ਅਸ਼ੋਕ ਵਰਮਾ
ਬਠਿੰਡਾ, 1 ਨਵੰਬਰ 2020 - ਪੰਜਾਬੀ ਸਾਹਿਤ ਸਭਾ ( ਰਜਿ) ਬਠਿੰਡਾ ਦੀ ਮਾਸਿਕ ਸਾਹਿਤਕ ਇਕੱਤਰਤਾ ਪ੍ਰਧਾਨ ਜੇ ਸੀ ਪਰਿੰਦਾ ਦੀ ਪ੍ਰਧਾਨਗੀ ਹੇਠ ਟੀਚਰਜ ਹੋਮ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ’ਚ ਸਭਾ ਦੇ ਸਮੂਹ ਅਹੁਦੇਦਾਰਾਂ ਨੇ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਚੁੱਕੇ ਸਾਹਿਤਕਾਰ ਸਰਵ ਜੁਗਿੰਦਰ ਸਿੰਘ ਪੁਆਰ ਵਾਇਸ ਚਾਂਸਲਰ, ਡਾ ਕੁਲਦੀਪ ਸਿੰਘ ਧੀਰ, ਪ੍ਰੋ ਅਵਤਾਰ ਸਿੰਘ ਜੌੜਾ ਅਤੇ ਨਾਟਕਕਾਰ ਹੰਸਾ ਸਿੰਘ ਨੂੰ ਸਰਧਾਂਜਲੀ ਭੇਂਟ ਕਰਦਿਆਂ ਉਹਨਾਂ ਦੇ ਸਾਹਿਤਕ ਕਾਰਜਾਂ ਨੂੰ ਵੀ ਯਾਦ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ ਆਪਣੇ ਨਾਲ ਜੁੜੀਆਂ ਸਾਹਿਤਕ ਸਭਾਵਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਖੇਤਰ ਵਿੱਚ ਚੱਲ ਰਹੇ ਧਰਨੇ ਵਿੱਚ ਸ਼ਮੂਲੀਅਤ ਕਰਨ।
ਸਭਾ ਨੇ ਇਸ ਸੱਦੇ ਦੇ ਮੱਦੇਨਜਰ ਮਹੀਨਾਵਾਰ ਸਾਹਿਤਕ ਇਕੱਤਰਤਾ ਵਿੱਚ ਕਿਸਾਨੀ ਸੰਘਰਸ਼ ਦੀ ਬਾਤ ਪਾਉਂਦੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਰਣਜੀਤ ਗੌਰਵ ਨੇ ਕਵਿਤਾ ’ਬਾਬਾ ਤੇਰੇ ਖੇਤਾਂ ਵਿੱਚ’, ਦਮਜੀਤ ਦਰਸ਼ਨ ਨੇ ‘ਬਣਵਾਸ’, ਬਲਵਿੰਦਰ ਸਿੰਘ ਭੁੱਲਰ ਨੇ ਦੋ ਕਵਿਤਾਵਾ ‘ਕਾਫਲਾ’ ਅਤੇ ‘ਹਥਿਆਰ’ ਪੇਸ਼ ਕੀਤੀਆਂ। ਅਮਰਜੀਤ ਸਿੰਘ ਸਿੱਧੂ ਨੇ ਸੀਰੀ ਅਤੇ ਕਿਸਾਨ ਦੇ ਸੰਬੰਧਾਂ ਨੂੰ ਚਿਤਰਦਾ ਨਿਬੰਧ, ਦਿਲਬਾਗ ਸਿੰਘ ਨੇ ਤਿੰਨ ਗੀਤ, ਅਤਰਜੀਤ ਕਹਾਣੀਕਾਰ ਨੇ ਕਵਿਤਾ “ ਹਾਥਰਸ“, ਅਮਰਜੀਤ ਜੀਤ, ਰਣਬੀਰ ਰਾਣਾ ਅਤੇ ਅਮਨ ਦਾਤੇਵਾਸੀਆ ਨੇ ਗਜਲਾਂ ਦੀ ਪੇਸ਼ਕਾਰੀ ਕੀਤੀ। ਸਭਾ ਦੇ ਪ੍ਰਚਾਰ ਸਕੱਤਰ ਅਮਨ ਦਾਤੇਵਾਸੀਆ ਨੇ ਕਿਹਾ ਕਿ ਅੰਤ ਵਿੱਚ ਆਲੋਚਕ ਗੁਰਦੇਵ ਖੋਖਰ ਨੇ ਪੜ੍ਹੀਆਂ ਹੋਈਆਂ ਰਚਨਾਵਾਂ ਤੇ ਆਪਣੇ ਵਿਚਾਰ ਰੱਖੇ।
ਉਹਨਾਂ ਦੱਸਿਆ ਕਿ ਕਵੀ ਨੂੰ ਵੇਗ ਵਿੱਚ ਆ ਕੇ ਹੀ ਸ਼ਬਦਾਂ ਦੀ ਚੋਣ ਨਹੀਂ ਕਰਨੀ ਚਾਹੀਦੀ ਬਲਕਿ ਸੁਚੇਤ ਰੂਪ ਵਿੱਚ ਭਾਵਾਂ ਨੂੰ ਵੱਧ ਤਵੱਜੋ ਦੇਣੀ ਚਾਹੀਦੀ ਹੈ। ਫੌਰੀ ਪ੍ਰਭਾਵ ਕਬੂਲ ਕਰਕੇ ਰਚੀ ਗਈ ਰਚਨਾ ਵਿੱਚ ਚਿੰਤਨ ਦੀ ਘਾਟ ਰੜਕਦੀ ਰਹਿੰਦੀ ਹੈ। ਪ੍ਰਧਾਨ ਜੇ ਸੀ ਪਰਿੰਦਾ ਜੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਲੇਖਕ ਵਰਗ ਸਭ ਤੋਂ ਵੱਧ ਸੰਵੇਦਨਸ਼ੀਲ ਅਤੇ ਚੇਤਨ ਹੁੰਦਾ ਹੈ ਜੋ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਆਪਣੀ ਸੰਵੇਦਨਾ ਪ੍ਰਗਟ ਕਰਦਾ ਹੋਇਆ ਇਹਨਾਂ ਵਰਤਾਰਿਆਂ ਅਤੇ ਸਰੋਕਾਰਾਂ ਨੂੰ ਆਪਣੀ ਲੇਖਣੀ ਦੀ ਜਦ ਵਿੱਚ ਲਿਆਉਂਦਾ ਹੈ। ਉਹਨਾਂ ਨੇ ਅਪੀਲ ਕੀਤੀ ਕਿ ਹਕੂਮਤੀ ਜਬਰ ਜੁਲਮ ਅਤੇ ਵੱਖ-ਵੱਖ ਕਾਲੇ ਕਾਨੂੰਨਾਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਚੇਤਨ ਕਰਨ ਲਈ ਆਪਣੀਆਂ ਰਚਨਾਵਾਂ ਦਾ ਵਿਸ਼ਾ ਵਸਤੂ ਬਣਾਉਣ।