ਪੁਆਧੀ ਕਵੀ ਦਰਬਾਰ ਵਿੱਚ ਸ਼ਾਇਰਾਂ ਨੇ ਸਰੋਤਿਆਂ ਦਾ ਦਿਲ ਜਿੱਤਿਆ
- ਕਵੀ ਮਾਂ ਬੋਲੀ ਦੀ ਸੇਵਾ ਕਰਕੇ ਅਹਿਮ ਰੋਲ ਅਦਾ ਕਰ ਰਹੇ: ਹਰਜੋਤ ਬੈਂਸ
- ਕੈਬਿਨੇਟ ਮੰਤਰੀ ਨੇ ਕਿਹਾ, ਕਵੀ ਆਪਣੀ ਕਲਪਨਾ ਨਾਲ ਆਪਣੀ ਹਰ ਹਸਰਤ ਪੂਰੀ ਕਰ ਲੈਂਦਾ
ਹਰੀਸ਼ ਕਾਲੜਾ
ਰੂਪਨਗਰ, 24 ਨਵੰਬਰ 2022: ਭਾਸ਼ਾ ਵਿਭਾਗ ਪੰਜਾਬ ਵਲੋਂ ਸਰਕਾਰੀ ਕਾਲਜ ਰੂਪਨਗਰ ਵਿਖੇ ਪੰਜਾਬੀ ਮਾਹ-2022 ਦੇ ਸਮਾਗਮਾਂ ਦੀ ਲੜੀ ਤਹਿਤ ਪੁਆਧੀ ਬੋਲੀ ਨੂੰ ਸਮਰਪਿਤ ਕਵੀ ਦਰਬਾਰ ਲਗਾਇਆ ਗਿਆ ਜਿੱਥੇ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਦਾ ਦਿਲ ਜਿੱਤ ਕੇ ਇਸ ਨੂੰ ਯਾਦਗਾਰ ਬਣਾ ਦਿੱਤਾ।
ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਲਗਾਏ ਗਏ ਪੁਆਧੀ ਕਵੀ ਦਰਬਾਰ ਵਿੱਚ ਕੈਬਿਨੇਟ ਮੰਤਰੀ ਸ. ਹਰਜੋਤ ਸਿੰਘ ਬੈਂਸ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਆਏ ਹੋਏ ਸਾਰੇ ਉੱਘੇ ਸਾਹਿਤਕ ਤੇ ਵਿਦਵਾਨ ਕਵੀਆਂ ਦਾ ਧੰਨਵਾਦ ਕੀਤਾ ਕਿ ਉਹ ਮਾਂ ਬੋਲੀ ਦੀ ਸੇਵਾ ਕਰਕੇ ਅਹਿਮ ਰੋਲ ਅਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੀ ਸਿਰਜਣਾ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਪੁਆਧ ਦੀ ਧਰਤੀ ਨੂੰ ਚੁਣਿਆ ਅਤੇ ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਹੀ ਮੈਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਬਤੌਰ ਵਿਧਾਇਕ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਵਿਸ਼ੇਸ਼ ਕਵੀ ਦਰਬਾਰ ਵਿੱਚ ਪੁਆਧੀ ਬੋਲੀ ਦਾ ਬਹੁਤ ਆਨੰਦ ਮਾਣਿਆ ਅਤੇ ਪੰਜਾਬ ਸਰਕਾਰ ਵਲੋਂ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ।
ਕੈਬਿਨੇਟ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ, ਭਾਰਤ ਦੇਸ਼ ਦਾ ਬਹੁਤ ਖੂਬਸੂਰਤ ਅਤੇ ਅਮੀਰ ਵਿਰਸੇ ਵਾਲਾ ਸੂਬਾ ਹੈ ਅਤੇ ਇਸ ਸੂਬੇ ਦਾ ਖਾਸ ਜ਼ਿਲ੍ਹਾ ਰੂਪਨਗਰ ਹੈ। ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਸਿੱਖ ਵਿਰਸੇ ਦਾ ਬਹੁਤ ਅਹਿਮ ਇਤਹਾਸ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕਈ ਦੇਸ਼ ਘੁੰਮਣ ਦਾ ਮੌਕਾ ਮਿਲਿਆ ਪਰ ਉਨ੍ਹਾਂ ਇਸ ਸੂਬੇ ਵਰਗੀ ਕੋਈ ਹੋਰ ਧਰਤੀ ਨਹੀਂ ਮਿਲੀ। ਇਸ ਪਿਆਰੇ ਸੂਬੇ ਦੇ 23 ਜ਼ਿਲਿਆਂ ਵਿੱਚ ਜ਼ਿਲ੍ਹਾ ਰੂਪਨਗਰ ਬਹੁਤ ਖਾਸ ਅਹਿਮੀਅਤ ਰੱਖਦਾ ਹੈ ਜਿੱਥੇ ਕੁਦਰਤ ਦੀ ਅਸੀਮ ਬਖਸ਼ਿਸ਼ ਹੈ।
ਹਰਜੋਤ ਬੈਂਸ ਨੇ ਅੱਗੇ ਕਿਹਾ ਕਿ ਦੁਨੀਆਂ 'ਤੇ ਕੇਵਲ ਕਵੀ ਹੀ ਇੱਕ ਅਜਿਹਾ ਸ਼ਖਸ ਹੁੰਦਾ ਹੈ ਜੋ ਕਿ ਕਲਮ ਤੇ ਆਪਣੀ ਕਲਪਨਾ ਨਾਲ ਆਪਣੀ ਹਰ ਹਸਰਤ ਪੂਰੀ ਕਰ ਲੈਂਦਾ ਹੈ ਚਾਹੇ ਉਹ ਪ੍ਰਮਾਤਮਾ ਨੂੰ ਪਾਉਣ ਦੀ ਹੋਵੇ ਜਾਂ ਦੇਸ਼ ਭਗਤੀ ਦੀ ਹੋਵੇ।
ਇਸ ਕਵੀ ਦਰਬਾਰ ਦੀ ਸ਼ੁਰੂਆਤ ਸੀਨੀਅਰ ਪੱਤਰਕਾਰ ਤੇ ਪੁਆਧੀ ਬੋਲੀ ਪ੍ਰੇਮੀ ਤੇ ਲੇਖਕ ਗੁਰਪ੍ਰੀਤ ਨਿਆਮੀਆਂ ਵਲੋਂ ਪੁਆਧੀ ਬੋਲੀ ਨਾਲ ਸੰਬੋਧਨ ਕਰਕੇ ਕੀਤੀ ਗਈ ਅਤੇ ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੁਆਧੀ ਕਵੀ ਦਰਬਾਰ ਲਗਾਇਆ ਗਿਆ ਜਿਸ ਦਾ ਮੰਤਵ ਪੰਜਾਬ ਦੀਆਂ ਬੋਲੀਆਂ ਨੂੰ ਸੁਰੱਖਿਅਤ ਕਰਨਾ ਹੈ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਨਾਂ ਦੇ ਮੂਲ ਰੂਪ ਨੂੰ ਬਰਕਰਾਰ ਰੱਖਿਆ ਜਾ ਸਕੇ।
ਇਸ ਉਪਰੰਤ ਮਾਸਟਰ ਸਤੀਸ਼ ਵਿਦਰੋਹੀ ਨੇ ਸਟੇਜ ਤੋਂ ਆਪਣੀ ਕਵਿਤਾ ਪੇਸ਼ ਕੀਤੀ। ਮੋਹਣੀ ਤੂਰ ਨੇ ਆਪਣੀ ਕਵਿਤਾ 'ਮੈਨੂੰ ਕੁੜ੍ਹੀ ਕਿਸੇ ਨਾ ਕਹਿਣਾ ਵੇ ਵੀਰਾ ਤੇਰੀ ਜੂਹ ਟੱਪ ਕੇ' ਸੁਣਾ ਕੇ ਸਰੋਤਿਆਂ ਦਾ ਦਿਲ ਮੋਹ ਲਿਆ। ਉਨ੍ਹਾਂ ਆਪਣੀ ਕਵਿਤਾ 'ਬਾਈ ਰੇ ਮੈਨੂੰ ਮੈਡਮ ਨਾ ਕਹਿਣਾ' ਅਤੇ ਪ੍ਰਸਿੱਧ ਗੀਤ 'ਬਾਤਾਂ ਮਾਰੇ ਪੁਆਧ ਕੀਆਂ' ਵੀ ਸੁਣਾਇਆ ਜਿਸ ਉਪਰੰਤ ਸਾਰਾ ਹਾਲ ਸਰੋਤਿਆਂ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ।
ਇਸ ਕਵੀ ਦਰਬਾਰ ਵਿਚ ਹਰਿਆਣਾ ਤੋਂ ਪੁਆਧ ਦੀ ਨੁਮਾਇੰਦਗੀ ਕਰਦਿਆਂ ਡਾਕਟਰ ਬਲਵਾਨ ਔਜਲਾ ਨੇ ਤੇ ਹਰਪ੍ਰੀਤ ਸਿੰਘ ਧਰਮਗੜ੍ਹ ਨੇ ਚੰਡੀਗੜ੍ਹ ਵਸਾਉਣ ਲਈ ਪੁਆਧ ਦੇ ਪਿੰਡਾਂ ਦੇ ਉਜਾੜੇ ਨੂੰ ਪੇਸ਼ ਕਰਦੀ ਕਵਿਤਾ ਨਾਲ ਸਰੋਤਿਆਂ ਨੂੰ ਖੁਸ਼ ਕਰ ਦਿੱਤਾ।
ਡਾਕਟਰ ਗੁਰਮੀਤ ਸਿੰਘ ਬੈਦਵਾਨ ਨੇ ਕਵਿਤਾ 'ਸ਼ਹਿਦ ਭਰੀ ਰੱਸ ਭਿੰਨੀ ਹਮਾਰੀ ਪੁਆਧੀ ਬੋਲੀ ਹੈ' ਸੁਣਾਈ। ਲਖਵੀਰ ਦੌਦਪੁਰ ਨੇ 'ਪਹਿਲਾਂ ਵਰਗੀ ਕਦਰ ਰਹੀ ਨਾ ਬਲਦ, ਬਜ਼ੁਰਗ, ਦਰੱਖਤਾਂ ਕੀ ਕਵਿਤਾ ਨੂੰ ਪੇਸ਼ ਕੀਤਾ। ਮੋਹਾਲੀ ਤੋਂ ਪੱਤਰਕਾਰ ਸਤਵਿੰਦਰ ਧੜਾਕ ਨੇ ਪਿੰਡਾਂ ਦੀ ਵਿਰਾਸਤ ਨੂੰ ਪੇਸ਼ ਕਰਦੇ ਅਤੇ ਵਿਸਰ ਚੁੱਕੇ ਸੱਭਿਆਚਾਰ ਨੂੰ ਪੇਸ਼ ਕਰਦਾ ਗੀਤ 'ਕਲੀਆਂ ਕੌਣ ਸੁਣਾਓ ਰੇ ਬਾਬਾ' ਨਾਲ ਸਰੋਤਿਆਂ ਦਾ ਦਿਲ ਜਿੱਤਿਆ।
ਇਸ ਤੋਂ ਇਲਾਵਾ ਚਰਨ ਪੁਆਧੀ, ਰੋਮੀ ਘੜਾਮੇਂ ਵਾਲਾ, ਕਲਾਕਾਰ ਸੁਖਬੀਰ ਸਿੰਘ, ਭੁਪਿੰਦਰ ਮਟੌਰ ਅਤੇ ਪ੍ਰੋ. ਸੁਨੀਤਾ ਰਾਣੀ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤੀਆਂ।
ਪ੍ਰਿੰਸੀਪਲ ਸਰਕਾਰੀ ਕਾਲਜ ਰੂਪਨਗਰ ਜਤਿੰਦਰ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵਲੋਂ ਇਹ ਪਹਿਲ ਕੀਤੀ ਹੈ ਅਤੇ ਵਿਦਿਆਰਥੀਆਂ ਨੂੰ ਆਪਣੀ ਬੋਲੀ ਨਾਲ ਦਿਲੋਂ ਜੋੜਨ ਲਈ ਇਸ ਮੰਚ ਨੂੰ ਸਰਕਾਰੀ ਕਾਲਜ ਵਿਖੇ ਸਜਾਇਆ ਗਿਆ।
ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਡਾ. ਵੀਰਪਾਲ ਕੌਰ, ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਜਸਪ੍ਰੀਤ ਕੌਰ, ਐਸ.ਐਸ.ਪੀ ਰੂਪਨਗਰ ਵਿਵੇਕ ਐੱਸ ਸੋਨੀ, ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ, ਡੀ.ਐਸ.ਪੀ. ਸ. ਤਰਲੋਚਨ ਸਿੰਘ, ਜ਼ਿਲ੍ਹਾ ਭਾਸ਼ਾ ਅਫਸਰ ਸ਼੍ਰੀਮਤੀ ਦਰਸ਼ਨ ਕੌਰ, ਜ਼ਿਲ੍ਹਾ ਭਾਸ਼ਾ ਅਫਸਰ ਮੋਹਾਲੀ ਸ. ਦਵਿੰਦਰ ਸਿੰਘ ਬੋਹਾ, ਪ੍ਰੋ ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ ਹੋਰ ਉੱਘੀਆਂ ਸ਼ਖਸੀਅਤਾਂ ਹਾਜ਼ਰ ਅਤੇ ਵਿਦਿਆਰਥੀ ਸਨ।