ਸਰੀ, ਕੈਨੇਡਾ, 7 ਨਵੰਬਰ 2018 -ਬੀਤੇ ਦਿਨੀਂ ਪੰਜਾਬ ਭਵਨ ਸਰੀ ਵਿਖੇ ਪੰਜਾਬ ਤੋਂ ਕੈਨੇਡਾ ਦੌਰੇ 'ਤੇ ਆਏ ਗੀਤਕਾਰ ਤੇ ਸਾਹਿਤਕਾਰ ਬਹਾਦਰ ਡਾਲਵੀ ਨਾਲ ਰੂਬਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਗੀਤਕਾਰ ਬਹਾਦਰ ਡਾਲਵੀ ਦੀਆਂ ਦੋ ਨਵ ਪ੍ਰਕਾਸ਼ਿਤ ਪੁਸਤਕਾਂ 'ਮਾਂਵਾ ਬੋਹੜ ਦੀਆਂ ਛਾਵਾਂ ( ਗੀਤ ਸੰਗ੍ਰਹਿ ) ਅਤੇ 'ਗੁਣਾਂ ਦੇ ਗਹਿਣੇ' ( ਬਾਲ ਕਾਵਿ ਸੰਗ੍ਰਹਿ ) ਲੋਕ ਅਰਪਨ ਕੀਤੀਆਂ ਗਈਆਂ।ਉਪਰੰਤ ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਮਹਿਮਾਨ ਗੀਤਕਾਰ ਬਾਰੇ ਸੰਖੇਪ ਜਾਣਕਾਰੀ ਦਿੱਤੀ।ਇਸ ਸਾਦਾ ਪਰ ਪ੍ਰਵਾਭਸ਼ਾਲੀ ਸਮਾਗਮ ਵਿਚ ਬਹਾਦਰ ਡਾਲਵੀ ਨੇ ਬਚਪਨ ਤੋਂ ਲੈਕੇ ਆਪਣੀ ਲਿਖਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹੁਣ ਤੱਕ ਸੱਤ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ।ਲਿਖਣ ਦੇ ਨਾਲ ਨਾਲ ਉਹ ਚਿੱਤਰਕਾਰੀ ਵੀ ਕਰਦੇ ਰਹੇ ਹਨ।ਉਨ੍ਹਾਂ ਦੱਸਿਆ ਕਿ ਪਿਛਲੇ ਲਗਪਗ 35 40 ਸਾਲਾਂ ਤੋਂ ਜਲੰਧਰ ਦੂਰਦਰਸ਼ਨ ਤੇ ਆਕਾਸ਼ ਵਾਣੀ ਜਲੰਧਰ ( ਆਲ ਇੰਡੀਆ ਰੇਡੀਓ ) ਦੇ ਕਵੀ ਦਰਬਾਰਾਂ ਵਿਚ ਅਣਗਿਣਤ ਵਾਰ ਭਾਗ ਲੈ ਚੁੱਕੇ ਹਨ।ਦੂਰਦਰਸ਼ਨ ਜਲੰਧਰ ਉਪਰ ਉਨ੍ਹਾਂ ਵੱਲੋ ਲਿਖੇ ਪੁਰਾਤਨ ਵਿਰਸੇ ਨਾਲ ਸੰਬੰਧਤ ਕਈ ਸਕਰਿਪਟਾਂ ਦਾ ਫ਼ਿਲਮਾਂਕਣ ਟੈਲੀਕਾਸਟ ਹੋ ਚੁੱਕਾ ਹੈ।ਉਹ ਲੰਮਾ ਸਮਾਂ ਅਧਿਆਪਨ ਕਾਰਜ ਨਾਲ ਜੁੜੇ ਰਹਿਣ ਕਰਕੇ ਉਹ ਬੱਚਿਆਂ ਦੀ ਮਾਨਸਿਕ ਸਥਿਤੀ ਨੂੰ ਸਮਝਦੇ ਹੋਏ ਤਿੰਨ ਪੁਸਤਕਾਂ ਬਾਲ ਸਾਹਿਤ ਦੀਆਂ ਵੀ ਲਿਖ ਚੁੱਕੇ ਹਨ।ਸਮਾਗਮ ਦੌਰਾਨ ਉੱਘੇ ਗਾਇਕ ਸੁਰਜੀਤ ਮਾਧੋਪੁਰੀ ਨੇ 'ਮਾਵਾਂ ਬੋਹੜ ਦੀਆਂ ਛਾਵਾਂ ' ਦਾ ਟਾਈਟਲ ਗੀਤ ਤਰੰਨੁਮ ਵਿਚ ਪੇਸ਼ ਕੀਤਾ।ਇਸ ਮੌਕੇ ਉੱਘੇ ਸ਼ਾਇਰ ਕਵਿੰਦਰ ਚਾਂਦ ਅਤੇ ਮੋਹਨ ਗਿੱਲ ਨਾਲ ਸਮਾਗਮ ਵਿਚ ਸ਼ਾਮਿਲ ਸਾਹਿਤਕਾਰਾਂ ਤੇ ਪੱਤਰਕਾਰਾਂ ਨੇ ਪੰਜਾਬ ਭਵਨ ਵੱਲੋਂ ਬਹਾਦਰ ਡਾਲਵੀ ਨੂੰ ਯਾਦਗਾਰੀ ਚਿੰਨ ਦੇਕੇ ਸਨਮਾਨਿਤ ਕੀਤਾ। ਸਮਾਗਮ ਵਿਚ ਸ਼ਾਇਰ ਕਵਿੰਦਰ ਚਾਂਦ, ਮੋਹਨ ਗਿੱਲ, ਗਾਇਕ ਸੁਰਜੀਤ ਮਾਧੋਪੁਰੀ, ਨਾਵਲਕਾਰ ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ , ਦਵਿੰਦਰ ਬੈਨੀਵਾਲ (ਪ੍ਰਾਈਮ ਏਸ਼ੀਆ ਟੀ ਵੀ) ਸੁਖਵਿੰਦਰ ਸਿੰਘ ਚੋਹਲਾ ( ਸੰਪਾਦਕ ਐਨ. ਆਰ. ਆਈ. ਸਰੋਕਾਰ ਤੇ ' ਦੇਸ਼ ਪ੍ਰਦੇਸ਼ ਟਾਈਮਜ਼' ), ਬਹਾਦਰ ਡਾਲਵੀ ਦੀ ਧਰਮ ਪਤਨੀ ਸੰਤੋਸ਼ ਡਾਲਵੀ, ਧੀ ਰਮਨਜੋਤ ਕੌੋਰ, ਜਵਾਈ ਤਰਨਜੀਤ ਸਿੰਘ, ਦੋਹਤੀ, ਦੋਹਤਾ ਤੇ ਹੋਰ ਪਾਠਕ ਹਾਜ਼ਰ ਸਨ।