ਬਲਿਹਾਰੀ ਜੋ ਕੁਦਰਤ ਵੱਸਦਾ
ਤੂੰ ਲੱਭਦੈਂ ਸੰਗ ਮਰ ਮਰ ਅੰਦਰ।
ਪੜ੍ਹਿਆ ਕਰ ਤੂੰ ਸ਼ਬਦ ਗੁਰੂ ਨੂੰ
ਹਰਿ ਤਾਂ ਵੱਸਦਾ ਹਰ ਹਰ ਅੰਦਰ।
ਆਪਣੀ ਪੀੜ ਵਿਖਾ ਕੇ ਐਵੇਂ
ਹਮਦਰਦੀ ਨਾ ਮੰਗੀਂ ਸੱਜਣਾ,
ਮਲ੍ਹਮ ਵਿਰਲਿਆਂ ਪੱਲੇ ਏਥੇ
ਲੂਣਦਾਨੀਆਂ ਘਰ ਘਰ ਅੰਦਰ।
ਖੋਲ੍ਹ ਦਿਆ ਕਰ ਕੈਦਾਂ ਕੜੀਆਂ
ਰੂਹ ਦੇ ਪੰਛੀ ਉੱਡਣਾ ਚਾਹੁੰਦੇ,
ਕਣ ਕਣ ਵਿੱਚ ਪਰਵਾਜ਼ ਭਰੀ ਤੇ,
ਲਿਖੀ ਇਬਾਰਤ ਪਰ ਪਰ ਅੰਦਰ।
ਅੰਦਰ ਕੁੰਡੀ ਬਾਹਰ ਵੀ ਜੰਦਰੇ
ਬੈਠੇ ਰਹੀਏ ਅੰਦਰੇ ਅੰਦਰੇ,
ਹਾਏ! ਕੀ ਹੋ ਚੱਲਿਆ ਸਾਨੂੰ
ਮਰ ਚੱਲੇ ਹਾਂ ਡਰ ਡਰ ਅੰਦਰ।
ਰਾਵੀ ਦਰਿਆ ਵਾਜਾਂ ਮਾਰੇ ,
ਆ ਜਾ ਮੇਰੇ ਪਿਆਰ ਦੁਲਾਰੇ,
ਤੇਰੀ ਕਵਿਤਾ ਮੇਰੇ ਕੰਢੇ,
ਸਰਕੜਿਆਂ ਦੀ ਸਰ ਸਰ ਅੰਦਰ।
ਅਜਬ ਸਰੂਰ ਖ਼ੁਮਾਰੀ ਤਾਰੀ
ਰੂਹ ਦੇ ਬਾਗੀਂ ਖਿੜਿਆ ਚੰਬਾ,
ਯਾਦਾਂ ਵਾਲੀ ਡਾਰ ਮੁੜੀ ਜਦ,
ਤੂੰ ਵੀ ਸੀ ਉਸ ਫਰ ਫਰ ਅੰਦਰ।
ਬੰਦ ਬੂਹਿਆਂ ਦੇ ਅੰਦਰੋਂ ਖੋਲ੍ਹੋ
ਸੰਸੇ ਝੋਰੇ ਤੇ ਹਟਕੋਰੇ,
ਬਾਹਰ ਖਲੋਤੇ ਸੁਪਨ ਹਜ਼ਾਰਾਂ ,
ਲੰਘਣਾ ਚਾਹੁੰਦੇ ਦਰ ਦਰ ਅੰਦਰ।
Gurbhajansinghgill@ gmail. Com
Phone: 98726 31199