ਸਾਵੀ ਤੂਰ ਕਵਿਤਾ ਲਿਖਦੀ ਸੀ, ਛਪਦੀ ਘੱਟ
ਗੁਰਭਜਨ ਗਿੱਲ
ਕੈਲਗਰੀ , 20 ਅਕਤੂਬਰ , 2017 :
ਸਾਲ 2015 ਸੀ। ਗਰਮੀਆਂ ਦੇ ਦਿਨ ਸਨ। ਕੈਲਗਰੀ ਚ ਮੇਰੇ ਮਿੱਤਰ ਬਲਵਿੰਦਰ ਕਾਹਲੋਂ ਤੇ ਸਥਾਨਕ ਸੱਜਣਾਂ ਨੇ ਦੋ ਥਾਈ ਂ ਮੀਟਿੰਗਜ਼ ਰੱਖ ਲਈਆਂ।
ਇੱਕ ਮੀਟਿੰਗ ਤੋਂ ਬਾਦ ਦੂਜੀ ਵੱਲ ਤੁਰਨ ਲੱਗੇ ਤਾਂ ਤਿੰਨ ਕੁੜੀਆਂ ਮਿਲੀਆਂ।
ਇਨ੍ਹਾਂ ਚੋਂ ਵੱਡੀ ਸਾਵੀ ਤੂਰ ਸੀ। ਜਿਸ ਬਾਰੇ ਇਕਬਾਲ ਮਾਹਲ ਜੀ ਨੇ ਦੱਸਿਆ ਸੀ ਕਿ ਇੰਗਲੈਂਡ ਤੋਂ ਕੈਲਗਰੀ ਆਈ ਹੋਈ ਹੈ, ਉਹ ਤੈਨੂੰ ਮਿਲੇਗੀ।
ਮਿਲਣਸਾਰ ਸਾਵੀ ਨੇ 1978 ਚ ਛਪੀ ਆਪਣੀ ਕਿਤਾਬ ਦੀ ਪਹਿਲੀ ਕਿਤਾਬ (ਸ਼ੀਸ਼ਾ ਝੂਠ ਬੋਲਦਾ ਹੈ )ਦੀ ਇੱਕ ਕਵਿਤਾ ਪੜ੍ਹੀ
ਸ਼ਾਇਰਾਂ ਦਾ ਕਥਨ
ਔਰਤ ਫੁੱਲ ਹੁੰਦੀ ਹੈ
ਰੇਲ ਪਟੜੀ ਤੇ
ਕੋਲ਼ੇ ਚੁਗਦੀ ਮਦਰਾਸਣ ਤੋਂ ਲੈ ਕੇ
ਇੰਪਾਲਾ ਕਾਰ ਚ ਬੈਠੀ ਮੁਟਿਆਰ ਤੀਕ
ਫੁੱਲਾਂ ਦੀਆਂ ਕਿੰਨੀਆਂ ਕਿਸਮਾਂ ਹਨ।
ਇਹ ਕਿਤਾਬ ਛਪਣ ਵੇਲੇ ਮੈਂ ਲਾਜਪਤ ਰਾਏ ਮੈਮੋਰੀਅਲ ਕਾਲਿਜ ਚ ਲੈਕਚਰਰ ਸਾਂ ਤੇ ਸਾਵੀ ਸਰਕਾਰੀ ਸਾਇੰਸ ਕਾਲਿਜ ਜਗਰਾਓ ਂ ਚ ਪੜ੍ਹਦੀ ਸੀ। ਕੱਚਾ ਮਲਿਕ ਰੋਡ ਤੇ ਸ਼ਾਇਦ ਘਰ ਸੀ ਇਸ ਤੂਰ ਪਰਿਵਾਰ ਦਾ।
ਤਿੰਨਾਂ ਚੋਂ ਦੋ ਭੈਣਾਂ ਕੈਲਗਰੀ ਵੱਸਦੀਆਂ ਨੇ। ਲਗਾਤਾਰ ਪੜ੍ਹਦੀਆਂ ਨੇ ਸਾਹਿੱਤ।
ਸਾਵੀ ਮਾਨਚੈਸਟਰ (ਇੰਗਲੈਂਡ) ਨੇੜੇ ਰਹਿੰਦੀ ਸੀ। ਪਿਛਲੀ ਪੰਜਾਬ ਫੇਰੀ ਦੌਰਾਨ ਲੁਧਿਆਣੇ ਘਰ ਮਿਲਣ ਆਈ।
ਸਾਵੀ ਤੂਰ ਕਵਿਤਾ ਲਿਖਦੀ ਸੀ, ਛਪਦੀ ਘੱਟ। ਫੇਸ ਬੁੱਕ ਤੇ ਹੀ ਲਿਖਤਾਂ ਪਾਉਂਦੀ।
ਕਿਤਾਬ ਛਪਵਾਉਣ ਦੀ ਯੋਜਨਾ ਬਣਾ ਰਹੀ ਸੀ।
ਇਕਰਾਰ ਲੈ ਕੇ ਆਈ ਕਿ ਮੈਂ ਵੀ ਉਸ ਦੀ ਕਿਤਾਬ ਤੇ ਲਿਖਾਂਗਾ।
ਸਵੇਰੇ ਤੜਕਸਾਰ ਬਲਜੀਤ ਬੱਲੀ ਦੀ ਫੋਨ ਘੰਟੀ ਵੱਜੀ। ਉਸ ਨੇ ਪੁੱਛਿਆ ਕਿ ਕੀ ਤੈਨੂੰ ਪਤੈ ਕਿ ਸਾਵੀ ਤੂਰ ਤੁਰ ਗਈ ਹੈ।
ਪਤਾ ਕਰਕੇ ਦੱਸ?
ਮੈਂ ਉਸ ਦੀਆਂ ਭੈਣਾਂ ਨੂੰ ਫੋਨ ਕੀਤਾ। ਨਿੱਕੀ ਗੁਰਸ਼ਰਨ ਨੇ ਦੱਸਿਆ ਕਿ ਸਾਵੀ ਕੱਲ੍ਹ ਸ਼ਾਮੀਂ ਦਿਲ ਦੀ ਹਰਕਤ ਬੰਦ ਹੋਣ ਕਾਰਨ ਸਾਨੂੰ ਛੱਡ ਗਈ ਹੈ।
ਸਾਵੀ ਮੇਰੇ ਨਾਲ ਖੜ੍ਹੀ ਹੈ ਤੇ ਦੂਜੀਆਂ ਭੈਣਾਂ ਸਤਵਿੰਦਰ ਤੇ ਗੁਰਸ਼ਰਨ ਦੋਹੀਂ ਪਾਸੀਂ।
ਸਾਵੀ ਮੈਨੂੰ ਜਗਰਾਓ ਂ ਤਾਂ ਕਦੇ ਨਾ ਮਿਲੀ ਪਰ ਇਕ ਵਾਰ ਕੈਲਗਰੀ ਤੇ ਦੂਜੀ ਵਾਰ ਲੁਧਿਆਣੇ ਮਿਲੀ।
ਕੈਲਗਰੀ ਚ ਚਾਈਂ ਚਾਈਂ ਖਿਚਾਈ ਤਸਵੀਰ ਕਿਸ ਕੰਮ ਆਈ?
ਅਲਵਿਦਾ ਸਾਵੀ!
ਯਾਦਾਂ ਚ ਜਿਉਂਦੀ ਰਹੇਂਗੀ।
20.10.2017