ਗੁਰਬਾਣੀ, ਇਤਿਹਾਸ ਅਤੇ ਜੀਵਨ ਬਿਰਤਾਂਤਾਂ ਨੂੰ ਸੰਭਾਲਣ ’ਚ ਸਹਾਈ ਹੋਵੇਗੀ ਪੁਸਤਕ : ਬੀਬੀ ਜਗੀਰ ਕੌਰ
ਚੰਡੀਗੜ੍ਹ/ਪਟਿਆਲਾ 11 ਜਨਵਰੀ 2020 - ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿਆਰ ਕੀਤੀ ਪੁਸਤਕ ‘ਗੁਰੂ ਨਾਨਕ ਕੀ ਵਡਿਆਈ’ ਨੂੰ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿਖੇ ਜਾਰੀ ਕਰਦਿਆਂ ਸੰਗਤ ਅਰਪਣ ਕੀਤੀ ਗਈ। ਪੁਸਤਕ ‘ਗੁਰੂ ਨਾਨਕ ਕੀ ਵਡਿਆਈ’ ਦੀ ਮੁੱਖ ਸੰਪਾਦਨਾ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਕੀਤੀ ਗਈ ਹੈ। ਇਸ ਮੌਕੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਗਠਿਤ ਸੈਮੀਨਾਰ ਕਮੇਟੀ ਵੱਲੋਂ ਪ੍ਰਬੰਧ ਅਧੀਨ ਸਕੂਲਾਂ-ਕਾਲਜਾਂ ’ਚ ਕਰਵਾਏ ਗਏ ਸੈਮੀਨਾਰਾਂ ਦੌਰਾਨ ਵੱਖ-ਵੱਖ ਬੁੱਧਜੀਵੀਆਂ ਅਤੇ ਵਿਦਵਾਨਾਂ ਵੱਲੋਂ ਪੇਪਰ ਪੜ੍ਹੇ ਗਏ, ਜਿਸ ਨੂੰ ਪੁਸਤਕ ਰੂਪ ’ਚ ਛਪਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਗੁਰੂ ਸਾਹਿਬ ਦੀ ਬਾਣੀ, ਇਤਿਹਾਸ ਅਤੇ ਜੀਵਨ ਬਿਰਤਾਂਤਾਂ ਨੂੰ ਸਦੀਵੀ ਰੂਪ ਵਿਚ ਸੰਭਾਲਣ ਲਈ ਸਹਾਈ ਹੋਵੇਗੀ।
ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੁਸਤਕ ‘ਗੁਰੂ ਨਾਨਕ ਕੀ ਵਡਿਆਈ’ ’ਚ ਗੁਰੂ ਸਾਹਿਬ ਦਾ ਜੀਵਨ, ਵਿਚਾਰਧਾਰਾ ਅਤੇ ਉਦੇਸ਼ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਸ਼ੋ੍ਰਮਣੀ ਕਮੇਟੀ ਵੱਲੋਂ ਕੀਤਾ ਇਹ ਉਦਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਸੈਮੀਨਾਰ ਕਮੇਟੀ ਵੱਲੋਂ 51 ਦੇ ਕਰੀਬ ਕਰਵਾਏ ਗਏ ਸੈਮੀਨਾਰਾਂ ’ਚ ਵੱਖ-ਵੱਖ ਪਹਿਲੂਆਂ ’ਤੇ ਵਿਦਵਾਨਾਂ ਵੱਲੋਂ ਪੇਸ਼ ਕੀਤੇ ਵਿਚਾਰਾਂ ਨਾਲ ਤਿਆਰ ਕੀਤੀ ਇਹ ਪੁਸਤਕ ਮਹੱਤਵਪੂਰਨ ਦਸਤਾਵੇਜ਼ ਬਣੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ, ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਗੁਰਚਰਨ ਸਿੰਘ ਗਰੇਵਾਲ, ਜਥੇਦਾਰ ਗੁਰਮੀਤ ਸਿੰਘ ਬੂਹ, ਬੀਬੀ ਕੁਲਦੀਪ ਕੌਰ ਟੌਹੜਾ, ਮੀਤ ਸਕੱਤਰ ਸਿਮਰਜੀਤ ਸਿੰਘ, ਡਾਇਰੈਕਟਰ ਤੇਜਿੰਦਰ ਕੌਰ ਧਾਲੀਵਾਲ, ਭਗਵੰਤ ਸਿੰਘ ਧੰਗੇੜਾ, ਡਾ. ਸੁਖਬੀਰ ਸਿੰਘ, ਡਾ. ਪਰਮਵੀਰ ਸਿੰਘ, ਡਾ. ਸਰਬਜਿੰਦਰ ਸਿੰਘ, ਲੇਖਕ ਗੁਰਤੇਜ ਸਿੰਘ ਠੀਕਰੀਵਾਲ, ਕਸ਼ਮੀਰ ਸਿੰਘ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ ਪਿ੍ਰੰਸੀਪਲ ਸਾਹਿਬਾਨ ਵੀ ਹਾਜ਼ਰ ਸਨ।