ਵਿਸ਼ਵ ਔਰਤ ਦਿਵਸ ਤੇ ਆਪਣੇ ਬੀਬੀ ਜੀ ਨੂੰ ਚੇਤੇ ਕਰਦਿਆਂ ਪਰੂੰ ਪਰਾਰ ਲਿਖੀ ਕਵਿਤਾ
ਮੇਰੀ ਮਾਂ ਨੂੰ ਸਵੈਟਰ ਬੁਣਨਾ ਨਹੀਂ ਸੀ ਆਉਂਦਾ
ਪਰ
ਉਹ ਰਿਸ਼ਤੇ ਬੁਣਨਾ ਜਾਣਦੀ ਸੀ....
ਮਾਂ ਨੂੰ ਤਰਨਾ ਨਹੀਂ ਸੀ ਆਉਂਦਾ
ਪਰ ਉਹ ਤਾਰਨਾ ਜਾਣਦੀ
ਸਰੋਵਰ 'ਚ ਵਾੜ ਕੇ ਆਖਦੀ
ਡਰ ਨਾ, ਮੈਂ ਤੇਰੇ ਨਾਲ ਆਂ....
ਹੁਣ ਵੀ ਜਦ ਕਦੇ
ਗ਼ਮ ਦੇ ਸਾਗਰ ਜਾਂ ਮਨ ਦੇ ਵਹਿਣ 'ਚ ਵਹਿਣ ਲੱਗਦਾ ਹਾਂ
ਤਾਂ
ਮਾਂ ਡੁੱਬਣ ਨਹੀਂ ਦਿੰਦੀ
ਅਜੇ ਵੀ ਮੇਰੇ ਕੋਲ ਆ ਖਲੋਂਦੀ
ਮੇਰੀਆਂ ਅੱਖਾਂ ਪੂੰਝਦੀ ਹੈ
ਆਖਦੀ ਹੈ, ਤੂੰ ਮੇਰਾ ਪੁੱਤ ਹੈਂ
ਤੇਰੀ ਅੱਖ 'ਚ ਅੱਥਰੂ ?
ਜੇ ਮੇਰਾ ਪੁੱਤਰ ਐਂ ਤਾਂ ਇਹ ਗਲੇਡੂ ਨਾ ਵਹਾਈੰ
ਕੋਈ ਬੇਗਾਨਾ ਨਹੀਂ ਪੂੰਝਦਾ ਬਾਹਰੋਂ ਆ ਕੇ
ਆਪ ਹੀ ਉੱਠਣਾ ਪੈਂਦਾ ਡਿਗ ਕੇ
ਮੇਰੀ ਮਾਂ ਨੂੰ ਉੱਡਣਾ ਨਹੀਂ ਸੀ ਆਉਂਦਾ
ਪਰ ਆਪਣੇ ਬੱਚਿਆਂ ਨੂੰ ਸੁਪਨਿਆਂ ਦੇ ਖੰਭ ਲਾਉਂਦੀ
ਤੇ ਅਨੰਤ ਅੰਬਰੀਂ ਉਡਾਉਂਦੀ
ਮੇਰੀ ਮਾਂ ਨੂੰ ਮੰਗਣਾ ਨਹੀਂ ਸੀ ਆਉਂਦਾ
ਵੰਡਣਾ ਹੀ ਜਾਣਦੀ
ਘਰ ਦੀਆਂ ਵਿੱਥੀਂ ਵਿਰਲੀਂ
ਪੋਟਲੀਆਂ ਚ ਰਹਿਮਤਾਂ ਬੰਨ੍ਹ ਕੇ
ਲੁਕਾਈ ਰੱਖਦੀ
ਮਾਂ ਕੋਲ ਕਿੰਨਾ ਕੁਝ ਸੀ
ਨਾਂਹ ਤੋਂ ਬਗੈਰ, ਹੋਰ ਸਾਰਾ ਕੁਝ
ਮਾਂ ਊੜੇ ਨੂੰ ਜੂੜੇ ਤੋਂ ਅਕਸਰ ਪਛਾਣ ਕੇ ਅਕਸਰ ਆਖਦੀ
ਪੁੱਤ ਇਹਦਾ ਪੱਲਾ ਨਾ ਛੱਡੀਂ
ਇਹੀ ਤਾਰਣਹਾਰ ਹੈ।
ਕਿਤੋਂ ਸੁਣਿਆ ਸੀ ਉਸ।
ਬਿਰਧ ਉਮਰੇ ਵੀ
ਉਹ ਮੰਜੀ 'ਤੇ ਪਈ
ਲਾਡ ਨਾਲ ਕੋਲ ਬੁਲਾਉਂਦੀ
ਸ਼ਾਮੀਂ ਕੁਵੇਲੇ ਪਰਤਣ ਕਰਕੇ
ਪੋਲੇ ਜਿਹੇ ਹੱਥ ਨਾਲ
ਮੇਰੇ ਪੁੱਤਰ ਸਾਹਮਣੇ
ਮੇਰੀ ਰੰਗੀ ਹੋਈ ਦਾਹੜੀ 'ਤੇ
ਮਿੱਠੀ ਜਹੀ ਚਪੇੜ ਮਾਰਦੀ
ਆਖਦੀ,
ਹੁਣ ਤਾਂ ਸੁਧਰ ਜਾ
ਪੁੱਤ ਬਰਾਬਰ ਦਾ ਹੋ ਗਿਆ
ਜੇ ਕੱਲ੍ਹ ਨੂੰ ਇਹ ਵੀ
ਤੇਰੇ ਵਾਂਗ ਕਰੇਗਾ
ਤਾਂ ਕੀ ਕਰੇਂਗਾ ?
ਅੱਜ ਦੇ ਦਿਨ ਤੁਰ ਗਈ
ਦੂਰ ਬਹੁਤ ਦੂਰ
ਵਿਸਾਖੀ ਉਦਾਸ ਕਰ ਗਈ ਮੇਰੀ ਮਾਂ
ਵਿਸਾਖੀ ਵਾਲੇ ਦਿਨ
ਗੁਲਗੁਲੇ, ਗੁਣੇ, ਨਮਕੀਨ ਮੱਠੀਆਂ ਬਣਾਉਂਦੀ ਮੇਰੀ ਮਾਂ
ਹੁਣ ਜਦ ਕਦੇ ਕੜਾਹੀ ਚੜ੍ਹਦੀ ਹੈ
ਸਰ੍ਹੋਂ ਦਾ ਤੇਲ ਉਬਲਦਾ ਹੈ
ਬਹੁਤ ਯਾਦ ਆਉਂਦੀ ਹੈ ਮਾਂ......