ਕਵੀਸ਼ਰ ਭਾਈ ਨਿਸ਼ਾਨ ਸਿੰਘ ਝਬਾਲ ਦੀ ਲਿਖੀ ਕਿਤਾਬ 'ਆਸ਼ਕ ਅਜ਼ਾਦੀ ਦੇ' ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਤੇ ਪੰਥਕ ਆਗੂਆਂ ਵੱਲੋਂ ਰਿਲੀਜ਼
- ਸ਼ਹੀਦਾਂ ਦਾ ਇਤਿਹਾਸ ਲਿਖਣਾ ਸ਼ਲਾਘਾਯੋਗ ਕਾਰਜ - ਭਾਈ ਰਣਜੀਤ ਸਿੰਘ
ਅੰਮ੍ਰਿਤਸਰ, 13 ਮਈ 2023 - ਪੰਥ ਪ੍ਰਸਿੱਧ ਕਵੀਸ਼ਰ ਭਾਈ ਨਿਸ਼ਾਨ ਸਿੰਘ ਝਬਾਲ ਵੱਲੋਂ ਲਿਖੀ ਆਸ਼ਕ ਅਜ਼ਾਦੀ ਦੇ ਕਿਤਾਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦ ਜਨਰਲ ਸ਼ਬੇਗ ਸਿੰਘ ਦੇ ਭਰਾ ਭਾਈ ਬੇਅੰਤ ਸਿੰਘ, ਸ਼ਹੀਦ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਬੀਬੀ ਸੁਰਜੀਤ ਕੌਰ, ਸ਼ਹੀਦ ਪਰਮਜੀਤ ਸਿੰਘ ਤੁਗਲਵਾਲ ਦੀ ਸੁਪਤਨੀ ਬੀਬੀ ਕੁਲਵਿੰਦਰ ਕੌਰ, ਖ਼ਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਵੱਲੋਂ ਖ਼ਾਲਸਾਈ ਜੈਕਾਰਿਆਂ ਦੀ ਗੂੰਜ ਵਿੱਚ ਰਿਲੀਜ਼ ਕੀਤੀ ਗਈ।
ਇਸ ਮੌਕੇ ਫ਼ੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 240 ਪੰਨਿਆਂ ਦੀ ਛਪੀ ਇਸ ਕਿਤਾਬ 'ਚ ਸ਼ਹੀਦ ਜਨਰਲ ਸ਼ਬੇਗ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਬੇਅੰਤ ਸਿੰਘ, ਸ਼ਹੀਦ ਕਸ਼ਮੀਰ ਸਿੰਘ ਸ਼ੀਰਾ ਪੱਟੀ, ਸ਼ਹੀਦ ਕਾਰਜ ਸਿੰਘ ਥਾਂਦੇ, ਸ਼ਹੀਦ ਸੁਰਜੀਤ ਸਿੰਘ ਵਲਟੋਹਾ, ਸੱਚਖੰਡਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਸੰਤ ਬਾਬਾ ਠਾਕੁਰ ਸਿੰਘ ਜੀ ਦੀਆਂ ਜੀਵਨੀਆਂ ਪ੍ਰਸੰਗ ਅਤੇ ਵਾਰਾਂ ਸਮੇਤ ਛਾਪੀਆਂ ਗਈਆਂ ਹਨ। ਇਹ ਕਿਤਾਬ ਅਦਾਰਾ ਖ਼ਾਲਸਾ ਫਤਹਿਨਾਮਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਕਵੀਸ਼ਰ ਭਾਈ ਨਿਸ਼ਾਨ ਸਿੰਘ ਝਬਾਲ ਇਸ ਸਮੇਂ ਕੈਨੇਡਾ ਪ੍ਰਚਾਰ ਦੌਰੇ 'ਤੇ ਹਨ ਤੇ ਕੁਝ ਦਿਨਾਂ ਤੱਕ ਇਹ ਕਿਤਾਬ ਕੈਨੇਡਾ 'ਚ ਵੀ ਜਾਰੀ ਹੋਵੇਗੀ।
ਸ਼ਹੀਦ ਕਸ਼ਮੀਰ ਸਿੰਘ ਸ਼ੀਰਾ ਦੇ ਭਤੀਜੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪੁਰਾਤਨ ਸਿੱਖ ਇਤਿਹਾਸ ਨੂੰ ਤਾਂ ਅਨੇਕਾਂ ਢਾਡੀ ਅਤੇ ਕਵੀਸ਼ਰੀ ਜਥੇ ਗਾਉਂਦੇ ਹਨ ਪਰ ਮੌਜੂਦਾ ਸੰਘਰਸ਼ ਬਾਰੇ ਕੋਈ ਵਿਰਲਾ ਜਥਾ ਹੀ ਬੋਲਣ ਦੀ ਹਿੰਮਤ ਕਰਦਾ ਹੈ। ਭਾਈ ਨਿਸ਼ਾਨ ਸਿੰਘ ਝਬਾਲ ਅਤੇ ਭਾਈ ਸਤਨਾਮ ਸਿੰਘ ਸੱਤਾ ਦਾ ਨਾਂ ਉਹਨਾਂ ਗੁਰਸਿੱਖਾਂ ਦੀ ਕਤਾਰ ’ਚ ਮੋਹਰੀ ਹੈ ਜੋ ਹਰੇਕ ਸਟੇਜ ’ਤੇ ਨਿਧੜਕ ਹੋ ਕੇ ਖ਼ਾਲਿਸਤਾਨੀ ਜਰਨੈਲਾਂ ਤੇ ਯੋਧਿਆਂ ਦਾ ਇਤਿਹਾਸ ਸੰਗਤਾਂ ਨੂੰ ਸ੍ਰਵਣ ਕਰਵਾਉਂਦੇ ਹਨ ਤੇ ਹੁਣ ਉਹਨਾਂ ਨੇ ਸ਼ਹੀਦਾਂ ਦੇ ਜੀਵਨ ਤੇ ਵਾਰਾਂ ਨੂੰ ਕਲਮਬੰਦ ਕਰਨ ਦਾ ਉਪਰਾਲਾ ਵੀ ਕਰ ਦਿੱਤਾ ਹੈ ਜਿਸ ਦੀ ਅਸੀਂ ਭਰਪੂਰ ਸ਼ਲਾਘਾ ਕਰਦੇ ਹਾਂ। ਇਸ ਮੌਕੇ ਫ਼ੈਡਰੇਸ਼ਨ ਦੇ ਗਗਨਦੀਪ ਸਿੰਘ ਸੁਲਤਾਨਵਿੰਡ, ਮਨਪ੍ਰੀਤ ਸਿੰਘ ਮੰਨਾ, ਪੀਂਘਾਂ ਸੋਚ ਦੀਆਂ ਦੇ ਪ੍ਰਧਾਨ ਰਸ਼ਪਿੰਦਰ ਕੌਰ ਗਿੱਲ, ਸੁਖਵਿੰਦਰ ਸਿੰਘ ਨਿਜ਼ਾਮਪੁਰ ਆਦਿ ਹਾਜ਼ਰ ਸਨ।