ਐਲਸਬਰਾਂਟੇ, ਫਰਵਰੀ 14, 2019 - 'ਸਿੱਖਾਂ ਦਾ ਬਹੁਤ ਸਾਰਾ ਧਰਮ, ਇਤਿਹਾਸ ਤੇ ਵਿਰਸਾ ਪਾਕਿਸਤਾਨ ਅੰਦਰ ਰਹਿ ਗਿਆ। 1947 ਦੇ ਉਜਾੜੇ ਵੇਲੇ ਸਾਡੇ ਆਗੂ ਰੂਹਾਂ ਛੱਡ ਕੇ ਖਾਲੀ ਲੋਥਾਂ ਲੈ ਕੇ ਵਾਹਗਾ ਲਕੀਰ ਟੱਪ ਆਏ। ਹੁਣ ਉਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ ਦੀਦਾਰ ਵਾਸਤੇ ਤਰਸਦੇ ਸਿੱਖ ਹਰ ਵੇਲੇ ਅਰਦਾਸਾਂ ਕਰਦੇ ਹਨ।' ਪੰਜਾਬੀ ਦੇ ਪ੍ਰਸਿੱਧ ਸਾਹਿੱਤਕਾਰ ਚਰਨਜੀਤ ਸਿੰਘ ਪੰਨੂ ਨੇ ਐਲਸਬਰਾਂਟੇ ਗੁਰਦੁਆਰੇ ਦੀਆਂ ਸੰਗਤਾਂ ਦੇ ਰੂਬਰੂ ਹੁੰਦੇ ਆਪਣੀ ਬਾਈਵੀਂ ਪੁਸਤਕ ਪਾਕਿਸਤਾਨ ਸਫ਼ਰਨਾਮਾ 'ਮਿੱਟੀ ਦੀ ਮਹਿਕ' ਜੋ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹਵੇਂ ਪ੍ਰਕਾਸ਼ ਸਮਾਗਮਾਂ ਨੂੰ ਸਮਰਪਿਤ ਕੀਤੀ ਗਈ ਹੈ, ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸਿੱਖ ਸੈਂਟਰ ਆਫ਼ ਸੈਨਫ੍ਰਾਂਸਿਸਕੋ ਬੇ ਏਰੀਆ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਜਿਸ ਨੇ ਪਾਕਿਸਤਾਨ ਸਫ਼ਰਨਾਮਾ ਵਾਸਤੇ ਵਿਸ਼ੇਸ਼ ਦਿਲਚਸਪੀ ਦਿਖਾਈ ਤੇ ਲੇਖਕ ਨੂੰ ਸੰਗਤਾਂ ਦੇ ਸਨਮੁਖ ਹੋਣ ਦਾ ਅਵਸਰ ਦਿੱਤਾ। ਉਨ੍ਹਾਂ ਦੱਸਿਆ ਕਿ 1969 ਵਿਚ ਪਹਿਲੀ ਕਾਵਿ ਪੁਸਤਕ ਨਾਨਕ ਰਿਸ਼ਮਾਂ ਗੁਰੂ ਨਾਨਕ ਦੇ ਪੰਜ ਸੌਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਤੀ ਸੀ ਤੇ ਇਨ੍ਹਾਂ ਪੰਜਾਹ ਸਾਲਾਂ ਵਿਚ ਗੁਰੂ ਨਾਨਕ ਦੀ ਮਿਹਰ ਸਦਕਾ ਮੈਂ ਬਾਈ ਪੁਸਤਕਾਂ ਪੰਜਾਬੀ ਬੋਲੀ ਨੂੰ ਦੇ ਸਕਿਆ ਹਾਂ। ਉਨ੍ਹਾਂ ਬੜੀ ਬਰੀਕੀ ਨਾਲ ਸਕਰੀਨ ਉੱਤੇ ਪੁਸਤਕ 'ਮਿੱਟੀ ਦੀ ਮਹਿਕ' ਵਿਚਲੀਆਂ ਦੁਰਲਭ ਫ਼ੋਟੋਆਂ ਦਾ ਦਿਖਾਵਾ ਕੀਤਾ ਤੇ ਨਾਲ ਨਾਲ ਇਨ੍ਹਾਂ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ। ਬਾਬੇ ਨਾਨਕ ਦੀ ਜਨਮ ਭੌਂ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਥਾਨ, ਬੰਦ ਬੰਦ ਕੱਟੇ ਜਾ ਰਹੇ, ਖੋਪਰੀ ਲੁਹਾਉਂਦੇ ਸੂਰਮੇ ਅਤੇ ਆਪਣੇ ਜਿਗਰ ਦੇ ਟੋਟਿਆਂ ਨੂੰ ਟੋਟੇ ਟੋਟੇ ਕਰਵਾ ਕੇ ਝੋਲੀ ਵਿਚ ਪੁਆਉਂਦੀਆਂ ਪੰਜਾਬਣ ਸਿੱਖ ਮਾਵਾਂ ਤੋਂ ਇਲਾਵਾ ਸਾਡੇ ਅਮਰ ਸ਼ਹੀਦ ਭਗਤ ਸਿੰਘ ਦਾ ਜਨਮ ਸਥਾਨ, ਕਰਮ ਖੇਤਰ ਅਤੇ ਫਾਂਸੀ ਸਥਾਨ ਵੀ ਤਾਂ ਪਾਕਿਸਤਾਨ ਵਿਚ ਹੀ ਹਨ। ਇਸ ਪੁਸਤਕ ਵਿਚ ਪਾਕਿਸਤਾਨ ਵਿਚ ਰਹਿ ਗਏ ਸਥਾਨਾਂ ਦੀ ਸੰਗੀਤਮਈ ਜਾਂ ਵੈਰਾਗ ਭਰੀ ਦਾਸਤਾਨ ਹੈ। ਨਨਕਾਣਾ ਸਾਹਿਬ, ਪੰਜਾ ਸਾਹਿਬ, ਲਾਹੌਰ ਤੇ ਹੋਰ ਸਿੱਖ ਗੁਰਧਾਮਾਂ ਤੋਂ ਉਪਰੰਤ ਕਟਾਸ ਰਾਜ, ਨਿਰੰਕਾਰੀ ਬੁਨਿਆਦ, ਸ਼ਾਹੀ ਮਸਜਿਦ ਤੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਦਰਸ਼ਨ ਹੁੰਦੇ ਹਨ। ਦਾਤਾ ਅਲੀ ਹਜਵੇਰੀ, ਛੱਜੂ ਭਗਤ, ਬੁੱਧੂ ਦਾ ਆਵਾ, ਦੁੱਲਾ ਭੱਟੀ, ਜੋਗੀ ਟਿੱਲਾ, ਮਾਤਾ ਸਾਹਿਬ ਕੌਰ, ਬੀਬੀ ਕੌਲਾਂ, ਮਹਾਰਾਣੀ ਜਿੰਦਾਂ ਤੇ ਹੋਰ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕਰ ਕੇ ਪਾਠਕਾਂ ਦੇ ਸਨਮੁੱਖ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਪੁਸਤਕ ਹਰੇਕ ਮਾਈ ਭਾਈ ਜੋ ਪਾਕਿਸਤਾਨ ਬਾਰੇ ਜਾਣਨਾ ਚਾਹੁੰਦਾ ਹੈ ਜਾਂ ਜਾਣਾ ਚਾਹੁੰਦਾ ਹੈ, ਵਾਸਤੇ ਗਾਈਡ ਸਾਬਤ ਹੋਵੇਗੀ।
ਭਾਈ ਜਸਬੀਰ ਸਿੰਘ, ਕੁਲਵਿੰਦਰ ਸਿੰਘ, ਗੁਰੂ ਘਰ ਦੇ ਪ੍ਰਧਾਨ ਜਗਰੂਪ ਸਿੰਘ, ਤਾਨੀਸ਼ਾ ਕੌਰ ਸੰਧੂ ਜਨਰਲ ਸਕੱਤਰ, ਚਰਨਜੀਤ ਸਿੰਘ ਸਮਰਾ ਖ਼ਜ਼ਾਨਚੀ, ਲਖਵਿੰਦਰ ਸਿੰਘ ਪੰਨੂ, ਬਲਜਿੰਦਰ ਸਿੰਘ ਪੰਨੂ, ਜਥੇਦਾਰ ਸਰਵਣ ਸਿੰਘ ਨਿਹੰਗ ਤੇ ਹੋਰ ਮੈਂਬਰਾਂ ਨੇ ਚਰਨਜੀਤ ਸਿੰਘ ਪੰਨੂ ਦਾ ਸਨਮਾਨ ਕੀਤਾ। ਉਨ੍ਹਾਂ ਪੰਨੂ ਸਾਹਿਬ ਦਾ ਧੰਨਵਾਦ ਕਰਦੇ ਕਿਹਾ ਕਿ ਸਾਨੂੰ ਇਨ੍ਹਾਂ ਦੀ ਪੇਸ਼ਕਾਰੀ ਤੋਂ ਪਾਕਿਸਤਾਨ ਵਿਚਲੇ ਵਿੱਛੜੇ ਗੁਰਧਾਮਾਂ ਅਤੇ ਇਤਿਹਾਸਕ ਮੁੱਲ ਵਾਲੀਆਂ ਜਗ੍ਹਾਵਾਂ ਦੇ ਹੂਬਹੂ ਦਰਸ਼ਨ ਹੋ ਗਏ ਹਨ। ਪੁਸਤਕ ਪ੍ਰਾਂਪਤੀ ਵਾਸਤੇ ਦੇਸ਼ ਪੰਜ ਸੌ ਰੂਪੈ ਅਤੇ ਵਿਦੇਸ਼ ਵੀਹ ਡਾਲਰ +91 98720 07176 ਅਤੇ +14086084961 ਫ਼ੋਨ ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੋ ਸੌ ਪੁਸਤਕਾਂ ਮੁਫ਼ਤ ਦਿੱਤੀਆਂ ਜਾਣੀਆਂ ਹਨ ਜੋ ਭਾਰਤ ਅਤੇ ਪਾਕਿਸਤਾਨ ਦੇ ਲੋੜਵੰਦ ਪਾਠਕਾਂ ਵਾਸਤੇ ਰਾਖਵੀਂਆਂ ਹਨ।