ਪ੍ਰੋ: ਜਸਵੰਤ ਸਿੰਘ ਗੰਡਮ ਦੀ ਪੁਸਤਕ 'ਸੁੱਤੇ ਸ਼ਹਿਰ ਦਾ ਸਫ਼ਰ' ਲੋਕ ਅਰਪਨ
- ਪੁਸਤਕ ਸਭਿਆਚਾਰ ਹੋਰ ਪ੍ਰਫੁਲਤ ਕਰਨ ਦੀ ਲੋੜ- ਪ੍ਰੋ: ਚਾਂਸਲਰ ਸੀਹਰਾ
ਫਗਵਾੜਾ, 12 ਅਪ੍ਰੈਲ 2022 -
ਅੱਜ ਪ੍ਰੋ: ਜਸਵੰਤ ਸਿੰਘ ਗੰਡਮ ਦੀ ਲਿਖੀ ਹੋਈ ਪੁਸਤਕ 'ਸੁੱਤੇ ਸ਼ਹਿਰ ਦਾ ਸਫ਼ਰ' ਜੀ.ਐਨ.ਏ. ਯੂਨੀਵਰਸਿਟੀ ਦੇ ਪ੍ਰਧਾਨ ਅਤੇ ਪ੍ਰੋ: ਚਾਂਸਲਰ ਸ: ਗੁਰਦੀਪ ਸਿੰਘ ਸੀਹਰਾ ਨੇ ਯੂਨੀਵਰਸਿਟੀ ਕੈਂਪਸ ਵਿਖੇ ਲੋਕ ਅਰਪਨ ਕੀਤੀ। ਇਸ ਸਬੰਧੀ ਪ੍ਰਿੰ: ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿੱਚ ਸੰਖੇਪ ਸਮਾਗਮ ਜੀ.ਐਨ.ਏ. ਯੂਨੀਵਰਸਿਟੀ, ਪੰਜਾਬੀ ਵਿਰਸਾ ਟਰੱਸਟ (ਰਜਿ:) ਅਤੇ ਪੰਜਾਬੀ ਸਾਹਿਤ ਸਭਾ ਫਗਵਾੜਾ ਵਲੋਂ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸ. ਗੁਰਦੀਪ ਸਿੰਘ ਸੀਹਰਾ ਸ਼ਾਮਲ ਹੋਏ।
ਪੁਸਤਕ ਰਲੀਜ਼ ਕਰਨ ਉਪਰੰਤ ਗੁਰਦੀਪ ਸਿੰਘ ਸੀਹਰਾ ਨੇ ਲੇਖਕ ਨੂੰ ਵਧਾਈ ਦਿੰਦਿਆਂ ਸਾਹਿੱਤਕ ਪੁਸਤਕਾਂ ਪੜ੍ਹਨ ਅਤੇ ਪੁਸਤਕ ਸਭਿਆਚਾਰ ਹੋਰ ਪ੍ਰਫੁੱਲਤ ਕਰਨ ਉਤੇ ਜ਼ੋਰ ਦਿੱਤਾ। ਉਹਨਾ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਵੀ ਤਾਜ਼ਾ ਕੀਤੀਆਂ ਅਤੇ ਪ੍ਰੋ: ਜਸਵੰਤ ਸਿੰਘ ਗੰਡਮ ਸਮੇਤ ਆਪਣੇ ਅਧਿਆਪਕਾਂ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ।
ਇਸ ਮੌਕੇ ਬੋਲਦਿਆਂ ਜੀ ਐਨ ਏ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਵੀ.ਕੇ. ਰਤਨ ਨੇ ਪੁਸਤਕ ਵਿੱਚ ਕਰੋਨਾ ਕਾਲ ਦੌਰਾਨ ਲਿਖੀਆਂ ਰਚਨਾਵਾਂ ਦੀ ਚਰਚਾ ਕੀਤੀ ਅਤੇ ਉਮੀਦ ਜ਼ਾਹਿਰ ਕੀਤੀ ਕਿ ਲੋਕਾਂ ਨੂੰ ਸੇਧ ਦੇਣ ਵਾਲੀਆਂ ਹੋਰ ਰਚਨਾਵਾਂ ਵੀ ਰਚੀਆਂ ਜਾਂਦੀਆਂ ਰਹਿਣਗੀਆਂ। ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆਂ ਦੀ ਡੀਨ ਡਾ: ਮੋਨਿਕਾ ਹੰਸਪਾਲ ਅਤੇ ਬਿਜ਼ਨਿਸ ਸਕੂਲ ਦੇ ਡੀਨ ਪ੍ਰੋ: ਸਮੀਰ ਵਰਮਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਉਘੇ ਲੇਖਕ ਗੁਰਮੀਤ ਸਿੰਘ ਪਲਾਹੀ ਨੇ ਪ੍ਰੋ: ਜਸਵੰਤ ਸਿੰਘ ਗੰਡਮ ਦੀ ਪੁਸਤਕ ਨੂੰ ਪੰਜਾਬੀ ਵਾਰਤਕ ਵਿੱਚ ਇੱਕ ਮੀਲ ਪੱਥਰ ਗਰਦਾਨਿਆ ਅਤੇ ਕਿਹਾ ਕਿ ਚੰਗੇਰੀ ਪੰਜਾਬੀ ਵਾਰਤਕ ਦੀ ਘਾਟ ਪ੍ਰੋ: ਗੰਡਮ ਨੇ ਪੂਰੀ ਕੀਤੀ ਹੈ ਅਤੇ ਇਹ ਕਿਸੇ ਯੂਨੀਵਰਸਿਟੀ ਦੇ ਪਾਠ ਕਰਮ ਦੀ ਪੁਸਤਕ ਬਨਣ ਦਾ ਹੱਕ ਰੱਖਦੀ ਹੈ।
ਪ੍ਰਸਿੱਧ ਪੰਜਾਬੀ ਕਵੀ ਬਲਦੇਵ ਰਾਜ ਕੋਮਲ ਅਤੇ ਰਵਿੰਦਰ ਚੋਟ ਨੇ ਸਮਾਗਮ ਵਿੱਚ ਆਪਣੀਆਂ ਚੋਣਵੀਆਂ ਕਵਿਤਾਵਾਂ/ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਕੋਮਲ ਦਾ ਹੇਠ ਲਿਖਿਆ ਸ਼ੇਅਰ " ਮੈਂ ਖ਼ੂਨ-ਏ-ਜਿਗਰ ਨਾਲ ਲਿਖਦਾਂ ਜਦੋਂ ਵੀ ਲਿਖਦਾ ਹਾਂ ਕੋਮਲ, ਛੁਪਾਕੇ ਕਲਮ ਦੇ ਪਿੱਛੇ ਮੈਂ ਇੱਕ ਸ਼ਮਸ਼ੀਰ ਰੱਖੀ ਹੈ ਅਤੇ 'ਚੋਟ' ਦਾ "ਤੇਰੇ ਅੰਦਰਲਾ ਤੈਨੂੰ ਲਾਹਨਤਾਂ ਪਾਉਂਦਾ ਏ, ਕਦੇ ਉਸਦੇ ਵੀ ਆਖੇ ਲੱਗ ਜਾਇਆ ਕਰ" ਦੇ ਸ਼ੇਅਰ ਨੇ ਖ਼ੂਬ ਵਾਹਵਾ ਖੱਟੀ। ਉਪਰੰਤ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਮੁੱਖ ਮਹਿਮਾਨ ਸ. ਗੁਰਦੀਪ ਸਿੰਘ ਸੀਹਰਾ ਅਤੇ ਲੇਖਕ ਪ੍ਰੋ: ਜਸਵੰਤ ਸਿੰਘ ਗੰਡਮ ਨੂੰ ਸ਼ਾਲ ਦੇਕੇ ਸਨਮਾਨਤ ਕੀਤਾ। ਸ: ਸੀਹਰਾ ਨੂੰ ਪੰਜਾਬੀ ਵਿਰਸਾ ਟਰੱਸਟ ਵਲੋਂ ਪ੍ਰਕਾਸ਼ਤ ਕਿਤਾਬਾਂ ਦਾ ਇੱਕ ਸੈੱਟ ਵੀ ਭੇਟ ਕੀਤਾ ਗਿਆ।
ਫੋਟੋ ਕੈਪਸ਼ਨ: ਜੀ.ਐਨ.ਏ. ਯੂਨੀਵਰਸਿਟੀ ਦੇ ਪ੍ਰਧਾਨ ਅਤੇ ਪ੍ਰੋ ਚਾਂਸਲਰ ਸ. ਗੁਰਦੀਪ ਸਿੰਘ ਸੀਹਰਾ, ਪ੍ਰੋ: ਜਸਵੰਤ ਸਿੰਘ ਗੰਡਮ ਦੀ ਪੁਸਤਕ 'ਸੁੱਤੇ ਸ਼ਹਿਰ ਦਾ ਸਫ਼ਰ' ਲੋਕ ਅਰਪਨ ਕਰਦੇ ਹੋਏ। ਹੋਰਨਾਂ ਤੋਂ ਇਲਾਵਾ ਉਹਨਾ ਨਾਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਵੀ.ਕੇ. ਰਤਨ ਨਜ਼ਰ ਆ ਰਹੇ ਹਨ।