ਇੰਦੋਰ, 19 ਅਕਤੂਬਰ, 2016 : ਸਭ ਲਈ ਸੁੰਦਰ ਸੰਸਾਰ ਦੀ ਕਾਮਨਾ ਕਰਦਾ ਅਤੇ ਕਲਾ ਲੋਕਾਂ ਲਈ ਦਾ ਆਪਣਾ ਪ੍ਰਣ ਦੁਹਰਾਉਂਦਾ ਇਪਟਾ ਦਾ ਤਿੰਨ ਰੋਜ਼ਾ ਰਾਸ਼ਟਰੀ ਸਭਿਆਚਾਰਕ ਅਤੇ 14 ਵੀਂ ਰਾਸ਼ਟਰੀ ਕਾਨਫਰੰਸ ਜੋ ਇੰਦੋਰ (ਮੱਧ-ਪ੍ਰਦੇਸ) ਵਿਖੇ ਭਾਰਤ ਦੇ ਹਰ ਖਿਤੇ ਦੇ ਸਭਿਆਚਾਰਕ ਰੰਗ ਬਿਖੇਰਦੀ ਸ਼ਾਨੋ-ਸ਼ੌਕਤ ਨਾਲ ਨੇਪਰੇ ਚੜੀ।ਭਾਰਤੀ ਸਭਿਆਚਾਰ ਦੇ ਇਸ ਮਹਾਂ ਕੁੰਭ ਦਾ ਆਗ਼ਾਜ਼ ਫਿਲਮਕਾਰ ਅਤੇ ਰਾਸ਼ਟਰੀ ਇਪਟਾ ਦੇ ਅਹਿਮ ਕਾਰਕੁਨ ਐਮ.ਐਸ. ਸੈਥਊ ਤੇ ਪੇਰਿਨ ਦਾਜੀ ਨੇ ਸਾਂਝੇ ਤੌਰ 'ਤੇ ਝੰਡਾ ਲਹਿਰਾ ਕੇ ਕੀਤਾ ਅਤੇ ਇਪਟਾ ਦਾ ਝੰਡਾ ਗੀਤ ਇਪਟਾ, ਅਸ਼ੋਕ ਨਗਰ (ਮੱਧ-ਪ੍ਰਦੇਸ) ਇਪਟਾ, ਬਿਹਾਰ ਨੇ ਪੇਸ਼ ਕੀਤਾ।ਵੱਖ-ਵੱਖ ਰਾਜਾਂ ਦੇ ਚਿੱਤਰਕਾਰਾਂ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਉੱਘੇ ਫਿਲਮ ਅਭੀਨੇਤਾ, ਨਾਟਕਰਮੀ ਅਤੇ ਰਾਸ਼ਟਰੀ ਇਪਟਾ ਦੇ ਮੀਤ-ਪ੍ਰਧਾਨ ਅੰਜਨ ਸ਼੍ਰੀ ਵਾਸਤਵ ਨੇ ਕੀਤਾ।
ਪਹਿਲੇ ਦਿਨ ਪਹਿਲਾਂ ਸ਼ੈਸ਼ਨ ਮੌਕੇ ਜਿਸ ਦੇ ਪ੍ਰਧਾਨਗੀ ਮੰਡਲ ਵਿਚ ਐਮ.ਐਮ ਸੈਥਊ, ਅੰਜਨ ਸ਼੍ਰੀ ਵਾਸਤਵ, ਆਨੰਦ ਪਟਵਰਦਨ, ਕੁਲਦੀਪ ਸਿੰਘ, ਡਾ.ਰਣਬੀਰ ਸਿੰਘ, ਰਾਕੇਸ਼ ਸ਼ਾਮਿਲ ਸਨ ਦੌਰਾਨ ਇਪਟਾ ਦੇ ਰਾਸ਼ਟਰੀ ਪ੍ਰਧਾਨ ਡਾ. ਡਾ.ਰਣਬੀਰ ਸਿੰਘ (ਰਾਜਸਥਾਨ) ਨੇ ਵਿਚਾਰ ਪ੍ਰਗਟ ਕਰਦੇ ਕਿਹਾ ਕਿ ਇਪਟਾ ਇਕ ਇਕਲੌਤਾ ਸੰਗਠਨ ਹੈ ਜੋ ਪਹਿਲਾਂ ਵਾਗ ਹੁਣ ਵੀ ਸਾਰੀਆਂ ਖੇਤਰੀ ਭਾਸ਼ਾਵਾਂ ਵਿਚ ਇਕ ਰਾਸ਼ਟਰੀ ਅੰਦੋਲਨ ਪੈਦਾ ਕਰ ਸਕਦਾ ਹੈ।ਇਪਟਾ ਵੱਲੋਂ ਅਜ਼ਾਦੀ ਦੀ ਲੜਾਈ ਵਿਚ ਮੱਹਤਵਪੂਰਣ ਭੂਮਿਕਾ ਬਾਰੇ ਜਾਨਣ ਲਈ ਰੰਗਮੰਚ ਦੀਆਂ ਪੁਰਾਣੀਆਂ ਵਿਵਸਥਾਵਾਂ ਦੀ ਗੰਭੀਰ ਅਧਿਐਨ ਕਰਨਾ ਹੋਵੇਗਾ।ਇਪਟਾ ਨੇ ਉਸ ਸਮੇਂ ਦੀ ਹਾਕਮਾਂ ਨੂੰ ਇਹ ਵੀ ਅਸਿਹਾਸ ਕਰਵਾ ਦਿੱਤਾ ਸੀ ਕਿ ਸਮਾਜਿਕ ਤਬਦੀਲੀ ਲਈ ਰੰਗਮੰਚ ਇਕ ਸ਼ਕਤੀਸ਼ਾਲੀ ਅਤੇ ਅਸਰਦਾਰ ਹਥਿਆਰ ਹੈ।ਇਪਟਾ ਦੇ ਇਸ ਰਾਸ਼ਟਰੀ ਅਯੋਜਨ ਦੇ ਮੁੱਖ ਅਯਜੋਕ ਆਨੰਦ ਮੋਹਨ ਮਾਥੁਰ (ਇੰਦੋਰ) ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਤਿੰਨ ਦਿਨ ਦੌਰਾਨ ਦੇਸ਼-ਦੁਨੀਆਂ ਦੀਆਂ ਗੰਭੀਰ ਦਿੱਕਤਾ ਅਤੇ ਮੁਸ਼ਕਿਲਾਂ ਬਾਰੇ ਵਿਚਾਰਾਂ ਹੋਣਗੀਆਂ। ਤਿੰਨਾ ਦਿਨਾਂ ਦੌਰਾਨ ਸਾਰੇ ਸੂਬਿਆਂ ਦੇ ਡੈਲੀਗੇਟ ਆਪੋ-ਆਪਣੇ ਇਲਾਕਾਈ ਫਨ ਦਾ ਮੁਜ਼ਾਹਰਾਂ ਕਰਨਗੇ। ਪਰ ਸਭ ਤੋਂ ਮੱਹਤਵਪੂਰਣ ਹੋਵੇਗਾ ਕਿ ਅਸੀਂ ਆਪਣੀਆਂ ਭਵਿੱਖ ਦੀਆਂ ਗਤੀਵਿਧੀਆਂ ਤਹਿ ਕਰੀਏ ਅਤੇ ਇਪਟਾ ਦੀਆਂ ਗੋਰਵਸ਼ਾਲੀ ਪਰੰਪਰਵਾਂ ਨੂੰ ਕਿਵੇਂ ਕਾਮਯਾਬੀ ਨਾਲ ਅੱਗੇ ਵਧਾ ਸਕੀਏ।ਇਪਟਾ ਦੇ ਰਾਸ਼ਟਰੀ ਜਨਰਲ ਸੱਕਤਰ ਰਕੇਸ਼ (ਲਖਨਊ) ਨੇ ਇਪਟਾ ਦੀਆਂ ਰਾਸ਼ਟਰੀ ਗਤੀਵਿਧੀਆਂ ਦੇ ਖੁਲਾਸਾ ਕਰਦੇ ਕਿਹਾ ਕਿ ਜਿਹੜੀ ਸੰਸਥਾ ਤੋਂ ਤੁਹਾਨੂੰ ਜ਼ਿੰਦਗੀ ਦੀ ਕਦਰਾ-ਕੀਮਤਾ ਸਿਖਣ ਨੂੰ ਮਿਲਦੀਆਂ ਹਨ ਜੇ ਉਹ ਸੰਸਥਾਂ ਦੋ-ਤਿੰਨ ਪੀੜੀਆਂ ਬਾਅਦ ਵੀ ਆਪਣੇ ਮਿਥੇ ਰਾਹਾਂ 'ਤੇ ਨਿਰੰਤਰ ਤੁਰੀ ਨਜ਼ਰ ਆਵੇ ਤਾਂ ਇਹ ਬੇਹੱਦ ਖੁਸ਼ੀ ਅਤੇ ਸਕੂਨ ਦੇਣ ਵਾਲਾ ਮੌਕਾ ਹੁੰਦਾ ਹੈ।
ਡੈਲੀਗੇਟ ਸੈਸ਼ਨ ਦੌਰਾਨ ਸਾਰੇ ਸੂਬਿਆਂ ਦੇ ਜਨਰਲ ਸੱਕਤਰਾਂ ਨੇ ਆਪੋ-ਆਪਣੇ ਰਾਜਾਂ ਦੀਆ ਇਪਟਾ ਇਕਾਈਆਂ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕਰਨ ਦੇ ਨਾਲ ਨਾਲ ਮੁਕਲ ਵਿਚ ਇਪਟਾ ਦੀਆਂ ਸਰਗਰਮੀਆਂ ਵਿਚ ਹੋਰ ਵਾਧਾ ਅਤੇ ਕਾਰਜਸ਼ੈਲੀ ਵਿਚ ਸੁਧਾਰ ਲਿਆਉਣ ਲਈ ਸੁਝਾਅ ਦਿੱਤੇ। ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਅਤੇ ਇਪਟਾ ਦੀ ਪੰਜਾਬ ਇਕਾਈ ਦੇ ਜਨਰਲ ਸੱਕਤਰ ਸੰਜੀਵਨ ਸਿੰਘ ਨੇ ਪੰਜਾਬ ਇਕਾਈ ਰਿਪੋਰਟ ਪੇਸ਼ ਕੀਤੀ ਅਤੇ ਇਪਟਾ ਵੱਲੋਂ ਪਾਸ ਕੀਤੇ ਜਾ ਰਹੇ ਮਤਿਆਂ ਵਿਚ ਸਭਿਆਚਾਰਕ ਪ੍ਰਦੂਸ਼ਣ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਜਿਵੇਂ ਇਨਸਾਨ ਦੀ ਸਰੀਰਕ ਤੰਦਰੁਸਤੀ ਲਈ ਸ਼ੁੱਧ ਖਾਦ-ਖੁਰਾਕ, ਆਬੋ-ਹਵਾ ਦੀ ਜ਼ਰੂਰਤ ਹੈ। ਉਸੇ ਤਰਾਂ ਜ਼ਹਿਨੀ ਅਤੇ ਮਾਨਸਿਕ ਤੰਦਰੁਸਤੀ ਲਈ ਸਾਫ-ਸੁੱਥਰੇ ਅਤੇ ਨਿਰੋਏ ਸਭਿਆਚਾਰ ਦੀ ਵੀ ਲੋੜ ਹੈ ਪਰ ਅਫਸੋਸ ਪ੍ਰਦੂਸ਼ਿਤ ਵਾਤਾਵਰਣ ਦੇ ਨਾਲ ਨਾਲ ਸਾਡ ਸਭਿਆਚਾਰ ਵੀ ਪਲੀਤ ਹੋ ਗਿਆ ਹੈ।ਬੇਸ਼ਕ ਕੁਲੀ, ਗੁਲੀ ਅਤੇ ਜੁਲੀ ਅਹਿਮ ਮਸਲਾ ਹੈ।ਪਰ ਮਾਨਿਸਕ ਤੌਰ 'ਤੇ ਬਿਮਾਰ ਬੰਦੇ ਲਈ ਸਭ ਕੁੱਝ ਅਰਥਹੀਣ ਹੈ।ਇਸ ਲਈ ਸਭਿਆਚਰਕ ਪ੍ਰਦੂਸ਼ਣ ਫੈਲਾਉਣ ਵਾਲਿਆਂ ਨਾਲ ਕਰੜਾਈ ਨਾਲ ਸਿੱਝਣ ਲਈ ਇਪਟਾ ਨੂੰ ਸਾਰੇ ਭਾਰਤ ਵਿਚ ਇਨਾਂ ਖਿਲਾਫ ਅਵਾਜ਼ ਬੁੰਲਦ ਕਰਨੀ ਚਾਹੀਦੀ।ਹੋਰ ਮਤਿਆਂ ਦੇ ਨਾਲ ਨਾਲ ਇਹ ਮਤਾ ਵੀ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ।
ਪੰਜਾਬ, ਜੰਮੂ ਅਤੇ ਕਸ਼ਮੀਰ, ਰਾਜਸਥਾਨ, ਛਤੀਸਗੜ੍ਹ, ਉਤਰਾਂਚਲ ਪ੍ਰਦੇਸ, ਬਿਹਾਰ, ਮੱਧ-ਪ੍ਰਦੇਸ਼, ਉੜੀਸਾ, ਕਰਨਾਕਟਰ, ਪੱਛਮੀ ਬੰਗਾਲ, ਅਸਾਮ, ਆਂਧਰਾ ਪ੍ਰਦੇਸ, ਤੇਲੀਨਗਾਨਾ, ਉਤਰਖੰਡ, ਪਾਂਡੀਚਰੀ, ਓੜੀਸਾ, ਮਹਾਰਾਸ਼ਟਰ, ਝਾਰਖੰਡ, ਤਾਮਿਲਨਾਡੂ, ਕੇਰਲ, ਉਤਰ ਪ੍ਰਦੇਸ, ਚੰਡੀਗੜ੍ਹ, ਨਵੀਂ ਦਿੱਲੀ ਇਪਟਾ ਦੇ ਕਾਰਕੁਨਾਂ ਨੇ ਸਭਿਆਚਾਰਕ ਰੈਲੀ ਵਿਚ ਸ਼ਿਰਕਤ ਕੀਤੀ ਜੋ ਗਾਂਧੀ ਹਾਲ ਤੋਂ ਚੱਲ ਕੇ 10 ਕਿਲੋ ਮੀਟਰ ਦਾ ਸਫਰ ਤਹਿ ਕਰਕੇ ਇੰਦੋਰ ਦੇ ਬਜ਼ਾਰਾਂ, ਗਲੀਆਂ-ਮੁਹੱਲਿਆਂ ਤੋਂ ਹੁੰਦਾ ਹੋਇਆਂ ਮੁੜ ਗਾਂਧੀ ਨਗਰ ਵਿਖੇ ਸਮਾਪਤ ਹੋਇਆ। ਸਾਰੇ ਰਾਜਾਂ ਦੇ ਇਪਟਾ ਦੇ ਕਾਰਕੁਨਾਂ ਨੇ ਆਪਣੇ ਸੂਬਿਆਂ ਦੇ ਲੋਕ-ਨਾਚਾਂ, ਸਾਜ਼ਾ ਅਤੇ ਪੁਸ਼ਾਕਾਂ ਨਾਲ ਸਾਰੇ ਸ਼ਹਿਰ ਨੂੰ ਭਾਰਤੀ ਰੰਗ ਵਿਚ ਰੰਗ ਦਿੱਤਾ। ਤਿੰਨ ਰੋਜ਼ਾ ਰਾਸ਼ਟਰੀ ਸਭਿਆਚਾਰਕ ਅਤੇ ਕਾਨਫਰੰਸ ਦੌਰਾਨ ਭਾਰਤ ਭਰ ਤੋਂ 22 ਰਾਜਾਂ ਅਤੇ ਕੇਂਦਰ ਪ੍ਰਸ਼ਾਸ਼ਿਤ ਰਾਜਾਂ ਦੇ 800 ਦੇ ਕਰੀਬ ਇਪਟਾ ਦੀ ਸੋਚ ਅਤੇ ਮਕਸਦ ਨਾਲ ਸਹਿਮਤ, ਨਿਰੋਏ ਅਤੇ ਸੁਥਰੇ ਸਭਿਆਚਾਰ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਯਤਨਸ਼ੀਲ ਕਲਾਕਰਾਂ ਨੇ ਸ਼ਮੂਲੀਅਤ ਕਰਕੇ ਆਪੋ ਆਪਣੇ ਖੇਤਰੀ ਫਨ ਦਾ ਮੁਜ਼ਾਹਰਾ ਕੀਤਾ।
ਇਪਟਾ ਪੰਜਾਬ ਦੇ ਮੋਢੀਆਂ ਵਿਚ ਸ਼ੁਮਾਰ ਸਭ ਤੋਂ ਵਡੇਰੀ ਉਮਰ ਦੇ ਕਾਰਕੁਨਾਂ ਸਰਵਰਣ ਸਿੰਘ ਸੰਧੂ ਦੇ ਲੋਕਾਈ ਦੀ ਬਾਤ ਪਾਉਂਦੇ ਗੀਤ ਅਤੇ ਸਭ ਤੋਂ ਛੋਟੀ ਉਮਰ ਦੀ ਅਨਮੋਲ ਪ੍ਰੀਤ ਰੂਪੋਵਾਲੀ ਵੱਲੋਂ ਗਾਈ ਪਾਸ਼ ਦੀ ਨਜ਼ਮ "ਸਲੀਬਾ" ਨੇ ਦਰਸ਼ਕਾਂ ਉਪਰ ਡੂੰਘਾ ਪ੍ਰਭਾਵ ਛਡਿਆ। ਇਸ ਤੋਂ ਇਲਾਵਾ ਇਪਟਾ ਦੀ ਆਰ.ਸੀ.ਐਫ. (ਕਪੂਰਥਲਾ) ਇਕਾਈ ਵੱਲੋਂ ਸ਼ਹੀਦ ਭਗਤ ਸਿੰਘ ਪ੍ਰਤੀ ਰਾਜਨੀਨਿਤਕਾਂ ਦੀ ਬੇਸਮਝੀ ਅਤੇ ਬੇਰੁੱਖੀ ਬਿਆਨਦਾ ਗੁਰਸ਼ਰਨ ਭਾਜੀ ਦਾ ਲਿਖਿਆ ਅਤੇ ਇੰਦਰਜੀਤ ਰੂਪੋਵਾਲੀ ਦਾ ਨਿਰਦੇਸ਼ਿਤ ਨੁਕੜ ਨਾਟਕ "ਬੁੱਤ ਜਾਗ ਪਿਆ" ਤੇ ਇਪਟਾ ਮੋਗਾ ਵੱਲੋਂ ਕਲਮਕਾਰ ਰਾਮ ਲਾਲ ਪ੍ਰੇਮੀ (ਸਵਰਗੀ) ਦਾ ਲਿਖਿਆ, ਇਪਟਾ ਦੇ ਬਜ਼ੁਰਗ ਕਾਰਕੁਨ ਗੁਰਦਿਆਲ ਨਿਰਮਾਣ ਦੇ ਗਾਏ ਗੀਤ "ਕਾਮਗਾਰ" ਦੀ ਕੋਰੀਓਗ੍ਰਾਫੀ ਵਿੱਕੀ ਮਹੇਸ਼ਰੀ ਦੀ ਨਿਰਦੇਸ਼ਨਾ ਹੇਠ ਪੇਸ਼ਕਾਰੀ ਦਾ ਵੀ ਦਰਸ਼ਕਾਂ ਨੇ ਪ੍ਰਭਾਵ ਕਬੂਲਿਆ।ਇਨਾਂ ਦੋਵਾਂ ਪੇਸ਼ਕਾਰੀਆਂ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਗਏ ਨਾਟ-ਕਰਮੀਆਂ ਡਾ. ਸੁਰੇਸ਼ ਮਹਿਤਾ, ਰਾਬਿੰਦਰ ਸਿੰਘ ਰੱਬੀ, ਸਰਬਜੀਤ ਰੂਪੋਵਾਲੀ, ਦੀਪਕ, ਕਸ਼ਮੀਰੀ ਲਾਲ, ਬਲਬੀਰ ਮੂਦਲ, ਸ਼ਰਨਜੀਤ ਸਿੰਘ, ਮਨੀਸ਼ਾ, ਜਸਪ੍ਰੀਤ, ਕ੍ਰਿਸ਼ਣ ਕੁਮਾਰ, ਤ੍ਰਿਲੋਚਨ, ਜਤਿੰਦਰ ਜਿੰਦ ਨੇ ਵੱਖ-ਵੱਖ ਕਿਰਦਾਰ ਨਿਭਾਏ।ਇਸ ਰਾਸ਼ਟਰੀ ਕਾਨਫਰੰਸ ਵਿਚ ਦਰਬਾਰਾ ਸਿੰਘ, ਹਰਜੀਤ ਕੈਂਥ, ਪ੍ਰਦੀਪ ਸ਼ਰਮਾਂ, ਸਵੈਰਾਜ ਸੰਧੂ, ਅਮਨ ਭੋਗਲ, ਅਮਰਜੀਤ ਭੋਗਲ ਵੀ ਸ਼ਾਮਿਲ ਸਨ।