੇ ਇਹ ਪੁਸਤਕ ਰਿਲੀਜ਼ ਕਰਦਿਆਂ ਮੈਨੂੰ ਤਸੱਲੀ ਹੋ ਰਹੀ ਹੈ ।
ਇਸ ਮੌਕੇ ਡਾ. ਜਗਤਾਰ ਸਿੰਘ ਧੀਮਾਨ ਨੇ ਵੀ ਸੰਬੋਧਨ ਕੀਤਾ । ਤਰਲੋਚਨ ਲੋਚੀ ਅਤੇ ਮਨਜਿੰਦਰ ਧਨੋਆ ਨੇ ਆਪਣੀਆਂ ਚੋਣਵੀਆਂ ਗਜ਼ਲਾਂ ਸੁਣਾ ਕੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ । ਇਸ ਮੌਕੇ ਵਿਦਿਆਰਥੀ ਭਲਾਈ ਅਫ਼ਸਰ ਪ੍ਰਭਜੀਤ ਕੌਰ ਉਘੇ ਲੇਖਕ ਕੰਵਲਜੀਤ ਸਿੰਘ ਸ਼ੰਕਰ, ਸਤਿਬੀਰ ਸਿੰਘ, ਨਰਜੀਤ ਸਿੰਘ, ਜਸਪ੍ਰੀਤ ਸਿੰਘ ਅਤੇ ਸ਼ਰਨਦੀਪ ਕੌਰ ਢਿੱਲੋਂ ਤੋਂ ਇਲਾਵਾ ਸਿਰਕੱਢ ਵਿਅਕਤੀ ਹਾਜ਼ਰ ਸਨ ।