ਅਸ਼ੋਕ ਵਰਮਾ
ਬਠਿੰਡਾ, 4 ਜੂਨ 2020 - ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ.) ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਕਰੋਨਾ ਸੰਕਟ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਗਿਆਨਕ ਢੰਗ ਨਾਲ ਰੌਸ਼ਨੀ ਪਾਉਂਦੀ ਗ਼ਜ਼ਲ ‘ਨਿਕਲੀਏ ਨਾ ਬਾਹਰ’ ਜਿਸ ਨੂੰ ਬੇਹੱਦ ਸੁਰੀਲੀ ਆਵਾਜ ਦੀ ਮਲਕਾ ਗੁਰਲਗਨ ਨੇ ਗਾਇਆ ਹੈ, ਨੂੰ ਯੂ ਟਿਊਬ ਚੈਨਲਾਂ, ਵਟਸਐਪ ,ਅਕਾਸ਼ਵਾਣੀ ਰੇਡੀਓ ਦੇ ਵੱਖ ਵੱਖ ਕੇਂਦਰਾਂ ਤੇ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਘਣੀਆਂ ਨੇ ਦੱਸਿਆ ਹੈ ਕਿ ਇਸ ਗ਼ਜ਼ਲ ਦਾ ਸੰਗੀਤ ਨੌਜਵਾਨ ਸੰਗੀਤਕਾਰ ਕੁੰਵਰ ਬਰਾੜ ਨੇ ਦਿੱਤਾ ਹੈ ਅਤੇ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਦੀ ਕੰਪਨੀ ਪੀਕ ਪੁਆਇੰਟ ਸਟੂਡੀਓਜ਼ ਵੱਲੋਂ ਲਾਂਚ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਇਸ ਰਚਨਾ ਵਿੱਚ ਜਿੱਥੇ ਕੋਰੋਨਾ ਸੰਕਟ ਦੇ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਮਜ਼ਦੂਰ ਵਰਗ ਦੀ ਤ੍ਰਾਸਦੀ ਨੂੰ ਪੇਸ਼ ਕੀਤਾ ਹੈ। ਉੱਥੇ ਹਕੂਮਤ ਦੀ ਇਸ ਸੰਕਟ ਦੇ ਹੱਲ ਪ੍ਰਤੀ ਨਾਅਹਿਲੀਅਤ ਅਤੇ ਉਦਾਸੀਨਤਾ ਨੂੰ ਵੀ ਲੋਕ ਕਚਹਿਰੀ ਵਿੱਚ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਭਵਿੱਖ ਵਿੱਚ ਬਾਜਾਰੂ ਗਾਇਕੀ ਦੇ ਬਦਲ ਵਜੋਂ ਸਾਹਿਤਕ ਅਤੇ ਸੱਭਿਆਚਾਰਕ ਗਾਇਕੀ ਨੂੰ ਪ੍ਰਫੁੱਲਤ ਕਰਨ ਲਈ ਉਚੇਚੇ ਯਤਨ ਕਰਨਗੇ ।
ਇਸ ਦੌਰਾਨ ਗਜ਼ਲ ਗਾਇਕਾ ਗੁਰਲਗਨ ਨੇ ਕਿਹਾ ਹੈ ਕਿਹਾ ਹੈ ਕਿ ਸ੍ਰੀ ਘਣੀਆਂ ਦੀ ਇਸ ਲੋਕ ਪੱਖੀ ਲਿਖਤ ਨੂੰ ਗਾ ਕੇ ਉਸ ਨੂੰ ਭਰਪੂਰ ਸੰਤੁਸ਼ਟੀ ਮਿਲੀ ਹੈ। ਉਨ੍ਹਾਂ ਪੂਰੇ ਦਾਅਵੇ ਅਤੇ ਵਿਸ਼ਵਾਸ ਨਾਲ ਕਿਹਾ ਹੈ ਕਿ ਉਹ ਕਦੇ ਵੀ ਬਾਜਾਰੂ ਗਾਇਕੀ ਦਾ ਹਿੱਸਾ ਨਹੀਂ ਬਣੇਗੀ ਕਿਉਂਕਿ ਉਹ ਅਧਿਆਪਨ ਜਿਹੇ ਪਵਿੱਤਰ ਪੇਸ਼ੇ ਨਾਲ ਜੁੜੀ ਹੋਈ ਹੈ ਅਤੇ ਉਸ ਦੇ ਸਾਹਮਣੇ ਕੋਈ ਆਰਥਿਕ ਸੰਕਟ ਨਹੀਂ। ਉਸ ਦੇ ਜੀਵਨ ਦਾ ਇੱਕੋ ਇੱਕ ਉਦੇਸ਼ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦੀ ਸੇਵਾ ਕਰਨਾ ਹੈ। ਵਰਨਣਯੋਗ ਹੈ ਕਿ ਗੁਰਲਗਨ ਨੂੰ ਉਕਤ ਗ਼ਜ਼ਲ ਤੋਂ ਇਲਾਵਾ ਉਸ ਦੇ ਇੱਕ ਹੋਰ ਗੀਤ “ਮਹਿੰਦੀ ਰੰਗਾ ਸੂਟੜਾ“ ਨੂੰ ਵੀ ਸਰੋਤਿਆਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ