ਬਣੀ ਜ਼ਿੰਦਗੀ ਨਿਮਾਣੀ ਲੱਗੀ ਓੜਕਾਂ ਦੀ ਪਿਆਸ।
ਤੁਸੀਂ ਲਾਈ ਜਾਵੋ ਸਾਡੇ ਮੂੰਹ ਨੂੰ ਜ਼ਹਿਰ ਦਾ ਗਲਾਸ।
ਓਸ ਪੀੜ ਦੀ ਕਹਾਣੀ ਨਹੀਂ ਸੁਣਾਈ ਮੈਥੋਂ ਜਾਣੀ,
ਜਿਹੜੀ ਲਈ ਬੈਠਾ ਦਿਲ ਵਿੱਚ ਰਾਵੀ ਤੇ ਬਿਆਸ।
ਸਾਡੇ ਧੀਆਂ ਪੁੱਤ ਹੁੰਦੇ ਜਦੋਂ ਗੱਭਰੂ ਜਵਾਨ,
ਕਾਹਨੂੰ ਦਲੀਆ ਬਣਾਵੇ ਡਾਢੇ ਸਮੇਂ ਦਾ ਖਰਾਸ।
ਕਿੱਦਾਂ ਛੱਡ ਆਏ ਪਿੱਛੇ ਪਿੰਡ ਫ਼ਸਲਾਂ ਤੇ ਖੇਤ,
ਝੋਨੇ ਸਿਰ ਸੁੱਟੀ ਬੈਠੇ ਹੋਈਆਂ ਮੁੰਜਰਾਂ ਉਦਾਸ।
ਸਾਡੇ ਲਈ ਇਹ ਸਰਹੱਦ ਬਣੀ ਮੌਤ ਦੀ ਲਕੀਰ,
ਕਿੰਨੀ ਦੇਰ ਹਾਲੇ ਰਹਿਣੈਂ ਏਥੇ ਨਾਗਾਂ ਦਾ ਨਿਵਾਸ।
ਰਾਤੀਂ ਭੌਂਕਦੇ ਸੀ ਕੁੱਤੇ ਨੱਚੇ ਸਿਵਿਆਂ ਚ ਭੂਤ,
ਰੱਬਾ ਖ਼ੈਰ ਕਰੀਂ ਵਿਹੜੇ, ਕਰੀਂ ਬੁਰਿਆਂ ਦਾ ਨਾਸ।
ਜੰਗਬਾਜ਼ੋ ਬਾਜ ਆਓ, ਐਵੇਂ ਅੱਗ ਨਾ ਲਗਾਓ,
ਸਾਡੇ ਲਹੂ ਨਾਲ ਬੁੱਝਣੀ ਹੈ ਤੋਪਾਂ ਦੀ ਪਿਆਸ।