ਉਸ ਕੋਲ ਅੱਗ ਦੇ ਬੀਜ ਨੇ
ਪਰ ਉਹ ਅੱਗ ਦੀ ਨਹੀਂ
ਚਾਨਣ ਦੀ ਖੇਤੀ ਕਰਦਾ ਹੈ ।
ਉਸਦੇ ਹੱਥ ਉਸਦੇ ਬਲਦ ਹਨ
ਉਸਦੀ ਕਲਮ ਉਸਦਾ ਹਲ ਹੈ
ਉਸਦੀ ਸੋਚ ਉਸਦਾ ਪੋਰ ਹੈ
ਤੇ ਰੰਗਮੰਚ ਉਸਦਾ ਵਾਹਣ ।
ਉਸ ਕੋਲ ਅੱਗ ਦੇ ਬੀਜ ਹਨ
ਇਹ ਬੀਜ ਉਸਨੇ
ਬਚਪਨ ਵਿੱਚ ਮੱਲਿਆਂ ਦੇ ਬੇਰਾਂ ਵਾਂਗ
ਆਪਣੀ ਝੋਲੀ ਭਰੇ ,
ਬਿਗਾਨੇ ਪਿੜਾਂ ਚੋਂ
ਆਪਣੇ ਦਾਣਿਆਂ ਵਾਂਗ ਹੂੰਝੇ ,
ਚਿੱਟੇ ਦੰਦਾਂ ਵਾਲੀ ਕਪਾਹ ਦੇ
ਉਦਾਸ ਹਾਸਿਆਂ ਚੋਂ ਚੁਗੇ ,
ਉਸਦੇ ਪਿੰਡ ਦੇ ਕੱਚੇ ਰੇਤਲੇ ਤਪਦੇ ਰਾਹਾਂ ਚੋਂ
ਉਸਦੇ ਨੰਗੇ ਪੈਰਾਂ 'ਚ
ਬਚਪਨ-ਭਰ ਕੰਡਿਆਂ ਵਾਂਗ ਪੁੜੇ ਇਹ ਬੀਜ ।
ਜਵਾਨੀ ਵਿੱਚ ਗੁਆਰੇ ਦੀ ਕੰਡ ਵਾਂਗ
ਉਸਦੇ ਪਿੰਡੇ ਤੇ ਲੜੇ ਇਹ ਬੀਜ ।
ਜਦ ਉਹ ਜੰਮਿਆ ਸੀ ਉਦੋਂ ਹੀ
ਉਸਦੇ ਖੇਤਾਂ ਵਿੱਚ ਫਸਲ ਨਹੀਂ
ਇੰਨਾਂ ਬੀਜਾਂ ਦੇ ਹੀ ਕਰਚੇ ਸਨ ,
ਅੰਤ ਉਸਨੇ ਇੰਨਾਂ ਬੀਜਾਂ ਦੀ
ਧਰਤੀ ਕੁ ਜਿੱਡੀ ਪੰਡ ਬੰਨ ਲਈ ।
ਹੁਣ ਉਹ ਸਾਡੇ ਜ਼ਹਿਨਾਂ ਦੇ ਓਰਿਆਂ 'ਚ
ਛਿੱਟਾ ਦਿੰਦਾ ਰਹਿੰਦਾ ਹੈ ਇੰਨਾਂ ਬੀਜਾਂ ਦਾ ।
ਉਹ ਅੱਗ ਨਾਲ ਚਾਨਣ ਦੀ ਖੇਤੀ ਕਰਦਾ ਹੈ ।
ਸਾਡੇ ਖੇਤਾਂ ਲਈ
ਬੜੀ ਸੁਧਰੀ ਕਿਸਮ ਦੇ ਬੀਜ ਨੇ ਉਸ ਕੋਲ
ਸਾਡੇ ਗਮਲਿਆਂ ਲਈ ਬੜੇ ਫਲਦਾਰ ਪੌਦੇ ।
ਉਹ ਕਿੰਨੇ ਹੀ ਹੱਥਾਂ ਨਾਲ
ਚਾਨਣ ਦੀ ਖੇਤੀ ਕਰਦਾ ਹੈ ।
ਉਸਦਾ ਹਰ ਪਾਤਰ
ਸਾਡੀ ਝੋਲੀ ਜੁਗਨੂੰ ਭਰਦਾ ਹੈ ।
ਉਹ
ਬਿਗਾਨੇ ਬੋਹੜ ਦੀ ਛਾਂਅ ਦਾ ਗੱਜਣ ਵੀ ਹੈ,
ਪੀਤਾ ਵੀ ਹੈ ਤੇ ਗੇਲਾ ਵੀ ।
ਉਹ ਇੱਕ ਹੋਰ ਰਮਾਇਣ ਦਾ ਰਾਮ ਵੀ ਹੈ
ਤੇ ਲੱਛਾ ਵੀ ।
ਉਹ ਸੱਤ ਬਿਗਾਨੇ ਦਾ ਧਰਮਾ ਵੀ ਹੈ
ਕਰਮਾ ਵੀ ਹੈ
ਧਿੰਦੀ ਵੀ ਹੈ ਤੇ ਨਾਹਰੀ ਵੀ ।
ਅਰਬਦ ਨਰਬਦ ਧੰਧੂਕਾਰਾ ਵੀ
ਉਸਦੇ ਲਹੂ 'ਚ ਤਰਦਾ ਹੈ
ਤੇ ਅਵੇਸਲੇ ਯੁੱਧਾਂ ਦੀ ਨਾਇਕਾ ਵੀ
ਉਸਦੇ ਸਾਹਾਂ 'ਚ ਸਾਹ ਲੈਂਦੀ ਹੈ ।
ਉਹ ਅੰਨੇ ਨਿਸ਼ਾਨਚੀ ਨੂੰ ਨਜ਼ਰ ਦਿੰਦਾ ਹੈ
ਹਾਜ਼ੀਆਂ ਨੂੰ ਇਸ਼ਕ ਦੀ ਨਮਾਜ਼ ਪੜਾਉਂਦਾ ਹੈ ।
ਪੰਜਾਬੀ ਰੰਗਮੰਚ ਦਾ ਉਹ ਧੰਨਾ ਭਗਤ
ਧੰਨੇ ਦੀ ਭਗਤੀ ਵਾਂਗ ਹੀ
ਰੰਗਮੰਚ ਨੂੰ ਸਮਰਪਿਤ ਹੈ ।
ਉਹ ਰੂਹ ਹੈ , ਉਹ ਸੋਚ ਹੈ
ਉਹ ਮਨ ਹੈ , ਤਨ ਨਹੀਂ ।
ਇਸ ਲਈ ਤਨ ਦੇ ਮਰਜ਼
ਉਸਦਾ ਕੁੱਝ ਨਹੀਂ ਵਿਗਾੜ ਸਕਦੇ ।
ਜੇ ਉਹ ਆਪਣੇ ਪਿੰਡ ਵਸਦਾ ਹੁੰਦਾ
ਤਾਂ ਇੱਕ ਆਮ ਕਿਸਾਨ ਅਜਮੇਰ ਸਿੰਹੁ ਹੁੰਦਾ ,
ਤੇ ਹੋ ਸਕਦਾ ਸੀ ਹੁਣ ਤੀਕ
ਕੀੜੇ ਮਾਰ ਦਵਾਈ ਪੀ ਕੇ
ਆਤਮ-ਹੱਤਿਆ ਕਰ ਗਿਆ ਹੁੰਦਾ ।
ਪਰ ਉਹ ਸਿਰਫ ਆਪਣੇ ਪਿੰਡ ਨਹੀਂ
ਬਲਕਿ ਸਾਰੀ ਦੁਨੀਆ 'ਚ ਵਸਦਾ ਹੈ
ਤੇ ਸਾਨੂੰ ਕੀੜੇ ਮਾਰ ਦਵਾਈਆਂ ਦਾ ਤੋੜ ਦਸਦਾ ਹੈ ।
***