ਮੰਜਕੀ ਪੰਜਾਬੀ ਸੱਥ ਦੇ ਵਿਹੜੇ ਵਿਚ ਤਿੰਨ ਪੁਸਤਕਾਂ ਲੋਕ-ਅਰਪਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 27 ਮਾਰਚ, 2023 : ਮੰਜਕੀ ਪੰਜਾਬੀ ਸੱਥ ਭੰਗਾਲਾ ਦੇ ਵਿਹੜੇ ਵਿਚ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗ਼ਮ ਰਚਾ ਕੇ ਯੂਰਪੀ ਪੰਜਾਬੀ ਸੱਥ ਦੇ ਸਹਿਯੋਗ ਨਾਲ ਛਪੀਆਂ ਤਿੰਨ ਪੁਸਤਕਾਂ 'ਭਾਈ ਵੀਰ ਸਿੰਘ : ਜੀਵਨ ਤੇ ਰਚਨਾਂ (ਸੰਪਾਦਕ ਡਾ.ਹਰਜੋਧ ਸਿੰਘ ਜੋਗਰ,ਪ੍ਰੋਫ਼ੈਸਰ ਅਤੇ ਇੰਚਾਰਜ ਭਾਈ ਵੀਰ ਸਿੰਘ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ) ਦਰੀਚਾ ਏ ਦਸਤਾਰ(ਲੇਖਕ ਡਾ.ਆਸਾ ਸਿੰਘ ਘੁੰਮਣ) ਅਤੇ ਸੌ ਹੱਥ ਰੱਸਾ ਸਿਰੇ 'ਤੇ ਗੰਢ (ਲੇਖਕ ਡਾ.ਨਿਰਮਲ ਸਿੰਘ ਲਾਂਬੜਾ) ਲੋਕ-ਅਰਪਣ ਕੀਤੀਆਂ ਗਈਆਂ ।
ਇਸ ਸਮਾਗ਼ਮ ਦੀ ਪ੍ਰਧਾਨਗੀ ਡਾ.ਨਿਰਮਲ ਸਿੰਘ ਲਾਂਬੜਾ ਨੇ ਕੀਤੀ ਤੇ ਮੇਜ਼ਬਾਨਾਂ ਦੀ ਭੂਮਿਕਾ ਯੂਰਪੀ ਪੰਜਾਬੀ ਸੱਥ ਵਾਲਸਲ ਦੇ ਸੰਚਾਲਕ ਸ.ਮੋਤਾ ਸਿੰਘ ਸਰਾਏ ਅਤੇ ਮੰਜਕੀ ਪੰਜਾਬੀ ਸੱਥ ਦੇ ਸੰਚਾਲਕ ਤੇ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਨਵਾਂ ਸ਼ਹਿਰ ਸ.ਕੁਲਵਿੰਦਰ ਸਿੰਘ ਸਰਾਏ ਨੇ ਨਿਭਾਈ । ਪੁਸਤਕਾਂ ਦੇ ਲੇਖਕਾਂ ਅਤੇ ਪੁੱਜੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਹਿਣ ਦੀ ਰਸਮ ਸ.ਕੁਲਵਿੰਦਰ ਸਿੰਘ ਸਰਾਏ ਨੇ ਨਿਭਾਈ । ਪੁਸਤਕਾਂ ਦੇ ਲੇਖਕਾਂ ਨੇ ਪੰਜਾਬੀ ਸੱਥ ਦਾ ਧੰਨਵਾਦ ਕਰਦਿਆਂ ਪੁਸਤਕਾਂ ਸਬੰਧੀ ਸੰਖੇਪ ਵਿਚ ਜਾਣਕਾਰੀ ਵੀ ਦਿੱਤੀ। ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਸ.ਚੇਤਨ ਸਿੰਘ ਨੇ ਸੱਥ ਦੀ ਪੰਜਾਬੀ ਮਾਂ ਬੋਲੀ ਲਈ ਨਿਭਾਈ ਜਾ ਰਹੀ ਸੇਵਾ ਦੀ ਸਰਾਹਨਾਂ ਕੀਤੀ। ਉਨ੍ਹਾਂ ਕਿਹਾ ਕਿ ਸਰਾਏ ਭਰਾਵਾਂ ਅਤੇ ਡਾ.ਨਿਰਮਲ ਸਿੰਘ ਲਾਂਬੜਾ ਵਲੋਂ ਸੰਯੁਕਤ ਰੂਪ ਵਿਚ ਪੰਜਾਬੀ ਪ੍ਰਕਾਸ਼ਨ ਵਿਚ ਜੋ ਭੂਮਿਕਾ ਨਿਭਾਈ ਜਾ ਰਹੀ ਹੈ ਉਸ ਦੀ ਮਿਸਾਲ ਸਮੁੱਚੇ ਸੰਸਾਰ ਵਿਚ ਨਹੀਂ ਮਿਲਦੀ। ਪੁਸਤਕ ਸੱਤ ਵਾਰ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਲੇਖਕ ਸ.ਜਸਮੇਰ ਸਿੰਘ ਹੋਠੀ ਨੇ ਵਿਦਵਾਨਾਂ ਦੀ ਇਸ ਬਜ਼ਮ ਵਿਚ ਆ ਕੇ ਆਪਣੇ ਆਪ ਨੂੰ ਵਡਭਾਗਾ ਦੱਸਿਆ ।ਡਾ.ਪਰਮਜੀਤ ਸਿੰਘ ਮਾਨਸਾ ਨੇ ਵੀ ਸੱਥ ਦੀ ਭੂਮਿਕਾ ਦੀ ਸਿਫ਼ਤ ਕਰਦਿਆਂ ਲੇਖਕਾਂ ਨੂੰ ਵਧਾਈ ਦਿੱਤੀ। ਸ.ਮੋਤਾ ਸਿੰਘ ਸਰਾਏ ਨੇ ਤਿੰਨਾਂ ਪੁਸਤਕਾਂ ਦੀ ਛਪਣ ਪ੍ਰਕਿਰਿਆ ਸਬੰਧੀ ਆਪਣੇ ਵਿਚਾਰ ਰੱਖਦਿਆਂ ਆਖਿਆ ਕਿ ਇਹ ਪੁਸਤਕਾਂ ਲੱਖਾਂ ਰੁਪਏ ਖ਼ਰਚ ਕੇ ਹਜ਼ਾਰਾਂ ਦੀ ਗਿਣਤੀ ਵਿਚ ਛਾਪੀਆਂ ਗਈਆਂ ਹਨ ਤੇ ਇਹ ਸਮੁੱਚੇ ਸੰਸਾਰ ਵਿਚ ਵਸਦੇ ਪੰਜਾਬੀ ਪਿਆਰਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਅੰਤ ਵਿਚ ਪੰਜਾਬੀ ਸੱਥ ਲਾਂਬੜਾ ਦੇ ਸੰਚਾਲਕ ਡਾ.ਨਿਰਮਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਸਰਾਏ ਪਰਿਵਾਰ ਵਲੋਂ ਤਿਆਰ ਕੀਤੇ ਗਏ ਪ੍ਰਸ਼ਾਦੇ ਪਾਣੀ ਦਾ ਸੱਦਾ ਦਿੱਤਾ। ਇਸ ਸਮਾਗ਼ਮ ਵਿਚ ਡਾ.ਜਸਪਾਲ ਸਿੰਘ ਔਜਲਾ, ਹਰਜਿੰਦਰ ਕੌਰ ਔਜਲਾ, ਸਰਦਾਰਨੀ ਅਮਰਜੀਤ ਕੌਰ( ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ) ਪ੍ਰੋ.ਭੁਪਿੰਦਰ ਕੌਰ ਸੰਧੂ, ਸ.ਰਨਜੋਦ ਸਿੰਘ ਸੰਧੂ ਮਲੋਟ, ਤੀਰਥ ਸਪਰਾ, ਪਿੰਡ ਭੰਗਾਲ਼ਾ ਦੇ ਸਰਪੰਚ ਸ.ਸੁਖਵਿੰਦਰ ਸਿੰਘ,ਤਸ਼ਵਿੰਦਰ ਸਿੰਘ ਸਰਾਏ, ਅੰਮ੍ਰਿਤਪਾਲ ਸਿੰਘ ਸਰਾਏ , ਸਰਦਾਰਨੀ ਹਰਭਜਨ ਕੌਰ ਹੋਠੀ ਤੇ ਕੋਮਲ ਸਿੰਘ ਸੰਧੂ ਆਦਿ ਨੇ ਭਾਗ ਲਿਆ । ਮੰਚ ਦਾ ਸੰਚਾਲਨ ਡਾ.ਰਾਮ ਮੂਰਤੀ ਨੇ ਬੜੇ ਹੀ ਭਾਵ-ਪੂਰਤ ਅੰਦਾਜ਼ ਵਿਚ ਕੀਤਾ।