ਉਜਾਗਰ ਸਿੰਘ
ਪੰਜਾਬੀ ਮਿੰਨੀ ਕਹਾਣੀ ਦੇ ਨੌਜਵਾਨ ਕਹਾਣੀਕਾਰ ਗੁਰਮੀਤ ਸਿੰਘ ਬਿਰਦੀ ਦੀ ਪਲੇਠੀ ਮਿੰਨੀ ਕਹਾਣੀਆਂ ਦੀ ਪੁਸਤਕ '' ਪਹਿਚਾਣ '' ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਕਿਉਂਕਿ ਇਸ ਪੁਸਤਕ ਦੀਆਂ ਬਹੁਰੰਗੀ ਆਧੁਨਿਕ ਵਿਸ਼ਿਆਂ ਵਾਲੀਆਂ ਕਹਾਣੀਆਂ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਪ੍ਰਕਾਸ਼ਤ ਹੁੰਦੀਆਂ ਆ ਰਹੀਆਂ ਹਨ। ਉਸਨੇ 1995 ਵਿਚ ਲਿਖਣਾ ਸ਼ੁਰੂ ਕੀਤਾ ਸੀ, ਉਸ ਸਮੇਂ ਤੋਂ ਹੀ ਉਹ ਲਗਾਤਾਰ ਲਿਖਦਾ ਆ ਰਿਹਾ ਹੈ। ਬਿਰਦੀ ਨੇ ਪੁਸਤਕ ਪ੍ਰਕਾਸ਼ਤ ਕਰਨ ਵਿਚ ਸੰਜੀਦਗੀ ਵਿਖਾਈ ਹੈ, ਜਲਦਬਾਜ਼ੀ ਨਹੀਂ ਕੀਤੀ। ਇਸ ਪੁਸਤਕ ਦੇ 80 ਪੰਨਿਆਂ ਵਿਚ 62 ਮਿੰਨੀ ਕਹਾਣੀਆਂ ਹਨ। ਇਹ ਮਿੰਨੀ ਕਹਾਣੀਆਂ ਰਵਾਇਤੀ ਨਹੀਂ ਹਨ, ਕੁਝ ਕਹਾਣੀਆਂ ਆਮ ਵਿਸ਼ਿਆਂ ਤੋਂ ਵੱਖਰੀਆਂ ਹਨ। ਵਰਤਮਾਨ ਸਮੇਂ ਸਮਾਜਿਕ ਕਦਰਾਂ ਕੀਮਤਾਂ ਦੇ ਬਦਲਦੇ ਸੰਕਲਪਾਂ ਨੂੰ ਲੋਕਾਂ ਦੇ ਸਾਹਮਣੇ ਦ੍ਰਿਸ਼ਟੀਗੋਚਰ ਕਰਨ ਦੀ ਇਕ ਸਾਰਥਿਕ ਕੋਸ਼ਿਸ਼ ਹੈ। ਜਿਸ ਸਮਾਜ ਵਿਚ ਉਹ ਵਿਚਰ ਰਿਹਾ ਏ, ਉਸਨੂੰ ਬਿਰਦੀ ਨੇ ਬੜਾ ਨਜ਼ਦੀਕ ਤੋਂ ਵੇਖਿਆ, ਜਾਣਿਆਂ ਅਤੇ ਘੋਖਿਆ ਹੈ। ਉਸਨੇ ਮਹਿਸੂਸ ਕੀਤਾ ਹੈ ਕਿ ਸਾਡਾ ਸਮਾਜਿਕ ਵਰਤਾਰਾ, ਵਿਵਹਾਰ, ਵਿਚਾਰ, ਰਹਿਣ ਸਹਿਣ ਅਤੇ ਖਾਣ ਪੀਣ ਵਿਚ ਪੁਰਾਣੇ ਸਮੇਂ ਦੇ ਮੁਕਾਬਲੇ ਕ੍ਰਾਂਤੀਕਾਰੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਇਨ੍ਹਾਂ ਤਬਦੀਲਆਂ ਦਾ ਅਸਰ ਸਿੱਧੇ ਜਾਂ ਅਸਿੱਧੇ ਤੌਰ ਤੇ ਇਨਸਾਨ ਤੇ ਪੈ ਰਿਹਾ ਹੈ। ਇਸ ਲਈ ਕੁਦਰਤੀ ਹੈ ਕਿ ਰੋਜ਼ਾਨਾ ਜ਼ਿੰਦਗੀ ਤੇ ਇਸ ਦਾ ਪ੍ਰਭਾਵ ਪਵੇਗਾ ਜੋ ਕਿ ਇਨਸਾਨ ਦੀ ਫਿਤਰਤ ਨੂੰ ਬਦਲ ਰਿਹਾ ਹੈ। ਇਸ ਕਰਕੇ ਸਮਾਜ ਦਾ ਸਮਾਜਿਕ, ਸਭਿਆਚਾਰਕ, ਆਰਥਿਕ ਅਤੇ ਧਾਰਮਿਕ ਵਰਤਾਰਾ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਬਿਰਦੀ ਦੀਆਂ ਸਾਰੀਆਂ ਕਹਾਣੀਆਂ ਇਸ ਬਾਰੇ ਜਾਣਕਾਰੀ ਮੁਹੱਈਆਂ ਕਰਵਾਉਂਦੀਆਂ ਅਤੇ ਪਾਠਕਾਂ ਨੂੰ ਹਲੂਣਾ ਦਿੰਦੀਆਂ ਹੋਈਆਂ ਨੈਤਿਕਤਾ ਦਾ ਪੱਲਾ ਫੜ੍ਹਨ ਦੀ ਪ੍ਰੇਰਨਾ ਕਰਦੀਆਂ ਹਨ। ਇਸ ਪੁਸਤਕ ਦੀਆਂ ਕਹਾਣੀਆਂ ਇਨਸਾਨ ਨੂੰ ਬਦਲਦੇ ਹਾਲਾਤ ਬਾਰੇ ਸੋਚਣ ਲਈ ਮਜ਼ਬੂਰ ਕਰਦੀਆਂ ਹਨ। ਬਿਰਦੀ ਦੀ ਕਾਬਲੀਅਤ ਇਸ ਗੱਲ ਤੋਂ ਸ਼ਪਸ਼ਟ ਹੁੰਦੀ ਹੈ ਕਿ ਉਹ ਆਪਣੀ ਗੱਲ ਥੋੜ੍ਹੇ ਸ਼ਬਦਾਂ ਵਿਚ ਹੀ ਕਹਿਕੇ ਪਾਠਕ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦਾ ਹੈ ਪ੍ਰੰਤੂ ਕਈ ਵਾਰ ਉਹ ਸਿੱਧਿਆਂ ਹੀ ਆਪਣੀ ਗੱਲ ਠਾਹ ਮਾਰਦਾ ਹੈ, ਕੋਈ ਵਿੰਗ ਵਲ ਪਾ ਕੇ ਗੱਲ ਨਹੀਂ ਕਰਦਾ, ਬਹੁਤੀ ਵਾਰ ਤਾਂ ਇਹ ਸਿੱਧੀ ਸਪਾਟ ਗੱਲ ਚੰਗੀ ਲਗਦੀ ਹੈ, ਕਈ ਵਾਰ ਉਸਦਾ ਇਸ ਤਰ੍ਹਾਂ ਟੱਕਰਨਾ ਰੜਕਦਾ ਵੀ ਹੈ। ਉਸ ਦੀਆਂ ਕਹਾਣੀਆਂ ਦਸਦੀਆਂ ਹਨ ਕਿ ਤੇਜ਼ ਤਰਾਰ ਸਮੇਂ ਅਤੇ ਆਧੁਨਿਕਤਾ ਦੀ ਆੜ ਵਿਚ ਗ਼ਰੀਬਾਂ ਨੂੰ ਉਜਾੜਿਆ ਜਾ ਰਿਹਾ ਹੈ। ਮੰਦਿਰ ਸਿਰਲੇਖ ਵਾਲੀ ਕਹਾਣੀ ਵਿਚ ਉਹ ਵਿਅੰਗ ਕਰਦਾ ਹੈ ਕਿ ਪ੍ਰਮਾਤਮਾ ਵੀ ਗ਼ਰੀਬਾਂ ਦੀ ਮਦਦ ਨਹੀਂ ਕਰਦਾ, ਸਗੋਂ ਉਹ ਗ਼ਰੀਬਾਂ ਤੇ ਕਹਿਰ ਕਰਨ ਨੂੰ ਪ੍ਰਵਾਨਗੀ ਦਿੰਦਾ ਹੈ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਹੈ ਕਿ ਪਰਮਾਤਮਾ ਦੇ ਹੁਕਮ ਬਿਨਾ ਪੱਤਾ ਵੀ ਨਹੀਂ ਹਿਲਦਾ, ਇਕ ਕਿਸਮ ਨਾਲ ਬਿਰਦੀ ਸਮਾਜਿਕਤਾ ਉਪਰ ਵਿਅੰਗ ਵੀ ਕਸਦਾ ਹੈ। ਗ਼ਰੀਬ ਆਪਣੀ ਰੋਜ ਮਰਰ੍ਹਾ ਦੀ ਜ਼ਿੰਦਗੀ ਚਲਾਉਣ ਲਈ ਸਖ਼ਤ ਮਿਹਨਤ ਕਰਕੇ ਮੁਸ਼ਕਲ ਨਾਲ ਗੁਜਾਰਾ ਕਰਦੇ ਹਨ ਪ੍ਰੰਤੂ ਅਮੀਰ ਲੋਕ ਪੈਸਾ ਪਾਣੀ ਦੀ ਤਰ੍ਹਾਂ ਉਡਾਉਂਦੇ ਹਨ ਕਿਉਂਕਿ ਉਨ੍ਹਾਂ ਕੋਲ ਗ਼ਲਤ ਢੰਗਾਂ ਨਾਲ ਇਕੱਠਾ ਕੀਤਾ ਹੋਇਆ ਵਾਧੂ ਧਨ ਹੁੰਦਾ ਹੈ, ਗ਼ਰੀਬ ਫਿਰ ਵੀ ਸੰਤੁਸ਼ਟ ਹੁੰਦੇ ਹਨ ਜਦੋਂ ਕਿ ਅਮੀਰਾਂ ਨੂੰ ਫਿਰ ਵੀ ਤਸੱਲੀ ਨਹੀਂ ਹੁੰਦੀ, ਉਨ੍ਹਾਂ ਦੀ ਭਟਕਣਾ ਵਧਦੀ ਰਹਿੰਦੀ ਹੈੈ। ਫ਼ਿਕਰ ਨਾਂ ਦੀ ਕਹਾਣੀ ਵਿਚ ਉਹ ਅਮੀਰ ਅਤੇ ਗ਼ਰੀਬ ਨੂੰ ਬਰਾਬਰ ਦਾ ਦਰਜਾ ਦਿੰਦਾ ਹੈ ਕਿਉਂਕਿ ਗ਼ਰੀਬ ਨੂੰ ਇਸ ਕਰਕੇ ਨੀਂਦ ਨਹੀਂ ਆਉਂਦੀ ਕਿ ਉਸਨੂੰ ਰੋਜੀ ਰੋਟੀ ਦਾ ਫ਼ਿਕਰ ਸਤਾਉਂਦਾ ਰਹਿੰਦਾ ਹੈ। ਅਮੀਰ ਨੂੰ ਇਸ ਕਰਕੇ ਨੀਂਦ ਨਹੀਂ ਆਉਂਦੀ ਕਿ ਉਹ ਹਰ ਵਕਤ ਇਹੋ ਸੋਚਦਾ ਰਹਿੰਦਾ ਹੈ ਕਿ ਪੈਸਾ ਕਿਸ ਤਰ੍ਹਾਂ ਇਕੱਠਾ ਕੀਤਾ ਜਾ ਸਕਦਾ ਹੈ। ਗ਼ਰੀਬ ਦੀ ਸੋਚ ਉਸਾਰੂ ਹੁੰਦੀ ਹੈ ਪ੍ਰੰਤੂ ਇਸ ਦੇ ਮੁਕਾਬਲੇ ਅਮੀਰ ਦੀ ਸੋਚ ਨਾਕਾਰਾਤਮਿਕ ਹੁੰਦੀ ਹੈ। ਅਮੀਰ ਲੋਕਾਂ ਦਾ ਬੁਰਾ ਅਤੇ ਗ਼ਰੀਬ ਭਲਾ ਚਾਹੁੰਦਾ ਹੈ। ਦੋਵੇਂ ਰੁਝੇ ਰਹਿੰਦੇ ਹਨ, ਦੋਹਾਂ ਕੋਲ ਆਪੋ ਆਪਣੇ ਪਰਿਵਾਰਾਂ ਲਈ ਸਮਾਂ ਨਹੀਂ ਪ੍ਰੰਤੂ ਇਸ ਤੋਂ ਇੱਕ ਗੱਲ ਸ਼ਪਸ਼ਟ ਹੁੰਦੀ ਹੈ ਕਿ ਮਿਹਨਤ ਦੀ ਬੇਕਦਰੀ ਹੁੰਦੀ ਹੈ। ਤਿਕੜਮਬਾਜ਼ੀ ਹੀ ਕੰਮ ਆਉਂਦੀ ਹੈ। ਮਰਦਾਨਗੀ ਨਾਂ ਦੀ ਕਹਾਣੀ ਵਿਚ ਵੀ ਅਮੀਰਾਂ ਅਤੇ ਗ਼ਰੀਬਾਂ ਦੀ ਮਾਨਸਿਕਤਾ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਗਰਲ ਫਰੈਂਡ ਨਾਂ ਦੀ ਕਹਾਣੀ ਵਿਚ ਬਦਲਦੇ ਸੰਕਲਪਾਂ ਵਿਚ ਆ ਰਹੀ ਤਬਦੀਲੀ ਦਾ ਪ੍ਰਗਟਾਵਾ ਕਰਦਾ ਹੈ, ਭੈਣ ਭਰਾ ਨੂੰ ਵੀ ਇਕ ਦੂਜੇ ਤੋਂ ਮਿਲਣ ਗਿਲਣ ਵਿਚ ਘਬਰਾਹਟ ਪੈਦਾ ਹੁੰਦੀ ਹੈ। ਸਮਾਜ ਨੂੰ ਸੰਜੀਦਗੀ ਨਾਲ ਵਿਚਰਣ ਲਈ ਤਾਕੀਦ ਕਰਦਾ ਹੈ। ਆਧੁਨਿਕ ਪੱਤਰਕਾਰਿਤਾ ਦਾ ਮਖ਼ੌਲ ਉਡਾਉਂਦਿਆਂ ਉਹ ਦੱਸਦਾ ਹੈ ਕਿ ਕਿਵੇਂ ਪੱਤਰਕਾਰ ਕਵਰ ਸਟੋਰੀ ਵਾਲੀ ਮਿੰਨੀ ਕਹਾਣੀ ਵਿਚ ਆਪਣੀਆਂ ਖ਼ਬਰਾਂ ਬਣਾਉਣ ਸਮੇਂ ਲੋਕਾਂ ਨੂੰ ਉਕਸਾਉਂਦੇ ਹਨ, ਜਿਸ ਦੇ ਖ਼ਤਰਨਾਕ ਨਤੀਜੇ ਨਿਕਲਦੇ ਹਨ। ਲੋਕਾਈ ਦੇ ਸੁਭਾਅ ਵਿਚ ਆ ਰਹੀ ਗਿਰਾਵਟ ਸਾਮ੍ਹਣੇ ਆਉਂਦੀ ਹੈ। ਮੋਹ ਦੀਆਂ ਤੰਦਾਂ ਨਾਂ ਦੀ ਕਹਾਣੀ ਵਿਚ ਜਾਇਦਾਦ ਪਿੱਛੇ ਭੈਣ ਭਰਾ ਦੇ ਰਿਸ਼ਤੇ ਖਟਾਈ ਵਿਚ ਪੈ ਜਾਂਦੇ ਹਨ। ਭਾਵਨਾਤਮਿਕ ਸਾਂਝ ਖ਼ਤਮ ਹੋ ਜਾਂਦੀ ਹੈ। ਪੁਲਿਸ ਦਾ ਰੋਲ ਵੀ ਸਾਕਾਰਾਤਮਿਕ ਨਹੀਂ ਹੁੰਦਾ। ਲਗਾਮ ਨਾਂ ਦੀ ਕਹਾਣੀ ਂਇਨਸਾਨ ਦੀ ਮਾਨਸਿਕਤਾ ਤੇ ਕਰਾਰੀ ਚੋਟ ਮਾਰਦੀ ਹੈ। ਉਸ ਦੀਆਂ ਕਹਾਣੀਆਂ ਭਰੂਣ ਹੱਤਿਆ ਅਤੇ ਲੜਕੇ ਤੇ ਲੜਕੀ ਦੇ ਫ਼ਰਕ ਨੂੰ ਵੀ ਦਰਸਾਉਂਦੀਆਂ ਹਨ। ਅਸਰ ਸਿਰਲੇਖ ਵਾਲੀ ਕਹਾਣੀ ਕੁਦਰਤੀ ਸਰੋਤਾਂ ਦੀ ਅਣਵੇਖੀ ਦੀ ਕਰੂਰਤਾ ਦਰਸਾਉਂਦੀ ਹੋਈ ਬਿਜਲੀ-ਪਾਣੀ ਦੀ ਬਰਬਾਦੀ ਨੂੰ ਰੋਕਣ ਅਤੇ ਸੰਜੀਦਗੀ ਨਾਲ ਵਰਤੋਂ ਕਰਨ ਦੀ ਪ੍ਰੇਰਨਾ ਦਿੰਦੀ ਹੈ। ਬਿਰਦੀ ਦੀਆਂ ਕਹਾਣੀਆਂ ਸਮਾਜਿਕਤਾ ਦੇ ਵਿਵਹਾਰ ਦੀਆਂ ਬਹੁ ਰੰਗੀ ਪਰਤਾਂ ਖੋਲ੍ਹਦੀਆਂ ਹੋਈਆਂ ਨਵੇਂ ਮਾਪ ਦੰਡਾਂ ਦਾ ਜ਼ਿਕਰ ਕਰਦੀਆਂ ਹਨ, ਜਿਨ੍ਹਾਂ ਨੇ ਭਾਈਚਾਰਕ ਸੰਬੰਧਾਂ ਨੂੰ ਤਾਰ ਤਾਰ ਕਰ ਦਿੱਤਾ ਹੈ। ਪੈਸਾ ਕਮਾਉਣ ਦਾ ਲਾਲਚ, ਨਸ਼ੇ, ਭਰਿਸ਼ਟਾਚਾਰ, ਕਾਮ, ਸਿਵਿਕ ਸੈਨਸ, ਲੇਖਕਾਂ ਦਾ ਕਿਰਦਾਰ, ਧਾਰਮਿਕ ਸੰਸਥਾਵਾਂ ਦੀ ਆਪੋ ਧਾਪੀ, ਦੋਹਰੇ ਕਿਰਦਾਰ ਆਦਿ ਵਿਸ਼ਿਆਂ ਵਾਲੀਆਂ ਉਸ ਦੀਆਂ ਕਹਾਣੀਆਂ ਸਮਾਜ ਵਿਚ ਵਧ ਰਹੀ ਅਸਤੁੰਸ਼ਟੀ ਦਾ ਪਰਦਾ ਫਾਸ਼ ਕਰਦੀਆਂ ਹਨ। ਮਖੌਟੇ ਪਹਿਨ ਕੇ ਸਮਾਜ ਵਿਚ ਵਿਚਰਣ ਵਾਲੇ ਲੋਕਾਂ ਦੇ ਵੀ ਪਾਜ ਉਘੇੜੇ ਗਏ ਹਨ ਕਿਉਂਕਿ ਅੱਜ ਕਲ੍ਹ ਹਰ ਇਨਸਾਨ ਅਸਲੀਅਤ ਦੀ ਥਾਂ ਵਿਖਾਵੇ ਤੇ ਜ਼ੋਰ ਦਿੰਦਾ ਹੈ, ਅਰਥਾਤ ਅੰਦਰੋਂ ਬਾਹਰੋਂ ਇਕੋ ਜਿਹਾ ਨਹੀਂ ਹੈ। ਇਸ ਸਾਰੇ ਵਰਤਾਰੇ ਵਿਚ ਤਬਦੀਲੀ ਦਾ ਮੁੱਖ ਕਾਰਨ ਬਿਰਦੀ ਪੈਸੇ ਦੀ ਲਾਲਸਾ ਨੂੰ ਸਮਝਦਾ ਹੈ। ਨਸੀਅਤ, ਚਾਨਣ ਅਤੇ ਤਪਸ ਨਾਂ ਦੀਆਂ ਕਹਾਣੀਆਂ ਵਿਚ ਉਹ ਸ਼ਰਾਬ, ਭਰਿਸ਼ਟਾਚਾਰ ਅਤੇ ਕਾਮ ਦੀਆਂ ਸਮਾਜਿਕ ਬੀਮਾਰੀਆਂ ਤੋਂ ਇਨਸਾਨ ਨੂੰ ਖਹਿੜਾ ਛੁਡਾਉਣ ਦੀ ਪ੍ਰੇਰਨਾ ਦਿੰਦਾ ਹੋਇਆ ਵਿਅੰਗਾਤਮਿਕ ਚੋਟਾਂ ਮਾਰਦਾ ਹੈ। ਸਮਾਜਿਕ ਜੀਵਨ ਵਿਚ ਭਾਵੇਂ ਇਹ ਗੱਲਾਂ ਆਮ ਲਗਦੀਆਂ ਹਨ ਪ੍ਰੰਤੂ ਉਨ੍ਹਾਂ ਬਾਰੇ ਸਾਰਥਿਕ ਢੰਗ ਨਾਲ ਬਿਆਨ ਕੀਤਾ ਗਿਆ ਹੈ। ਨੌਜਵਾਨ ਲੜਕੇ ਅਤੇ ਲੜਕੀਆਂ ਹੀ ਨਹੀਂ ਸਗੋਂ ਬੱਚੇ ਅਤੇ ਬਜ਼ੁਰਗ ਵਿਅਕਤੀ ਵੀ ਮਹਿੰਗੀਆਂ ਅਤੇ ਬਰਾਂਡਡ ਚੀਜਾਂ ਪਹਿਨਣ ਨੂੰ ਤਰਜੀਹ ਦਿੰਦੇ ਹਨ ਭਾਵੇਂ ਉਹ ਆਰਥਿਕ ਪੱਖੋਂ ਇਸ ਦੇ ਸਮਰੱਥ ਵੀ ਨਾ ਹੋਣ। ਉਸਦੀ ਜੜ੍ਹਾਂ ਸਿਰਲੇਖ ਵਾਲੀ ਮਿੰਨੀ ਕਹਾਣੀ ਸ਼ਹਿਰੀ ਅਤੇ ਪੇਂਡੂ ਜੀਵਨ ਵਿਚਲੇ ਫਰਕ ਨੂੰ ਬੜੇ ਸੁਚੱਜੇ ਢੰਗ ਨਾਲ ਪ੍ਰਗਟਾਉਂਦੀ ਹੈ ਕਿ ਅਜੇ ਵੀ ਪਿੰਡਾਂ ਵਿਚ ਭਾਈਚਾਰਕ ਸਾਂਝ ਬਰਕਰਾਰ ਹੈ ਪ੍ਰੰਤੂ ਸ਼ਹਿਰੀ ਜੀਵਨ ਨੇ ਇਨਸਾਨ ਦੇ ਕਿਰਦਾਰ ਨੂੰ ਬਦਲ ਕੇ ਹੀ ਰੱਖ ਦਿੱਤਾ। ਖਾਸ ਤੌਰ ਤੇ ਮਹਾਂ ਨਗਰਾਂ ਦੇ ਜੀਵਨ ਵਿਚ ਇਨਸਾਨੀਅਤ ਹੀ ਖ਼ਤਮ ਹੁੰਦੀ ਵਿਖਾਈ ਦਿੰਦੀ ਹੈ। ਕੋਈ ਕਿਸੇ ਦੇ ਦੁੱਖ ਸੁੱਖ ਵਿਚ ਸਹਾਈ ਹੋਣਾ ਤਾਂ ਵੱਖਰੀ ਗੱਲ ਹੈ, ਹਮਦਰਦੀ ਦਾ ਪ੍ਰਗਟਾਵਾ ਵੀ ਨਹੀਂ ਕਰਦਾ। ਅਜਿਹੀ ਜ਼ਿੰਦਗੀ ਦਾ ਕੀ ਲਾਭ ਜਿਹੜੀ ਕਿਸੇ ਇਨਸਾਨ ਦੇ ਕੰਮ ਨਾ ਆ ਸਕੇ।
ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਗੁਰਮੀਤ ਸਿੰਘ ਬਿਰਦੀ ਦਾ ਪਲੇਠਾ ਉੱਦਮ ਸਫਲ ਹੈ ਪ੍ਰੰਤੂ ਅਜੇ ਉਸਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ। ਇਹ ਠੀਕ ਹੈ ਕਿ ਮਿੰਨੀ ਕਹਾਣੀ ਵਿਚ ਬਹੁਤਾ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਸਿੱਧੀਆਂ ਟਕੋਰਾਂ ਮਾਰਨ ਦੀ ਥਾਂ ਸੰਕੇਤਕ ਸ਼ਬਦਾਂ ਦੀ ਵਰਤੋਂ ਕਰਨੀ ਜ਼ਰੂਰੀ ਹੈ। ਕਈ ਵਾਰ ਉਸ ਦੀਆਂ ਕਹਾਣੀਆਂ ਪ੍ਰਚਾਰ ਲਗਦੀਆਂ ਹਨ। ਸਾਹਿਤਕ ਸ਼ਬਦਾਵਲੀ ਦਾ ਸਦਉਪਯੋਗ ਕਰਨਾ ਚਾਹੀਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072