ਲੁਧਿਆਣਾ, 24 ਜਨਵਰੀ 2020 - ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ "ਪਰਵਾਸੀ ਪੰਜਾਬੀ ਸਾਹਿਤ: ਅਜੋਕੇ ਸੰਦਰਭ 'ਚ" ਵਿਸ਼ੇ 'ਤੇ ਹੋ ਰਹੀ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਅੱਜ ਦੂਜੇ ਦਿਨ ਪੰਜਾਬੀ ਅਤੇ ਅੰਗਰੇਜ਼ੀ ਦੇ ਵੱਖ-ਵੱਖ ਅਕਾਦਮਿਕ ਸੈਸ਼ਨਾਂ ਦੌਰਾਨ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਵਿਦਵਾਨ ਚਿੰਤਕਾਂ ਅਤੇ ਖੋਜਾਰਥੀਆਂ ਨੇ ਖੋਜ ਪੱਤਰ ਪੜ੍ਹੇ।
ਇਸ ਕਾਨਫ਼ਰੰਸ ਦੇ ਦੋਹਾਂ ਦਿਨਾਂ ਵਿੱਚ ਚੱਲੇ ਵੱਖ-ਵੱਖ ਪੰਜਾਬੀ ਅਤੇ ਅੰਗਰੇਜ਼ੀ ਅਕਾਦਮਿਕ ਸੈਸ਼ਨਾਂ ਦੌਰਾਨ ਲੱਗਭਗ ੭੦ ਦੇ ਕਰੀਬ ਖੋਜ ਪੱਤਰ ਪੜ੍ਹੇ ਗਏ। ਇਸ ਕਾਨਫਰੰਸ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਜਿਹੜੇ ਪਰਵਾਸੀ ਸਾਹਿਤਕਾਰ ਹੁਣ ਤਕ ਹਾਸ਼ੀਏ 'ਤੇ ਸਨ ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਨੂੰ ਵੱਖ ਵੱਖ ਦ੍ਰਿਸ਼ਟੀਆਂ ਪੱਖੋਂ ਅਧਿਅਨ ਦਾ ਅੰਗ ਬਣਾਇਆ ਗਿਆ।
ਇਸ ਕਾਨਫ਼ਰੰਸ ਦੇ ਪਹਿਲੇ ਦਿਨ ਸਮਾਨਾਂਤਰ ਦੋਹਾਂ ਭਾਸ਼ਾਵਾਂ ਦੇ ਖੋਜ ਪੱਤਰ ਚਾਰ ਅਕਾਦਮਿਕ ਸੈਸ਼ਨਾਂ ਵਿਚ ਪੜ੍ਹੇ ਗਏ। ਪੰਜਾਬੀ ਵਿਚ ਇਨ੍ਹਾਂ ਸੈਸ਼ਨਾਂ ਦੀ ਪ੍ਰਧਾਨਗੀ ਡਾ. ਜਸਪਾਲ ਕੌਰ, ਡਾ. ਅਮਰਜੀਤ ਕੌਰ,ਡਾ. ਗੁਰਪਾਲ ਸੰਧੂ, ਵਰਿਆਮ ਸੰਧੂ (ਕਹਾਣੀਕਾਰ) ਨੇ ਕੀਤੀ।
ਇਸ ਮੌਕੇ ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਵਿਚ ਪਰਵਾਸ ਤੇ ਅਧਾਰਿਤ ਲਘੂ ਫਿਲਮਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ।ਲਘੂ ਫਿਲਮਾਂ ਦੇ ਮੁਕਾਬਲੇ ਵਿਚ ਜੱਜ ਦੀ ਭੂਮਿਕਾ ਡਾ. ਲਖਵਿੰਦਰ ਸਿੰਘ ਜੌਹਲ, ਸ. ਹਰਜੀਤ ਸਿੰਘ, ਸਾਬਕਾ ਡਾਇਰੈਕਟਰ, ਦੂਰਸਰਸ਼ਨ, ਪੁਨੀਤ ਸਹਿਗਲ, ਡਿਪਟੀ ਡਾਇਰੈਕਟਰ ਨੇ ਨਿਭਾਈ। ਬਾਅਦ ਦੁਪਹਿਰ ਇਸ ਕਾਨਫ਼ਰੰਸ ਦੇ ਸਨਮਾਨ ਤੇ ਸਮਾਪਨ ਸਮਾਰੋਹ ਦੇ ਅੰਤਰਗਤ ਵਿਦਾਇਗੀ ਸੈਸ਼ਨ ਕਰਵਾਇਆ ਗਿਆ, ਜਿਸ ਦਾ ਮੂਲ ਮਨੋਰਥ ਵੱਖ-ਵੱਖ ਮੁਲਕਾਂ ਤੋਂ ਆਏ ਪਰਵਾਸੀ ਸਾਹਿਤਕਾਰਾਂ ਨੂੰ ਸਨਮਾਨਿਤ ਕਰਨਾ ਸੀ । ਇਸ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਸ੍ਰ. ਸਰਦਾਰਾ ਸਿੰਘ ਜੌਹਲ, ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਕੀਤੀ । ਇਸ ਮੌਕੇ 'ਤੇ ਡਾ. ਲਖਵਿੰਦਰ ਸਿੰਘ ਜੌਹਲ, ਸਕੱਤਰ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ, ਪ੍ਰੋ. ਗੁਰਭਜਨ ਗਿ ਅਤੇ ਸ੍ਰੀ ਸੁੱਖੀ ਬਾਠ, ਸੰਸਥਾਪਕ ਪੰਜਾਬ ਭਵਨ ਸਰੀ, ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ: ਸਤਬਿੰਦਰ ਸਿੰਘ, ਡਾ.ਸ.ਪ.ਸਿੰਘ, ਆਨਰੇਰੀ ਜਨਰਲ ਸਕੱਤਰ ਤੇ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਕਾਲਜ ਦੇ ਪ੍ਰਿੰਸੀਪਲ ਡਾ.ਅਰਵਿੰਦਰ ਸਿੰਘ ਨੇ ਇਸ ਵਿਦਾਇਗੀ ਸੈਸ਼ਨ ਵਿੱਚ ਪਹੁੰਚੀਆਂ ਪ੍ਰਬੁੱਧ ਸਖ਼ਸ਼ੀਅਤਾਂ ਨੂੰ ਗੁਲਦਸਤੇ ਦੇਂਦਿਆਂ ਰਸਮੀ ਤੌਰ 'ਤੇ ਜੀ ਆਇਆ ਆਖਿਆ। ਡਾ.ਸ.ਪ.ਸਿੰਘ ਨੇ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੇ ਪੰਜਾਬ ਭਵਨ ਸਰੀ, ਕੈਨੇਡਾ, ਪੰਜਾਬੀ ਅਕੈਡਮੀ, ਦਿੱਲੀ, ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ, ਆਸਟਰੇਲੀਆ, ਸਾਹਿਤ ਸੁਰ ਸੰਗਮ ਸਭਾ, ਇਟਲੀ ਦੇ ਸਹਿਯੋਗ ਨਾਲ ਇਹ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਬੜੀ ਸਫ਼ਲਤਾ ਨਾਲ ਆਯੋਜਨ ਕਰਵਾਉਣ ਵਿੱਚ ਸਫ਼ਲ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਸ ਕਾਨਫ਼ਰੰਸ ਦਾ ਮੂਲ ਉਦੇਸ਼ ਵਿਦੇਸ਼ਾਂ ਵਿੱਚ ਰਚੇ ਜਾ ਰਹੇ ਪਰਵਾਸੀ ਪੰਜਾਬੀ ਸਾਹਿਤ ਦੇ ਵੱਖ-ਵੱਖ ਸਰੋਕਾਰਾਂ ਨੂੰ ਨਵੇਂ ਪਰਿਪੇਖ ਵਿੱਚ ਸਮਝਣ ਦਾ ਯਤਨ ਕੀਤਾ ਜਾਵੇ।
ਡਾ. ਅਰਵਿੰਦਰ ਸਿੰਘ ਨੇ ਵੱਖ-ਵੱਖ ਮੁਲਕਾਂ ਤੋਂ ਆਏ ਪਰਵਾਸੀ ਲੇਖਕਾਂ, ਕੌਂਸਲ ਦੇ ਅਹੁੱਦੇਦਾਰਾਂ, ਵਿਦਵਾਨ ਚਿੰਤਕਾਂ ਅਤੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ । ਜਿਨ੍ਹਾਂ ਨੇ ਸਫ਼ਲਤਾਪੂਰਵਕ ਇਸ ਕਾਨਫ਼ਰੰਸ ਨੂੰ ਕਾਮਯਾਬ ਬਣਾਇਆ ਹੈ। ਸਮਾਗਮ ਦੇ ਅੰਤ ਵਿੱਚ ਪਰਵਾਸੀ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਦੋ ਰੋਜ਼ਾ ਕਾਨਫ਼ਰੰਸ ਦਾ ਜੋ ਮੂਲ ਉਦੇਸ਼ ਉਨ੍ਹਾਂ ਪਰਵਾਸੀ ਸਾਹਿਤਕਾਰਾਂ ਨੂੰ ਹੌਂਸਲਾ ਵਧਾਉਣਾ ਸੀ ਜੋ ਅਜੇ ਤੱਕ ਪਰਵਾਸੀ ਪੰਜਾਬੀ ਸਾਹਿਤ ਦੇ ਵਿੱਚ ਹਾਸ਼ੀਏ 'ਤੇ ਸਨ ਇਨ੍ਹਾਂ ਦੋਹਾਂ ਸੰਸਥਾਵਾਂ ਦਾ ਮਨੋਰਥ ਵੀ ਇਹ ਸੀ ਕਿ ਪਰਵਾਸੀ ਸਾਹਿਤਕਾਰਾਂ ਨੂੰ ਇਕ ਸਾਂਝਾ ਅੰਤਰਰਾਸ਼ਟਰੀ ਮੰਚ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਪਰਵਾਸੀ ਪੰਜਾਬੀ ਸਾਹਿਤ ਨੂੰ ਨਵੇਂ ਸੰਦਰਭਾਂ ਤੇ ਪਰਿਪੇਖਾਂ ਰਾਹੀਂ ਨਵੇਂ ਸੰਵਾਦ ਭਵਿੱਖ ਵਿੱਚ ਪੈਦਾ ਹੋ ਸਕਣ । ਵੱਖ-ਵੱਖ ਮੁਲਕਾਂ ਤੋਂ ਆਏ ਪਰਵਾਸੀ ਪੰਜਾਬੀ ਸਾਹਿਤਕਾਰਾਂ ਸ. ਸੁੱਖੀ ਬਾਠ (ਕੈਨੇਡਾ), ਪ੍ਰਿੰਸੀਪਲ ਸਰਵਣ ਸਿੰਘ, ਪਰਮਿੰਦਰ ਸਵੈਚ, ਦਰਸ਼ਨ ਸੰਘਾ, ਇੰਦਰਜੀਤ ਧਾਮੀ, ਕੇਸਰ ਸਿੰਘ ਕੂਨਰ , ਬਿੱਕਰ ਸਿੰਘ ਖੋਸਾ, ਚਮਕੌਰ ਸਿੰਘ ਸੇਖੋਂ, ਚਰਨ ਸਿੰਘ, ਕੈਨੇਡਾ ਤੋਂ ਨਕਸ਼ਦੀਪ ਪੰਜਕੋਹਾ, ਸੁਖਵਿੰਦਰ ਕੰਬੋਜ, ਅਮਰੀਕਾ, ਮਨਜੀਤ ਬੋਪਾਰਾਏ, ਪਾਲ ਰਾਊਂਕੇ, ਮੀਤ ਮਲਕੀਤ, ਗੁਰਬਚਨ ਸਿੰਘ, ਜਗਪਾਲ ਆਸਟਰੇਲੀਆ ਨੇ ਸ਼ਿਰਕਤ ਕੀਤੀ।
ਇਸ ਵਿਦਾਇਗੀ ਸੈਸ਼ਨ ਵਿੱਚ ਸ.ਕੁਲਜੀਤ ਸਿੰਘ, ਸ. ਭਗਵੰਤ ਸਿੰਘ, ਸ. ਹਰਦੀਪ ਸਿੰਘ ਕੌਂਸਲ ਦੇ ਅਹੁੱਦੇਦਾਰ, ਜੀ.ਜੀ.ਐਨ.ਆਈ.ਐਮ.ਟੀ.ਅਤੇ ਜੀ.ਜੀ.ਐਨ.ਆਈ.ਵੀ.ਐਸ. ਦੇ ਡਾਇਰੈਕਟਰ ਪ੍ਰੋ: ਮਨਜੀਤ ਸਿੰਘ ਛਾਬੜਾ ਅਤੇ ਜੀ.ਜੀ.ਐਨ.ਆਈ.ਐਮ.ਟੀ. ਸੰਸਥਾ ਦੇ ਪ੍ਰਿੰਸੀਪਲ ਡਾ. ਹਰਦੀਪ ਸਿੰਘ ਅਤੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ 'ਚੋਂ ਡਾ. ਭੁਪਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਪ੍ਰੋ: ਸ਼ਰਨਜੀਤ ਕੌਰ, ਪ੍ਰੋ: ਹਰਪ੍ਰੀਤ ਸਿੰਘ ਦੂਆ, ਡਾ. ਤਜਿੰਦਰ ਕੌਰ, ਪ੍ਰੋ. ਹਰਪ੍ਰੀਤ ਸਿੰਘ ਅਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਇਸ ਵਿਦਾਇਗੀ ਸੈਸ਼ਨ ਵਿੱਚ ਮੌਜੂਦ ਰਹੇ।