ਅਮੈਨੀ ਗਿੱਲ ਦੀ ‘ਸੁਪਨਿਆਂ ਦਾ ਸਿਰਨਾਵਾਂ’ ਪੁਸਤਕ ਹੋਈ ਲੋਕ-ਅਰਪਣ ਅਤੇ ਕੀਤੀ ਗਈ ਵਿਚਾਰ ਚਰਚਾ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ ਨਗਰ 26 ਜੁਲਾਈ 2022 - ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਅਮੈਨੀ ਗਿੱਲ ਦੀ ਪੁਸਤਕ ‘ਸੁਪਨਿਆਂ ਦਾ ਸਿਰਨਾਵਾਂ’ ਨੂੰ ਲੋਕ ਅਰਪਣ ਕਰਦਿਆਂ ਇਸ ਸਬੰਧੀ ਵਿਚਾਰ-ਚਰਚਾ ਦਾ ਆਯੋਜਨ ਕੀਤਾ ਗਿਆ । ਪ੍ਰਸਿੱਧ ਗ਼ਜ਼ਲਗੋ ਸਿਰੀ ਰਾਮ ਅਰਸ਼ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਡਾ. ਗੁਰਮੇਲ ਸਿੰਘ (ਡੀਨ, ਸਰਕਾਰੀ ਕਾਲਜ, ਸੈਕਟਰ 11, ਚੰਡੀਗੜ੍ਹ) ਵੱਲੋਂ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵਲੋਂ ਪ੍ਰੋਗਰਾਮ ਦੇ ਸ਼ੁਰੂਆਤੀ ਪਲਾਂ ਵਿੱਚ ਆਏ ਹੋਏ ਸਾਹਿਤਕਾਰਾਂ ਪਾਠਕਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕਰਦਿਆਂ ਪੰਜਾਬੀ ਕਵਿਤਾ ਦੀਆਂ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ।
ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਉਂਦਿਆਂ ਸਮੁੱਚੇ ਸਮਾਗਮ ਦੇ ਮਨੋਰਥ ਬਾਰੇ ਜਾਣਕਾਰੀ ਦਿੰਦਿਆਂ ਚਰਚਾ ਦਾ ਆਗਾਜ਼ ਕੀਤਾ ਗਿਆ । ਪੁਸਤਕ ‘ਸੁਪਨਿਆਂ ਦਾ ਸਿਰਨਾਵਾਂ’ਨੂੰ ਸਿਰੀ ਰਾਮ ਅਰਸ਼, ਡਾ. ਗੁਰਮੇਲ ਸਿੰਘ, ਡਾ.ਦਵਿੰਦਰ ਸਿੰਘ ਬੋਹਾ, ਡਾ. ਸੁਨੀਤਾ ਰਾਣੀ, ਅਮੈਨੀ ਗਿੱਲ, ਦਰਸ਼ਨ ਕੌਰ, ਸ਼੍ਰੀਮਤੀ ਸੰਤੋਸ਼ ਗਰਗ, ਸ਼੍ਰੀ ਸਰਦਾਰਾ ਸਿੰਘ ਚੀਮਾ, ਸ਼ਾਇਰ ਭੱਟੀ, ਸੁਰਜੀਤ ਸੁਮਨ ਅਤੇ ਸਰੂਪ ਸਿਆਲਵੀ ਵੱਲੋਂ ਪੁਸਤਕ ਲੋਕ ਅਰਪਣ ਕੀਤੀ ਗਈ। ਡਾ. ਸੁਨੀਤਾ ਰਾਣੀ ਵੱਲੋਂ ਆਪਣੇ ਪਰਚੇ ਵਿੱਚ ‘ਸੁਪਨਿਆਂ ਦਾ ਸਿਰਨਾਵਾਂ’ਕਾਵਿ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ ਆਧਾਰ ਬਣਾਉਂਦਿਆਂ ਕਵਿੱਤਰੀ ਵੱਲੋਂ ਆਪਣੀ ਕਵਿਤਾ ਵਿੱਚ ਪੇਸ਼ ਵਿਅਕਤੀਗਤ ਅਨੁਭਵ ਤੋਂ ਲੈ ਕੇ ਸਮਾਜਕ ਸਰੋਕਾਰਾਂ ਬਾਰੇ ਵਿਸਥਾਰਪੂਰਵਕਚਾਨਣਾ ਪਾਇਆ।
ਮੁੱਖ ਮਹਿਮਾਨ ਡਾ. ਗੁਰਮੇਲ ਸਿੰਘ (ਡੀਨ, ਸਰਕਾਰੀ ਕਾਲਜ, ਸੈਕਟਰ 11, ਚੰਡੀਗੜ੍ਹ) ਵੱਲੋਂ ਪੁਸਤਕ ਵਿੱਚ ਸ਼ਾਮਿਲ ਕਵਿਤਾਵਾਂ ਦੀ ਸੂਖਮਤਾ ਨੂੰ ਸਮਝਣ ਤੋਂ ਲੈ ਕੇ ਇਸ ਦੇ ਗਹਿਨ-ਗੰਭੀਰ ਅਰਥਾਂ ਪੱਖੋਂ ਕਵਿਤਾ ਦੀ ਅਹਿਮੀਅਤ ਨੂੰ ਸਮਝਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਸਿੱਧ ਗ਼ਜ਼ਲਗੋ ਸਿਰੀ ਰਾਮ ਅਰਸ਼ ਵੱਲੋਂ ਕਵਿੱਤਰੀ ਦੀ ਸਮੁੱਚੀ ਕਵਿਤਾ ਦੇ ਸੰਦਰਭ ਵਿੱਚ ਔਰਤ ਦੇ ਬਦਲ ਰਹੇ ਪਰਿਪੇਖ ਅਤੇ ਇਨ੍ਹਾਂ ਦੀਆਂ ਦੁਸ਼ਵਾਰੀਆਂ ਬਾਰੇ ਚਰਚਾਕਰਦਿਆਂ ਇਸ ਕਵਿਤਾ ਤੋਂ ਭਵਿੱਖ ਚ ਵੱਡੀਆਂ ਉਮੀਦਾਂ ਦੀ ਗੱਲ ਕੀਤੀ ਗਈ।
ਇਸ ਮੌਕੇ ਸ਼੍ਰੀ ਸਰੂਪ ਸਿਆਲਵੀ, ਸ਼੍ਰੀਮਤੀ ਸੰਤੋਸ਼ ਗਰਗ, ਸ਼੍ਰੀ ਸਰਦਾਰਾ ਸਿੰਘ ਚੀਮਾ ਅਤੇ ਸ਼ਾਇਰ ਭੱਟੀ ਵੱਲੋਂ ਵੀ ਆਪਣੇ ਵਿਚਾਰਾਂ ਦੀ ਸਾਂਝ ਪਾ ਕੇ ਵਿਚਾਰ ਚਰਚਾ ਨੂੰ ਮਹੱਤਵਪੂਰਨ ਬਣਾਇਆ ਗਿਆ। ਇਨ੍ਹਾਂ ਤੋਂ ਇਲਾਵਾ ਸਮਾਗਮ ਵਿਚ ਜ਼ਿਲ੍ਹੇ ਦੀਆਂ ਅਨੇਕ ਨਾਮਵਰ ਸ਼ਖਸੀਅਤਾਂ ਜਿਵੇਂ ਸ਼੍ਰੀ ਸੁਰਜੀਤ ਸੁਮਨ, ਸ਼੍ਰੀ ਜੇ.ਐੱਸ.ਮਹਿਰਾ, ਡਾ. ਅਵਤਾਰ ਸਿੰਘ ਪਤੰਗ, ਸ਼੍ਰੀ ਪਾਲ ਅਜਨਬੀ, ਸ੍ਰੀ ਸੰਜੀਵ ਭੂਸ਼ਣ, ਸ਼੍ਰੀਮਤੀ ਸੁਧਾ ਜੈਨ ਆਦਿ ਵੱਲੋਂ ਸ਼ਿਰਕਤ ਕੀਤੀ ਗਈ। ਪ੍ਰੋਗਰਾਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਪਤਵੰਤੇ ਸੱਜਣਾਂ ਦਾ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਜ਼ਿਲ੍ਹਾ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਸਮਾਗਮ ਮੌਕੇ ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।