ਫ਼ਤਹਿਗੜ੍ਹ ਸਾਹਿਬ, 22 ਅਕਤੂਬਰ, 2016 : ਪੰਜਾਬ ਸਦੀਆਂ ਤੋਂ ਦੇਸ਼ ਦੇ ਸਿਰਕੱਢ ਸੂਬੇ ਵਜੋਂ ਜਾਣਿਆਂ ਜਾਂਦਾ ਰਿਹਾ ਹੈ ਅਤੇ ਇਥੋਂ ਦੇ ਬਹਾਦਰ ਪੰਜਾਬੀਆਂ ਨੇ ਵਿਦੇਸ਼ੀ ਜਰਵਾਣਿਆਂ ਦੇ ਤਸ਼ਦੱਦ ਆਪਣੀ ਛਾਤੀ 'ਤੇ ਸਹਿੰਦਿਆਂ ਆਪਣੀ ਬੋਲੀ, ਸਭਿਆਚਾਰ ਅਤੇ ਪੰਜਾਬ ਦੇ ਗੌਰਵ ਨੂੰ ਢਾਹ ਨਹੀਂ ਲੱਗਣ ਦਿੱਤੀ। ਪੰਜਾਬ ਦੀ ਧਰਤੀ 'ਤੇ ਮੱਧਕਾਲ ਸਮੇਂ ਦੇ ਗੁਰੂਆਂ, ਸੰਤਾਂ, ਭਗਤਾਂ ਅਤੇ ਪੀਰਾਂ ਵੱਲੋਂ ਉਚਾਰੀ ਬਾਣੀ ਅੱਜ ਵੀ ਜੀਵਨ ਦੇ ਹਰ ਖੇਤਰ ਵਿੱਚ ਸਾਡੀ ਅਗਵਾਈ ਕਰ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਨਸੀਡ ਦੇ ਸਾਬਕਾ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਸ. ਰਣਧੀਰ ਸਿੰਘ ਰੱਖੜਾ ਨੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇ ਗੰਢ ਮੌਕੇ ਮਾਤਾ ਗੁਜਰੀ ਕਾਲਜ ਵਿਖੇ ਕਰਵਾਏ ਗਏ ਰਾਜ ਪੱਧਰੀ ਕੁਇਜ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਸੁਚੱਜੀ ਤੇ ਦੂਰ ਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਪੰਜਾਬ ਦੇ ਬਹੁਪੱਖੀ ਵਿਕਾਸ ਦੇ ਨਾਲ-ਨਾਲ ਮਾਂ ਬੋਲੀ ਪੰਜਾਬੀ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।
ਸ. ਰੱਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਦੇ ਅਮੀਰ ਵਿਰਸੇ ਤੇ ਸਭਿਆਚਾਰ ਨੂੰ ਸੰਭਾਲਣ ਲਈ ਵੱਖੋ ਵੱਖ ਯਾਦਗਾਰਾਂ ਦਾ ਨਿਰਮਾਣ ਕਰਵਾਇਆ ਗਿਆ ਹੈ ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਹੋਣਗੀਆਂ। ਉਨ੍ਹਾਂ ਕਿਹਾ ਕਿ ਆਪਣੇ ਸਭਿਆਚਾਰ ਜਾਂ ਵਿਰਸੇ ਨਾਲੋਂ ਟੁੱਟ ਕੇ ਕੋਈ ਵੀ ਕੌਮ ਜਾਂ ਸਮਾਜ ਤਰੱਕੀ ਨਹੀਂ ਕਰ ਸਕਦਾ ਤੇ ਸਰਕਾਰ ਵੱਲੋਂ ਲੋਕਾਂ ਨੂੰ ਵਿਰਸੇ ਨਾਲ ਜੋੜਨ ਲਈ ਕੀਤੇ ਗਏ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਿਕਾਸ ਲਈ ਭਾਸ਼ਾ ਵਿਭਾਗ ਦੀ ਸਥਾਪਨਾਂ ਕੀਤੀ ਗਈ ਸੀ ਅਤੇ ਇਹ ਵਿਭਾਗ ਆਪਣੀ ਜਿੰਮੇਵਾਰੀ ਬਾਖੂਬੀ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਜਿਥੇ ਸਾਡੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਵਿੱਚ ਸਹਾਈ ਹੋਣਗੇ ਉਥੇ ਹੀ ਉਨ੍ਹਾਂ ਦੇ ਗਿਆਨ ਵਿੱਚ ਵੀ ਵਾਧਾ ਹੋਵੇਗਾ।
ਇਸ ਮੌਕੇ ਡਾਇਰੈਕਟਰ ਭਾਸ਼ਾ ਵਿਭਾਗ ਸ੍ਰੀਮਤੀ ਗੁਰਸ਼ਰਨ ਕੌਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇ ਗੰਢ ਨੂੰ ਸਮਰਪਿਤ ਪਹਿਲਾਂ ਜ਼ਿਲ੍ਹਾ ਪੱਧਰ 'ਤੇ ਮੁਕਾਬਲੇ ਕਰਵਾਏ ਗਏ ਸਨ ਅਤੇ ਜ਼ਿਲ੍ਹਿਆਂ ਦੇ ਜੇਤੂਆਂ ਨੇ ਰਾਜ ਪੱਧਰੀ ਮੁਕਬਲਿਆਂ ਵਿੱਚ ਭਾਗ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕੁਇਜ ਮੁਕਾਬਲੇ ੳ, ਅ ਤੇ ੲ ਵਰਗ ਵਿੱਚ ਕਰਵਾਏ ਗੲ ਹਨ ਤੇ ਇਨ੍ਹਾਂ ਮੁਕਾਬਲਿਆਂ ਵਿੱਚ ਤਕਰੀਬਨ 48 ਵਿਦਿਆਰਥੀਆਂ ਨੇ ਭਾਗ ਲਿਆ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਿਕਾਸ ਲਈ ਸਮੇਂ-ਸਮੇਂ 'ਤੇ ਮੁਕਾਬਲੇ ਕਰਵਾਏ ਜਾਂਦੇ ਹਨ।
ਇਸ ਮੌਕੇ ਡਿਪਟੀ ਡਾਇਰੈਕਟਰ ਸ੍ਰੀਮਤੀ ਕਰਮਜੀਤ ਕੌਰ ਨੇ ਦੱਸਿਆ ਕਿ ' ੳ' ਵਰਗ ਦੇ ਕੁਇੰਜ ਮੁਕਾਬਲਿਆਂ ਵਿੱਚ ਦਪਿੰਦਰਵੀਰ ਕੌਰ ਲੁਧਿਆਣਾ ਪਹਿਲੇ, ਸੁਖਮਨਜੋਤ ਸਿੰਘ ਆਦੀਵਾਲ, ਕੋਟਕਪੁਰਾ ਦੂਜੇ ਤੇ ਜਸਪਿੰਦਰ ਸਿੰਘ ਸੰਗਰੂਰ ਤੀਜੇ ਸਥਾਨ 'ਤੇ ਰਿਹਾ। ਇਸੇ ਤਰ੍ਹਾਂ ' ਅ ' ਵਰਗ ਵਿੱਚ ਦੇਵਾਂਸ ਲੁਧਿਆਣਾ ਪਹਿਲੇ, ਪ੍ਰਿੰਸ ਮਿੱਤਲ ਕੋਟਕਪੁਰਾ ਦੂਜੇ ਤੇ ਮਨਪ੍ਰੀਤ ਸਿੰਘ ਕਪੂਰਥਲਾ ਤੀਜੇ ਸਥਾਨ 'ਤੇ ਰਿਹਾ। ਜਦੋਂ ਕਿ ' ੲ ' ਵਰਗ ਵਿੱਚ ਇੰਦਰਜੀਤ ਕੌਰ ਹੁਸ਼ਿਆਰਪੁਰ ਪਹਿਲੇ, ਹੀਰਾ ਸਿੰਘ ਅੰਮ੍ਰਿਤਸਰ ਦੂਜੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪਰਮਜੋਤ ਸਿੰਘ ਸੰਘਾ ਤੀਜੇ ਸਥਾਨ 'ਤੇ ਰਿਹਾ।
ਇਸ ਮੌਕੇ ਸ਼੍ਰੋਮਣੀ ਸਾਹਿਤਕਾਰ ਸ੍ਰੀ ਸੁਰਜੀਤ ਸਿੰਘ ਮਰਜਾਰਾ, ਸੁਖਦੇਵ ਸਿੰਘ ਮਾਦਪੁਰੀ, ਦਰਸ਼ਨ ਸਿੰਘ ਆਸ਼ਟ, ਸਹਾਇਕ ਡਾਇਰਕੈਟਰ ਕੰਵਲਜੀਤ ਕੌਰ, ਹਰਨੇਕ ਸਿੰਘ, ਸਤਨਾਮ ਸਿੰਘ, ਡਾ. ਅਛਰੂ ਸਿੰਘ, ਬੀਬੀ ਸੁਰਿੰਦਰ ਕੌਰ, ਸ. ਊਧਮ ਸਿੰਘ, ਬਲਵੀਰ ਸਿੰਘ ਸਹੋਤਾ, ਅਮਰਿੰਦਰ ਸਿੰਘ, ਹਰਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਸਾਹਿਤ ਪ੍ਰੇਮੀ ਹਾਜਰ ਸਨ।