ਜਗਦੀਪ ਸਿੱਧੂ ਦੀ ਪੁਸਤਕ 'ਵਰ੍ਹਿਆਂ ਕੋਲ ਰੁਕੇ ਪਲ' 'ਤੇ ਵਿਚਾਰ-ਚਰਚਾ
ਰਾਜਪੁਰਾ, 4 ਸਤੰਬਰ 2024 - ਸਹਿਤ ਕਲਾ ਮੰਚ ਰਾਜਪੁਰਾ ਵੱਲੋਂ ਜਾਇੰਟਸ ਕਲੱਬ ਰਾਜਪੁਰਾ ਵਿਖੇ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਨੌਜਵਾਨ ਲੇਖਕ ਜਗਦੀਪ ਸਿੱਧੂ ਦੀ ਵਾਰਤਕ ਪੁਸਤਕ 'ਵਰ੍ਹਿਆਂ ਕੋਲ ਰੁਕੇ ਪਲ' 'ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਮੰਨੇ ਪ੍ਰਮੰਨੇ ਸਾਹਿਤਕਾਰ ਡਾ. ਮਨਮੋਹਨ ਵੱਲੋਂ ਕੀਤੀ ਗਈ। ਪੁਸਤਕ 'ਤੇ ਚਰਚਾ ਕਰਨ ਲਈ ਡਾ. ਸੁਖਵਿੰਦਰ ਸਿੰਘ ਸਿੱਧੂ, ਸ੍ਰੀ ਬਲੀਜੀਤ ਅਤੇ ਪ੍ਰਸਿੱਧ ਕਹਾਣੀਕਾਰ ਗੁੱਲ ਚੌਹਾਨ ਵਿਸ਼ੇਸ਼ ਤੌਰ 'ਤੇ ਪਹੁੰਚੇ।
ਸੁਖਵਿੰਦਰ ਸਿੱਧੂ ਨੇ ਪੁਸਤਕ 'ਤੇ ਚਰਚਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸਰਲ ਭਾਸ਼ਾ ਵਿਚ ਲਿਖੀ ਗਈ ਗੂੜ ਅਰਥ ਪੇਸ਼ ਕਰਦੀ ਵਾਰਤਕ ਪੁਸਤਕ ਹੈ ਜੋ ਲੇਖਕ ਦੇ ਜੀਵਨ ਨਾਲ ਵਾਹ ਵਾਸਤਾ ਰੱਖਦੀਆਂ ਘਟਨਾਵਾਂ ਨੂੰ ਬਿਆਨਦੀ ਹੈ ਅਤੇ ਸਮੁੱਚ ਦੇ ਅਰਥ ਦਿੰਦੀ ਹੈ।ਬਲੀਜੀਤ ਨੇ ਚਰਚਾ ਕਰਦਿਆਂ ਕਿਹਾ ਕਿ 'ਵਰ੍ਹਿਆਂ ਕੋਲ ਰੁਕੇ ਪਲ' ਇਕ ਸਾਂਭਣਯੋਗ ਪੁਸਤਕ ਹੈ ਜਿਸ ਨੂੰ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਹੈ।ਲੇਖਕ ਜਗਦੀਪ ਸਿੱਧੂ ਵੱਲੋਂ ਵੀ ਪੁਸਤਕ ਕਿਸ ਤਰਾਂ ਹੋਂਦ ਵਿਚ ਆਈ , ਬਾਰੇ ਵਿਚਾਰ ਪੇਸ਼ ਕੀਤੇ ਗਏ।
ਇਸ ਮੌਕੇ ਇਕ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਦੂਰੋਂ ਨੇੜਿਓਂ ਪਹੁੰਚੇ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਨੌਜਵਾਨ ਸ਼ਾਇਰ ਧੰਨਾ ਧਾਲੀਵਾਲ ਨੇ ਕੁਦਰਤ ਦਾ ਗੁਣਗਾਣ ਕਰਦੀ ਆਪਣੀ ਕਵਿਤਾ ਪੇਸ਼ ਕੀਤੀ। ਬਲਵਿੰਦਰ ਖੰਡੋਲੀ ਵਾਲ਼ੇ ਗਾਇਆ ਗੀਤ 'ਮਰਦਾਨਾ ' ਸਾਰਿਆਂ ਵੱਲੋਂ ਸਲਾਹਿਆ ਗਿਆ।ਇਸ ਤੋਂ ਇਲਾਵਾ ਸੁੱਚਾ ਸਿੰਘ ਗੰਢਾ, ਅੰਗਰੇਜ਼ ਕਲੇਰ, ਨਿਰੰਜਨ ਸੈਲਾਨੀ, ਹਰਜੀਤ ਕੌਰ ਸੱਧਰ, ਰਾਜੂ ਨਾਹਰ ਅਤੇ ਕੁਲਵੰਤ ਜੱਸਲ ਵੱਲੋਂ ਵੀ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ ਗਈ।
ਡਾ. ਮਨਮੋਹਨ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਬੋਲਦਿਆਂ ਸਾਹਿਤ ਕਲਾ ਮੰਚ ਰਾਜਪੁਰਾ ਦੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਵੱਲੋਂ ਲਿਖਣ ਪ੍ਰਕ੍ਰਿਆ ਬਾਰੇ ਗੰਭੀਰ ਨੁਕਤਿਆਂ 'ਤੇ ਚਰਚਾ ਕੀਤੀ ਉਨ੍ਹਾਂ ਕਿਹਾ ਕਿ ਹਰੇਕ ਲੇਖਕ ਕੋਲ ਲਿਖਣ ਦੀ ਕਲਾ ਵੱਖਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲਿਖਣ ਨਾਲੋਂ ਸਾਨੂੰ ਵਧੇਰੇ ਪੜ੍ਹਨਾ ਚਾਹੀਦਾ ਹੈ। ਜਗਦੀਪ ਦੀ ਵਾਰਤਕ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਗਦੀਪ ਕੋਲ਼ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਵੱਖਰਾ ਹੈ।
ਸਮਾਗਮ ਦੇ ਆਖ਼ਿਰ ਵਿਚ ਸਾਹਿਤ ਕਲਾ ਮੰਚ ਰਾਜਪੁਰਾ ਦੇ ਸਮੂਹ ਮੈਂਬਰਾਂ ਵੱਲੋਂ ਡਾ. ਮਨਮੋਹਨ, ਜਗਦੀਪ ਸਿੱਧੂ, ਗੁਲ ਚੌਹਾਨ ਅਤੇ ਬਲੀਜੀਤ ਨੂੰ ਸਨਮਾਨ ਚਿੰਨ੍ਹ,ਲੋਈ ਅਤੇ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਦਰਸ਼ਨ ਸਿੰਘ ਬਨੂੜ ਅਤੇ ਅਲੀ ਰਾਜਪੁਰਾ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਇਸ ਮੌਕੇ ਲੇਖਕ ਕੁਲਦੀਪ ਸਾਹਿਲ, ਪੱਤਰਕਾਰ ਦਰਸ਼ਨ ਮਿੱਠਾ, ਦਿਲਸ਼ੈਨਜੋਤ ਕੌਰ, ਪਰਮਵੀਰ ਸਿੰਘ, ਕੋਮਲਦੀਪ ਵੀ ਮੌਜੂਦ ਸਨ।