ਗ਼ਜ਼ਲ
ਗੁਰਭਜਨ ਗਿੱਲ
ਤੂੰ ਇਹ ਗੱਲ ਕਦੇ ਵਿਸਾਰੀਂ ਨਾ ਇਹ ਜਿੰਦ ਬੁਲਬੁਲਾ ਪਾਣੀ ਦਾ।
ਦਮ ਆਵੇ ਬੰਦਾ ਜੀਂਦਾ ਹੈ, ਰੁਕਦੈ ਤਾਂ ਅੰਤ ਕਹਾਣੀ ਦਾ।
ਹਾਸਾ ਤੇ ਖੇੜਾ ਜ਼ਿੰਦਗੀ ਹੈ, ਰੋਣਾ ਕੁਰਲਾਉਣਾ ਪੱਤਝੜ ਹੈ,
ਰੀਝਾਂ ਨੇ ਤਾਣਾ ਤਣਨਾ ਹੈ, ਹਿੰਮਤ ਹੈ ਪੇਟਾ ਤਾਣੀ ਦਾ।
ਇੱਕੋ ਹੀ ਸਬਕ ਸਧਾਰਨ ਇਹ ਜੇ ਯਾਦ ਰਹੇ ਤਾਂ ਤਰ ਜਾਈਏ,
ਹਰ ਕਦਮ ਅਗਾਂਹ ਨੂੰ ਹੋ ਜਾਵੇ ,ਇੱਕੋ ਜੇ ਨਿਸ਼ਚਾ ਠਾਣੀਦਾ।
ਜੇ ਖ਼ਿਮਾ ਜਾਚਨਾ ਸਿੱਖ ਜਾਈਏ ਤੁਰ ਪਈਏ ਹਉਮੈ ਪਾਰ ਕਿਤੇ,
ਉਹ ਪਲ ਵਿਸਮਾਦੀ ਬਣ ਜਾਵੇ,ਓਸੇ ਦਾ ਰਸ ਰੰਗ ਮਾਣੀਦਾ।
ਫੁੱਲਾਂ ਨੂੰ ਭੰਵਰਾ ਚੁੰਮਦਾ ਹੈ,ਉੱਡ ਜਾਵੇ ਲੈ ਖ਼ੁਸ਼ਬੋਈਆਂ ਨੂੰ,
ਇਹ ਰੱਬ ਲਿਖੀਆਂ ਕਵਿਤਾਵਾਂ ਨੂੰ ਪੌਣਾਂ ਚੋਂ ਪੜ੍ਹ ਕੇ ਜਾਣੀਦਾ।
ਨਾ ਟੁੱਟੇ ਮਾਣ ਮੁਹੱਬਤਾਂ ਦਾ ਇਹ ਜੀਂਦਾ ਰੱਖੀਂ ਧਰਮ ਵਾਂਗ,
ਖ਼ਤ ਆਇਆ ਬਿਨ ਸਿਰਨਾਵੇਂ ਤੋਂ, ਬਿਨ ਲਿਖਿਆ ਦਿਲ ਦੀ ਰਾਣੀ ਦਾ।
ਜੜ੍ਹ ਮੰਗਦੀ ਜਿਵੇਂ ਕਰੂੰਬਲ ਤੋਂ ਇਕਰਾਰ ਨਿਭਾਵੀਂ ਹਰ ਮੌਸਮ,
ਖਿੜਨਾ ਤੇ ਮਹਿਕਾਂ ਵੰਡਣਾ ਹੈ, ਲੈ ਝੂਟਾ ਮੇਰੀ ਟਾਹਣੀ ਦਾ।