ਪਰਵਾਸੀ ਲੇਖਕ ਸੁਰਿੰਦਰ ਸਿੰਘ ਰਾਏ ਦੀ ਪੁਸਤਕ "ਪੁੱਤ ਮੈਂ ਇੰਡੀਆ ਜਾਣੈਂ" ਲੋਕ -ਅਰਪਣ
ਚੰਡੀਗੜ੍ਹ 18 ਮਾਰਚ 2023 - ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ, ਵੱਲੋਂ ਅੱਜ ਪਰਵਾਸੀ ਪੰਜਾਬੀ ਲੇਖਕ ਸੁਰਿੰਦਰ ਸਿੰਘ ਰਾਏ ਦੀ ਪੁਸਤਕ" ਪੁੱਤ ਮੈਂ ਇੰਡੀਆ ਜਾਣੈਂ " ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਲੋਕ-ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਡਾ. ਲਾਭ ਸਿੰਘ ਖੀਵਾ, ਕਹਾਣੀਕਾਰ ਜਸਪਾਲ ਮਾਨਖੇੜਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾ.ਭੀਮੲਇੰਦਰ ਸਿੰਘ, ਪ੍ਰਿੰਸੀਪਲ (ਡਾ.) ਸੁਨੀਲ ਖੋਸਲਾ , ਪ੍ਰੋ. ਸੁਖਜਿੰਦਰ ਸਿੰਘ, ਅਤੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਹਾਜ਼ਰ ਹੋਏ।
ਸਭ ਤੋਂ ਪਹਿਲਾਂ ਡਾ. ਅਵਤਾਰ ਸਿੰਘ ਪਤੰਗ ਨੇ ਪ੍ਰਧਾਨਗੀ ਮੰਡਲ ਅਤੇ ਹਾਜ਼ਰ ਸਰੋਤਿਆਂ ਨੂੰ ਜੀ -ਆਇਆਂ ਕਹਿੰਦਿਆਂ ਪੁਰਾਤਨ ਧਾਰਮਿਕ ਗ੍ਰੰਥਾਂ ਦਾ ਹਵਾਲਾ ਦਿੰਦਿਆਂ ਸ਼ਬਦ ਦੀ ਮਹੱਤਤਾ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਸੁਰਿੰਦਰ ਸਿੰਘ ਰਾਏ ਦੀ ਪੁਸਤਕ "ਪੁੱਤ ਮੈਂ ਇੰਡੀਆ ਜਾਣੈਂ" ਲੋਕ -ਅਰਪਣ ਕੀਤਾ ਗਿਆ। ਲਾਲੜੂ ਤੋਂ ਆਏ ਪ੍ਰੋ. ਸੁਖਜਿੰਦਰ ਸਿੰਘ ਨੇ ਪੁਸਤਕ ਉੱਤੇ ਪਰਚਾ ਪੜ੍ਹਦਿਆਂ ਕਿਹਾ ਕਿ ਸ਼੍ਰੀ ਰਾਏ ਨੇ ਆਪਣੀਆਂ ਕਹਾਣੀਆਂ ਵਿੱਚ ਪੰਜਾਬੀ ਨੌਜਵਾਨਾਂ ਦੇ ਪਰਵਾਸ ਕਾਰਨ ਪੰਜਾਬੀ ਸਮਾਜ ਅਤੇ ਸੱਭਿਆਚਾਰ ਦੇ ਪ੍ਰਸੰਗ ਬੜੀ ਤੇਜ਼ੀ ਨਾਲ ਬਦਲ ਰਹੇ ਹਨ ਹਨ। ਪੰਜਾਬ ਦੀ ਨੌਜਵਾਨੀ ਅਤੇ ਸਰਮਾਇਆ ਵਿਦੇਸ਼ਾਂ ਵਿੱਚ ਜਾ ਰਿਹਾ ਹੈ। ਪਿੱਛੇ ਰਹਿ ਗਏ ਬਜ਼ੁਰਗ ਇਕਲਾਪੇ ਕਾਰਨ ਡਿਪਰੈਸ਼ਨ ਦਾ ਹੋ ਰਹੇ ਹਨ। ਕਹਾਣੀਕਾਰ ਜਸਪਾਲ ਮਾਨਖੇੜਾ ਨੇ ਕਿਹਾ ਕਿ ਰਾਏ ਦੀਆਂ ਕਹਾਣੀਆਂ ਦੇਸ ਅਤੇ ਪਰਦੇਸ ਵਿੱਚ ਰਹਿ ਰਹੇ ਪੰਜਾਬੀਆਂ ਦੇ ਸੰਤਾਪ ਨੂੰ ਬੜੀ ਸ਼ਿੱਦਤ ਨਾਲ ਬਿਆਨ ਕਰਦੀਆਂ ਹਨ। ਡਾ. ਭੀਮਇੰਦਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਰਾਏ ਦੀਆਂ ਕਹਾਣੀਆਂ ਵਿੱਚ ਪੇਂਡੂ ਅਤੇ ਪਰਵਾਸੀ ਰਹਿਤਲ ਵਿੱਚ ਵੱਧ ਰਹੇ ਅੰਤਰਾਲ ਕਾਰਨ ਔਰਤ ਦੀ ਸਥਿਤੀ ਬਦਲ ਰਹੀ ਹੈ।
ਇਸ ਤੋਂ ਇਲਾਵਾ ਡਾ. ਅਵਤਾਰ ਸਿੰਘ ਪਤੰਗ, ਅਵਤਾਰ ਸਿੰਘ ਭੰਵਰਾ, ਨਾਲ ਅਜਨਬੀ ਅਤੇ ਡਾ. ਸੁਨੀਲ ਖੋਸਲਾ ਨੇ ਵੀ ਪੁਸਤਕ ਉੱਤੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ।
ਪ੍ਰਧਾਨਗੀ ਭਾਸ਼ਣ ਕਹਿੰਦਿਆਂ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਰਾਏ ਨੇ ਬਾਜ਼ਾਰ ਦੇ ਲਾਲਚ ਅਤੇ ਬਾਜ਼ਾਰ ਦੇ ਦਬਾਓ ਨੂੰ ਨਹੀਂ ਕਬੂਲਿਆ ਸਗੋਂ ਕਹਾਣੀ ਵਿਧਾ ਵਿੱਚ ਲਿਖਣਾਂ ਜਾਰੀ ਰੱਖਿਆ। ਡਾ. ਖੀਵਾ ਨੇ ਅੱਗੇ ਕਿਹਾ ਕਿ ਤਕਨਾਲੋਜੀ ਦੇ ਬਦਲਣ ਕਰਕੇ ਨਵੀਂ ਪੀੜ੍ਹੀ ਉਸ ਤਰ੍ਹਾਂ ਦੀ ਕਿਰਤ ਤੋਂ ਵਿੱਛੜ ਗਈ ਹੈ ਜਿਸ ਤਰ੍ਹਾਂ ਦੀ ਕਿਰਤ ਉਹਨਾਂ ਦੇ ਬਜ਼ੁਰਗ ਕਰਦੇ ਸਨ। ਉਨ੍ਹਾਂ ਕਿਹਾ ਕਿ ਤਕਨਾਲੋਜੀ ਮਨੁੱਖ ਦੇ ਜਨ-ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਦਾ ਅਸਰ ਸਾਹਿਤ ਤੇ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰਾਏ ਦੀਆਂ ਕਹਾਣੀਆਂ ਹਰ ਪੱਖੋਂ ਮੁਕੰਮਲ ਹਨ।
ਅੰਤ ਵਿੱਚ ਸਭਾ ਦੀ ਮੀਤ ਪ੍ਰਧਾਨ ਸ਼੍ਰੀਮਤੀ ਮਨਜੀਤ ਕੌਰ ਮੀਤ ਨੇ ਸਰੋਤਿਆਂ ਦਾ ਧੰਨਵਾਦ ਕੀਤਾ।
ਇਸ ਇਕੱਤਰਤਾ ਵਿੱਚ ਸੁਖਵਿੰਦਰ ਸਿੰਘ ਸਿੱਧੂ, ਡਾ. ਸੁਰਿੰਦਰ ਗਿੱਲ, ਹਰਮਿੰਦਰ ਕਾਲੜਾ, ਮਹਿੰਦਰ ਸਿੰਘ, ਦੀਦਾਰ ਸਿੰਘ ਬਲਾਚੌਰੀਆ, ਪ੍ਰੋ. ਦਿਲਬਾਗ ਸਿੰਘ, ਗੁਰਸ਼ਨਜੀਤ ਬਰਾੜ, ਡਾ. ਸੁਨੀਤਾ ਰਾਣੀ, ਪੱਤਰਕਾਰ ਅਜਾਇਬ ਔਜਲਾ ਅਤੇ ਤਲਵਿੰਦਰ ਸਿੰਘ ਹਾਜ਼ਰ ਸਨ।