ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 26 ਸਤੰਬਰ 2019 - ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਇੱਕ ਵੱਖਰਾ ਤੇ ਬਹੁਤ ਹੀ ਵਿਲੱਖਣ ਤਰੀਕਾ ਸਾਹਮਣੇ ਆਇਆ ਹੈ। ਹਰਿਆਣਾ ਦੇ ਯਮੁਨਾਨਗਰ ਦੇ ਵਾਸੀ ਨੌਂਵੀ ਜਮਾਤ 'ਚ ਪੜ੍ਹ ਰਹੇ ਮਹਿਜ਼ 13 ਸਾਲ ਦੀ ਉਮਰ ਦੇ ਬੱਚੇ ਅਮਨਜੋਤ ਸਿੰਘ ਸਢੌਰਾ ਵੱਲੋਂ ਗੁਰੂ ਨਾਨਕ ਦੇ ਜੀਵਨ 'ਤੇ 550 ਸਵਾਲ ਜਵਾਬ ਦੀ ਕਿਤਾਬ ਲਿਖ ਦਿੱਤੀ ਗਈ।
ਅਮਨਜੋਤ ਦੇ ਪਿਤਾ ਸ. ਗੋਬਿੰਦ ਸਿੰਘ ਭਾਟੀਆ ਨੇ ਬਾਬੂਸ਼ਾਹੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਬੱਚਾ ਮਹਿਜ਼ 13 ਸਾਲ ਦਾ ਹੈ ਤੇ ਉਸਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਸਵਾਲ ਜਵਾਬ ਵਾਲੀ ਕਿਤਾਬ ਲਿਖ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਮਨਜੋਤ ਪੰਜਾਬੀ ਟੀ.ਵੀ ਚੈਨਲ ਚੜ੍ਹਦੀਕਲਾ ਟਾਈਮ ਟੀ.ਵੀ 'ਤੇ ਆਉਂਦੇ ਪ੍ਰੋਗਰਾਮ "ਆੳ ਬਣੀਏ ਗੁਰਸਿੱਖ ਪਿਆਰਾ" ਦੇ ਦਸਵੇਂ ਸੀਜ਼ਨ ਦਾ ਵਿਨਰ ਰਹਿ ਚੁੱਕਾ ਹੈ। ਜਿਸ ਤੋਂ ਬਾਅਦ ਉਸਨੂੰ ਇਹ ਉੱਦਮ ਕਰਨ ਦੀ ਪ੍ਰੇਰਣਾ ਮਿਲੀ। ਉਨ੍ਹਾਂ ਦੱਸਿਆ ਕਿ ਇਹ ਕਿਤਾਬ ਅਪ੍ਰੈਲ ਦੇ ਮਹੀਨੇ ਰਿਲੀਜ਼ ਹੋਈ ਸੀ ਤੇ ਕਮਾਲ ਦੀ ਗੱਲ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੁਣ ਤੱਕ ਸਿਰਫ ੬ ਮਹੀਨਿਆਂ ਦੇ ਅੰਦਰ ਕਿਤਾਬ ਦੀਆਂ 2 ਲੱਖ ਤੋਂ ਵੱਧ ਕਾਪੀਆਂ ਛਪ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਕੋਈ ਐਸਾ ਮੁਲਕ ਨਹੀਂ ਜਿੱਥੋਂ ਦੀ ਨਾਨਕ ਨਾਮ ਲੇਵਾ ਸੰਗਤ ਨੇ ਇਸ ਕਿਤਾਬ ਨੂੰ ਨਾ ਮੰਗਵਾਇਆ ਹੋਵੇ।
ਅਮਨਜੋਤ ਦੇ ਪਿਤਾ ਗੋਬਿੰਦ ਸਿੰਘ ਭਾਟੀਆ ਖੁਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਯਮੁਨਾਨਗਰ, ਹਰਿਆਣਾ 'ਚ ਅੰਗ੍ਰੇਜ਼ੀ ਦੇ ਅਧਿਆਪਕ ਹਨ ਅਤੇ ਉਨ੍ਹਾਂ ਦੀ ਪਤਨੀ ਪੰਜਾਬੀ ਦੇ ਅਧਿਆਪਕ ਹਨ। ਅਮਨਜੋਤ ਦੇ ਪਿਤਾ ਤੇ ਮਾਤਾ ਦੋਹੇਂ ਹੀ ਲੇਖਕ ਵੀ ਹਨ ਤੇ ਉਨ੍ਹਾਂ ਨੂੰ ਹਰਿਆਣਾ ਸਰਕਾਰ ਤੋਂ ਸਟੇਟ ਐਵਾਰਡ, ਹਰਿਆਣਾ ਦੀ ਪੰਜਾਬ ਸਾਹਿਤਕ ਅਕੈਡਮੀ ਤੋਂ ਐਵਾਰਡ ਮਿਲ ਚੁੱਕਾ ਹੈ। ਅਮਨਜੋਤ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ 'ਚ ਬਣੀ ਲਾਈਬ੍ਰੇਰੀ 'ਚ ਤਕਰੀਬਨ ਡੇਢ ਲੱਖ ਦੀਆਂ ਪੁਸਤਕਾਂ ਪਈਆਂ ਹਨ ਤੇ ਉਨ੍ਹਾਂ ਦੇ ਬੇਟੇ ਨੂੰ ਕਿਤਾਬਾਂ ਨਾਲ ਸ਼ੁਰੂ ਤੋਂ ਹੀ ਬਹੁਤ ਮੋਹ ਰਿਹਾ ਹੈ।
ਅਮਨਜੋਤ ਦੇ ਪਿਤਾ ਗੋਬਿੰਦ ਸਿੰਘ ਭਾਟੀਆ
ਸ਼ਾਇਦ ਹੀ ਇਸ ਪੁਸਤਕ ਬਾਬੇ ਨਾਨਕ ਦੇ ਜੀਵਨ ਬਾਰੇ ਕੋਈ ਸਵਾਲ ਬਾਕੀ ਰਿਹਾ ਹੋਵੇ। ਇਸ ਪੁਸਤਕ ਨੂੰ ਵੱਖ-ਵੱਖ ਸਮਾਜ ਸੇਵੀ ਤੇ ਸਿੱਖ ਪ੍ਰਚਾਰਕਾਂ ਵੱਲੋਂ ਆਪਣੇ ਯਤਨਾਂ ਦੇ ਨਾਲ ਦੇਸ਼ - ਵਿਦੇਸ਼ਾਂ 'ਚ ਘਰ ਘਰ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਨੌਜਵਾਨ ਅਮਨਜੋਤ ਸਿੰਘ ਸਢੌਰਾ ਨੇ ਪੁਸਤਕ 'ਚ ਧੰਨਵਾਦ ਪੰਨੇ 'ਤੇ ਲਿਖਆ ਕਿ ਇਹ ਪੁਸਤਕ ਲਿਖਣੀ ਅਰੰਭ ਕਰਨ ਤੋਂ ਪਹਿਲਾਂ ਉਸਨੇ ਵੱਖ-ਵੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਦੀਆਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਪੁਸਤਕਾਂ ਪੜ੍ਹੀਆਂ। ਉਸਨੇ ਲਿਖਿਆ ਕਿ ਉਸ ਵੱਲੋਂ ਇਸ ਪੁਸਤਕ ਵਿਚ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਸਾਰੇ ਤੱਥ ਇਕੱਠੇ ਕੀਤੇ ਹਨ।
13 ਸਾਲ ਦੇ ਇਸ ਸਿੱਖ ਬੱਚੇ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਹੁਤ ਹੀ ਨੇਕ ਤੇ ਵਿਲੱਖਣ ਉਪਰਾਲਾ ਕੀਤਾ ਹੈ। ਬਾਬੂਸ਼ਾਹੀ ਇਸ ਬੱਚੇ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹੈ।
ਕਿਤਾਬ ਪੜ੍ਹਨ ਲਈ ਹੇਠਲੇ ਪੀ.ਡੀ.ਐਫ ਲਿੰਕ 'ਤੇ ਕਲਿੱਕ ਕਰੋ :-
https://drive.google.com/open?id=12p7XoHuRmxZ3bHpPD-ffXUXRKNrTnbyc