ਲੁਧਿਆਣਾ, 24 ਅਕਤੂਬਰ, 2017 : ਗੁਰੂ ਘਰ ਅੰਦਰ ਭੱਟ ਸਾਹਿਬਾਨ ਨੂੰ ਬਹੁਤ ਮਾਣ ਸਨਮਾਨ ਪ੍ਰਾਪਤ ਹੋਇਆ ਹੈ, ਖਾਸ ਕਰਕੇ ਭੱਟ ਦੀ ਬਾਣੀ ਆਪਣੀ ਭਾਸ਼ਾਈ ਪਰਪੱਕਤਾ, ਸ਼ਬਦਾਵਲੀ ਦੀ ਸੁਗਮਤਾ, ਉਪਮਾਵਾਂ ਦੀ ਸੁੰਦਰਤਾ ਅਤੇ ਵਿਚਾਰਾਂ ਦੀ ਉਚੱਤਤਾ ਕਾਰਨ ਬਹੁਤ ਪ੍ਰਸਿੱਧ ਮੰਨੀ ਜਾਂਦੀ ਹੈ ।
ਇਨ੍ਹਾਂ ਸ਼ਬਦ ਦਾ ਪ੍ਰਗਟਾਵਾ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ. ਭੁਪਿੰਦਰ ਸਿੰਘ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਉਘੇ ਸਿੱਖ ਚਿੰਤਕ ਤੇ ਲੇਖਕ ਭਾਈ ਬੇਅੰਤ ਸਿੰਘ ਕਲੇਰਾ ਵਾਲਿਆ ਵੱਲੋਂ ਭੱਟ ਸਾਹਿਬਾਨ ਤੇ ਲਿਖੀ ਪੁਸਤਕ "ਤਵਾਰੀਖ ਗਿਆਰਾਂ ਭੱਟ" ਨੂੰ ਰਿਲੀਜ਼ ਕਰਨ ਸਬੰਧੀ ਅਯੋਜਿਤ ਕੀਤੇ ਗਏ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਸੰਬੋਧਨ ਕਰਦਿਆ ਕੀਤਾ ।
ਇਸ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਸ. ਕ੍ਰਿਪਾਲ ਸਿੰਘ ਚੌਹਾਨ ਨੇ ਕਿਹਾ ਕਿ ਗਿਆਰਾ ਭੱਟ ਸਾਹਿਬਾਨ ਵੱਲੋਂ ਗੁਰ ਸਾਹਿਬਾਨ ਦੀ ਉਸਤਤ ਵਿਚ ਲਿਖੇ ਸਵਈਏ ਗਾਉਣ ਦੀ ਪ੍ਰੰਪਰਾ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇਖਣ ਨੂੰ ਮਿਲਦੀ ਹੈ । ਜੋ ਕਿ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਪ੍ਰਭੂ ਕੀਰਤੀ ਨਾਲ ਜੋੜਨ ਵਿੱਚ ਸਰਾਈ ਹੈ । ਉਨ੍ਹਾਂ ਨੇ ਭਾਈ ਬੇਅੰਤ ਸਿੰਘ ਕਲੇਰਾ ਵੱਲੋਂ ਲਿਖੀ ਗਈ ਪੁਸਤਕ "ਤਵਾਰੀਖ ਗਿਆਰਾਂ ਭੱਟ" ਸੰਬਧੀ ਕਿਹਾ ਕਿ ਜਿਸ ਸੁੰਦਰ ਤੇ ਸਹਿਜ ਢੰਗ ਨਾਲ ਉਹਨਾਂ ਨੇ ਭੱਟ ਸਾਹਿਬਾਨ ਦੇ ਜੀਵਨ ਸਬੰਧੀ ਖੋਜ ਭਰਪੂਰ ਪੁਸਤਕ ਲਿਖੀ ਹੈ । ਉਹ ਸਾਡੇ ਸਾਰਿਆ ਲਈ ਵੱਡਮੁੱਲੀ ਸੌਗਾਤ ਹੈ । ਸਮਾਗਮ ਦੇ ਮੌਕੇ ਜਿੱਥੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਪ੍ਰਮੁੱਖ ਸ. ਭੁਪਿੰਦਰ ਸਿੰਘ ਵੱਲੋਂ ਭਾਈ ਬੇਅੰਤ ਸਿੰਘ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਉਥੇ ਨਾਲ ਉਨ੍ਹਾਂ ਵੱਲੋਂ ਲਿਖੀ ਖੋਜ ਭਰਪੂਰ ਪੁਸਤਕ "ਤਵਾਰੀਖ ਗਿਆਰਾਂ ਭੱਟ" ਨੂੰ ਰਿਲੀਜ਼ ਵੀ ਕੀਤਾ ।
ਇਸ ਸਮੇਂ ਉਨ੍ਹਾਂ ਦੇ ਨਾਲ ਸ. ਕ੍ਰਿਪਾਲ ਸਿੰਘ ਚੌਹਾਨ, ਸ. ਜਤਿੰਦਰਪਾਲ ਸਿੰਘ ਸਲੂਜਾ, ਸ. ਅਮਰਜੀਤ ਸਿੰਘ ਨਨਕਾਣਾ ਸਾਹਿਬ, ਮਨਮੋਹਨ ਸਿੰਘ ਵਾਲੀਆ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਏ.ਪੀ. ਸਿੰਘ ਅਰੋੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।