ਪੰਜਾਬੀ ਸਾਹਿਤਕਾਰਾਂ ਨੇ ਮਾਸਟਰ ਰਵੀ ਕੁਮਾਰ ਮੰਗਲਾ ਵਲੋਂ 550 ਦੋਹੜੇ ਪੂਰੇ ਕਰਨ ਤੇ ਦਿੱਤੀ ਵਧਾਈ
- ਜਲਦੀ ਹੀ ਦੋਹੜਿਆਂ ਦੀ ਕਿਤਾਬ ਪਾਠਕਾਂ ਦੇ ਹੱਥਾਂ ਵਿੱਚ ਹੋਵੇਗੀ ਮੰਗਲਾ
ਰੋਹਿਤ ਗੁਪਤਾ
ਗੁਰਦਾਸਪੁਰ 8 ਅਕਤੂਬਰ 2023 - ਸਰਹੱਦੀ ਕਸਬਾ ਮਰਾੜਾ ਦੇ ਨੇੜੇ ਪੈਂਦੇ ਪਿੰਡ ਦਬੁਰਜੀ ਦੇ ਜੰਮਪਲ ਮਾਸਟਰ ਰਵੀ ਕੁਮਾਰ ਮੰਗਲਾ ਹੁਣ ਕਿਸੇ ਪਹਿਚਾਣ ਦੇ ਮੁਹਤਾਜ ਨਹੀ ਹਨ ।ਉਹ ਨਿਰੰਤਰ ਸਾਹਿਤ ਸਿਰਜਣਾ ਕਰ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੇ ਹਨ।ਪਹਿਲਾਂ ਉਨ੍ਹਾਂ ਨੇ ਸਾਹਿਤਕ ਵਿਧਾ ਕਹਾਣੀ ਲਿਖਣ ਤੋਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ ਤੇ ਹੌਲੀ ਹੌਲੀ ਉਹ ਖੁੱਲੀਆਂ ਕਵਿਤਾਵਾਂ ਲਿਖਣ ਲੱਗ ਪਏ।ਅਧਿਆਪਨ ਕਿੱਤੇ ਨਾਲ ਜੁੜੇ ਹੋਣ ਕਰਕੇ ਇਹਨਾਂ ਦੀਆਂ ਲਿਖੀਆਂ ਕਵਿਤਾਵਾਂ ਬੱਚਿਆਂ ਵਲੋਂ ਬਾਲ ਮੇਲਿਆਂ ਵਿੱਚ ਅਕਸਰ ਬੋਲੀਆਂ ਜਾਂਦੀਆਂ ਸਨ।ਅੱਜ ਮਾਸਟਰ ਰਵੀ ਕੁਮਾਰ ਮੰਗਲਾ ਪੰਜਾਬੀ ਸਾਹਿਤ ਦੀ ਨਿਵੇਕਲੀ ਵਿਧਾ ਦੋਹੜਾ ਨੂੰ ਸਾਜ਼ ਕੇ ਪੰਜਾਬੀ ਦੇ ਸਿਰਮੌਰ ਦੋਹੜਾ ਸ਼ਾਜਾਂ ਵਿੱਚ ਆਪਣਾ ਨਾਮ ਦਰਜ਼ ਕਰਵਾ ਚੁੱਕਿਆ ਹੈ ।ਅੱਜ ਸਾਹਿਤਕ ਮਿਲਣੀ ਦੌਰਾਨ ਪੱਤਰਕਾਰਾਂ ਵੱਲੋਂ ਦੋਹੜਾ ਲਿਖਣ ਦੀ ਰੁਚੀ ਬਾਰੇ ਮੰਗਲਾ ਜੀ ਨੇ ਦੱਸਿਆ ਕਿ ਸ਼ੁਰੂ ਸ਼ੁਰੂ ਵਿੱਚ ਉਹਨਾਂ ਕਹਾਣੀਆਂ ਲਿਖੀਆਂ ਜਿਸ ਵਿੱਚ ਉਹ ਚਾਰ ਕਹਾਣੀ ਸੰਗ੍ਰਹਿ ਲਿਖ ਚੁਕਾ ਹੈ ।
ਫਿਰ ਉਹਨਾਂ ਨੇ ਗ਼ਜ਼ਲ ਤੇ ਹੱਥ ਅਜਮਾਏ ਤੇ ਇੱਕ ਗ਼ਜਲ ਸੰਗ੍ਰਹਿ ਜੋ ਕਿ ਅਰੂਜ਼ ਦੀਆਂ ਬਹਿਰਾਂ ਵਿੱਚ ਲਿਖੀਆਂ ਹਨ ।ਇੱਕ ਕਾਵਿ ਸੰਗ੍ਰਹਿ, ਇੱਕ ਬਾਲ ਸਾਹਿਤ ਦੀ ਕਿਤਾਬ ਤੋਂ ਇਲਾਵਾ ਹੁਣ ਤੱਕ 600 ਦੋਹੜੇ ਲਿਖ ਚੁਕਾ ਹੈ ।ਦੋਹੜੇ ਬਾਰੇ ਉਨ੍ਹਾਂ ਦੱਸਿਆ ਕਿ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਦੀਨਾਨਗਰ ਦੇ ਬਾਨੀ ਮਾਸਟਰ ਧਿਆਨ ਸਿੰਘ ਸ਼ਾਹ ਸਿਕੰਦਰ ਹੋਰਾਂ ਨੇ ਆਪਣੀ ਕਿਤਾਬ ਦੋਹੜਾ ਇੱਕ ਕਾਵਿ ਰੂਪ ਦੇ ਕੇ ਦੋਹੜਾ ਲਿਖਣ ਲਈ ਪ੍ਰੇਰਿਤ ਕੀਤਾ।ਬਾਬਾ ਜੀ ਦੀ ਕਿਤਾਬ ਨੂੰ ਬਾਰ ਬਾਰ ਪੜ੍ਹਨ ਤੇ ਅਤੇ ਮਾਸਟਰ ਫਰਤੂਲ ਚੰਦ ਫੱਕਰ ਦੀਆਂ ਕਿਤਾਬਾਂ ਦਾ ਅਧਿਐਨ ਕਰਨ ਤੋਂ ਬਾਅਦ ਮਾਸਟਰ ਰਵੀ ਕੁਮਾਰ ਮੰਗਲਾ ਨੇ ਪਹਿਲਾ ਦੋਹੜਾ ਲਿਖਿਆ :-
"ਮਸਜਿਦ ਅੰਦਰ ਮੁੱਲਾਂ ਕੂਕੇ, ਮੰਦਰ ਵਿੱਚ ਪੁਜਾਰੀ,
ਰੱਬ ਦੇ ਨਾਂ ਤੇ ਭਰਮ ਫੈਲਾ ,ਕੇ ਬਣ ਬੈਠੇ ਦਰਬਾਰੀ
ਖੂਨ ਪਸੀਨੇ ਵਾਲੀ ਦੌਲਤ ,ਲੁੱਟਣ ਵਾਰੋ ਵਾਰੀ
ਭੋਲੀ ਭਾਲੀ ਜਨਤਾ ਮੰਗਲਾ, ਖੂੰਜੇ ਲਾ ਤੀ ਸਾਰੀ ।"
ਜਿਸ ਨੂੰ ਪੰਜਾਬੀ ਗਾਇਕ ਸ਼ੁਭਾਸ ਸੂਫੀ ਤੇ ਇੰਦਰ ਜੀਤ ਸਪੋਕਸਮੈਨੀ ਨੇ ਆਪਣੀ ਆਵਾਜ਼ ਵਿੱਚ ਗਾ ਕੇ ਇੱਕ ਦਰਿਆ ਦੇ ਕੰਢੇ ਤੇ ਰਹਿਣ ਵਾਲੇ ਗੋਦੜੀ ਦੇ ਲਾਲ ਨੂੰ ਰਾਤੋ ਰਾਤ ਸੱਤ ਸਮੁੰਦਰ ਪਾਰ ਦੇ ਸਰੋਤਿਆਂ ਤੱਕ ਪਹੁੰਚਾ ਕੇ ਹਿੰਮਤ ਭਰ ਦਿੱਤੀ।ਆਪਣੇ ਸਾਥੀ ਸਾਹਿਤਕਾਰਾਂ ਅਤੇ ਸਾਹਿਤ ਜਗਤ ਦੀਆਂ ਮਾਣਮੱਤੀਆਂ ਹਸਤੀਆਂ ਬਾਬਾ ਜੀ ਧਿਆਨ ਸਿੰਘ ਸ਼ਾਹ ਸਿੰਕਦਰ, ਉਸਤਾਦ ਬਲਵਿੰਦਰ ਬਾਲਮ ,ਪਠਾਨਕੋਟ ਦੇ ਪ੍ਰਸਿੱਧ ਗ਼ਜਲਗੋ ਪਾਲ ਗੁਰਦਾਸਪੁਰੀ ,ਉੱਘੇ ਕਵੀ, ਸਾਹਿਤਕਾਰ, ਬੰਸਰੀ ਵਾਦਕ ਤੇ ਕਾਲਮ ਨਵੀਸ ਬਿਸ਼ਨ ਦਾਸ ਜੀ ਬਿਸ਼ਨ ਪਠਾਨਕੋਟ, ਪੰਜਾਬੀ ਸਾਹਿਤ ਸਭਾ ਦੀਨਾਨਗਰ ਦੇ ਪ੍ਰਧਾਨ ਅਮਰਜੀਤ ਥਾਪਾ ,ਉਪ ਪ੍ਰਧਾਨ ਹੇਮ ਰਾਜ ਐਸ ਡੀ ਓ ,ਪੰਜਾਬੀ ਗਾਇਕ ਸ਼ੁਭਾਸ ਸੂਫੀ,ਜਿਲ੍ਹਾ ਭਾਸ਼ਾ ਅਫਸਰ ਪਠਾਨਕੋਟ ਡਾ ਸ਼ੁਰੇਸ ਮਹਿਤਾ ,ਲੈਕਚਰਾਰ ਅਸ਼ਵਨੀ ਪੰਡੋਰੀ ,ਭੁਪਿੰਦਰ ਸਿੰਘ ਝੜੋਲੀ ਅਤੇ ਸੁੱਭਕਰਨ ਸ਼ਿੰਦੀ ਹੋਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਹਨਾਂ ਹਸਤੀਆਂ ਨੇ ਉਹਨਾਂ ਅੰਦਰ ਪਨਪ ਰਹੇ ਦੋਹੜਾ ਸ਼ਾਜ ਨੂੰ ਆਪਣੀਆਂ ਸਾਹਿਤਕ ਸਲਾਹਾਂ ਦੇ ਕੇ ਉਨ੍ਹਾਂ ਨੂੰ ਇੱਕ ਸਧਾਰਨ ਇੰਨਸਾਨ ਤੋਂ ਇੱਕ ਸਫਲ ਦੋਹੜਾ ਸ਼ਾਜ ਦੀ ਕਤਾਰ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ ।ਉਹਨਾਂ ਦੱਸਿਆ ਕਿ ਉਹ ਹੁਣ ਤੱਕ 600 ਦੋਹੜੇ ਲਿਖ ਚੁਕਿਆ ਹੈ।
ਜਿਸ ਦੀ ਕਿਤਾਬ ਜਲਦੀ ਹੀ ਪਾਠਕਾਂ ਦੇ ਹੱਥਾਂ ਵਿੱਚ ਹੋਵੇਗੀ।ਇਸ ਮੌਕੇ 550 ਦੋਹੜੇ ਪੂਰੇ ਹੋਣ ਤੇ ਦੇਸ਼ ਵਿਦੇਸ਼ ਵਿੱਚੋਂ ਉਨ੍ਹਾਂ ਨੂੰ ਵਧਾਈ ਸੰਦੇਸ਼ ਪ੍ਰਾਪਤ ਹੋ ਰਹੇ ਹਨ ਅਤੇ ਪਠਾਨਕੋਟ ਤੋਂ ਸ੍ਰੀ ਬਿਸ਼ਨ ਦਾਸ ਜੀ ਬਿਸ਼ਨ ,ਪਾਲ ਗੁਰਦਾਸਪੁਰੀ ਜੀ ,ਅਸ਼ੋਕ ਚਿੱਤਰਕਾਰ ਜੀ ਤੋਂ ਇਲਾਵਾ ਅਮਰਜੀਤ ਥਾਪਾ ,ਸ਼ੁਭਾਸ ਸੂਫੀ, ਬਿਸੰਬ਼ਰ ਅਵਾਂਖੀਆ, ਰਜੇਸ਼ ਫੂਲਪੁਰੀ, ਰਾਜ ਕੁਮਾਰ ਆਵਾਂਖਿਆ, ਡਾ ਗੁਰਚਰਨ ਗਾਂਧੀ ਸੰਪਾਦਕ ਸੂਹੀ ਸਵੇਰ, ਗਜਲਗੋ ਯਸਪਾਲ ਮਿੱਤਵਾ, ਵਿਜੇ ਤਾਲੀਬ ,ਵਿਜੇ ਕੁਮਾਰ ਸ਼ਰਮਾਂ ਪ੍ਰਸਿੱਧ ਹਾਸਰਸ ਕਵੀ ਦੀਨਾਨਗਰ,ਅਤੇ ਰੱਬ ਵਰਗੇ ਉਸਤਾਦ ਸ੍ਰੀ ਬਲਵਿੰਦਰ ਬਾਲਮ ਜੀ ਹੋਰਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ ।ਮਾਸਟਰ ਰਵੀ ਕੁਮਾਰ ਮੰਗਲਾ ਹੋਰਾਂ ਦੱਸਿਆ ਕਿ ਪਹਿਲੀ ਕਿਤਾਬ ਕੌਟਾ ਪ੍ਰਿੰਟਰਜ਼ ਗੁਰਦਾਸਪੁਰ ਦੇ ਮਾਲਕ ਇੰਜੀਨੀਅਰ ਮੁਕੇਸ਼ ਕੌਟਾ ਅਤੇ ਲੈਕ ਅਸ਼ਵਨੀ ਕੌਟਾ ਤੇ ਸੰਤ ਸ਼ਿਰੋਮਣੀ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਵੈਲਫੇਅਰ ਮਹਾਸੰਮਤੀ ਪੰਜਾਬ ਦੇ ਪ੍ਰਧਾਨ ਵਿਜੇ ਕੁਮਾਰ ਚਾਂਡਲ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਦੇਖ ਰੇਖ ਵਿੱਚ ਉਸਤਾਦ ਬਲਵਿੰਦਰ ਬਾਲਮ ਜੀ ਵਲੋਂ ਸੋਧ ਕਰਕੇ ਦਸੰਬਰ ਮਹੀਨੇ ਤੱਕ ਸਰੋਤਿਆਂ ਅਤੇ ਸਾਹਿਤ ਜਗਤ ਦੀ ਝੋਲੀ ਪਾ ਦਿੱਤੀ ਜਾਵੇਗੀ।