........ਪਤੈ ਤੈਨੂੰ !
ਤੈਨੂੰ ਰਬ ਕਾਹਤੋਂ
ਕਹਿਨੀ ਆਂ ਮੈਂ ?
ਯਾਦ ਤਾਂ ਹੋਣੀ ਏ...ਤੇਰੇ ਤੇ ਮੇਰੇ
ਸਾਂਝੇ ਕਪ ਦੀ ਠੰਡੀ ਚਾਹ
ਮੇਰੇ ਹੰਝੂਆਂ ਦੇ ਸੁਆਦ ਵਾਲੀ
ਜਿਸਨੂੰ ਤੂੰ ਪ੍ਰਸ਼ਾਦ ਇਬਾਦਤ
ਤਰ੍ਹਾਂ ਗ੍ਰਹਿਣ ਕਰਿਆ ਸੀ ,,
ਯਾਦ ਤਾਂ ਤੈਨੂੰ ਹਰਪਲ
ਆਉਦੈਂ ਹੀ ਹੋਣਾ ਏ
ਓਸ ਰੋਟੀ ਦਾ ਸਵਾਦ ਵੀ
ਜੋ ਤੂੰ ਮੇਰੇ ਲਈ
ਮੈਥੋਂ ਚੋਰੀ ਜੂਠੀ ਕਰ
ਛੱਡਿਆ ਕਰਦਾ ਸੀ
ਤੇ ਮੈਂ ਤੈਥੋਂ ਚੋਰੀ
ਪ੍ਰਸ਼ਾਦ ਸਰੂਪ
ਗ੍ਰਹਿਣ ਕਰਦੀ ਸੀ ,,
ਭੁੱਲਿਆ ਤਾਂ ਤੂੰ ਇਹ ਵੀ
ਨਹੀ ਹੋਣਾ ਕਿ ਮੇਰੇ
ਪੋਲਾ ਜਿਹਾ ਕਹਿਣ ਤੇ
ਜਾਂਦਿਆਂ ਜਾਂਦਿਆਂ ਵੀ
ਤੇਰਾ ਸਾਰੇ ਰੁਝੇਵਿਆਂ ਨੂੰ
ਪਾਸੇ ਰਖ ਕਦਮ ਰੋਕਣੇ ਤੇ
ਮੌਨ ਰੂਪ ਮੇਰੇ ਕੋਲ ਬੈਠ
ਬਖ਼ਸ਼ਣਾ ਇਲਾਹੀ ਪਿਆਰ ਮੈਨੂੰ ,,
ਜਾਣਦੀ ਹਾਂ ਕਿ
ਸਬ ਯਾਦ ਏ ਤੈਨੂੰ
ਕਿ ਮੈਂ ਮੈਲੀ ਨਾ ਹੋ ਜਾਵਾਂ
ਇਸ ਡਰ ਤੋਂ,ਤੂੰ ਹਮੇਸ਼ਾ
ਬਸ ਬੰਦ ਅਖਾਂ ਥਾਣੀ
ਇਬਾਦਤ ਸਰੂਪ ਤੱਕਿਆ ਮੈਨੂੰ
ਮੇਰੇ ਮੱਥਾ ਟੇਕਦਿਆਂ ਹੀ
ਤੇਰਾ ਨੀਵੀਂ ਪਾ ਕੇ ਕੰਬ ਜਾਣਾ
ਵਿਸਾਰਿਆ ਨਹੀਂ ਏ ਤੂੰ ,,
ਰਹੀ ਦੁੱਖਾਂ ਦੀ ਗਲ
ਤਾਂ ਓਹ ਦੇਣ ਦਾ ਹਕ ਵੀ ਤਾਂ
ਰਬ ਦਾ ਹੀ ਹੂੰਦੈ
ਦੱਸ ਭਲਾ ਹੁਣ
ਏਦਾਂ ਦੀ ਮੁਹੱਬਤ
ਇਨਸਾਨ ਦੇ ਵਸ ਦੀ ਗੱਲ ਕਿੱਥੇ
ਤਾਂਹੀ ਤਾਂ ਝੱਲਿਆ !
ਰਬ ਕਹਿਨੀ ਆਂ ਤੈਨੂੰ ।।
.....ਚੰਦਰਕਾਂਤਾ ਰਾੲੇ
.....7009448261