ਮਾਨਖੇੜਾ ਪੰਜਾਬ ਸਾਹਿਤ ਅਕਾਦਮੀ ਦੇ ਐਸੋਸੀਏਟ ਮੈਂਬਰ ਨਾਮਜ਼ਦ
ਅਸ਼ੋਕ ਵਰਮਾ
ਬਠਿੰਡਾ,25 ਜੂਨ2021:ਕਹਾਣੀਕਾਰ, ਨਾਵਲਕਾਰ ਅਤੇ ਸਾਢੇ ਤਿੰਨ ਦਹਾਕਿਆਂ ਤੋਂ ਸਾਹਿਤਕ ਸੰਸਥਾਵਾਂ ਵਿੱਚ ਸਰਗਰਮ ਜਸਪਾਲ ਮਾਨਖੇੜਾ ਨੂੰ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ (ਸਬੰਧਤ ਪੰਜਾਬ ਆਰਟਸ ਕੌਂਸਲ) ਦੀ ਜਨਰਲ ਕੌਂਸਲ ਲਈ ਐਸੋਸੀਏਟ ਮੈਂਬਰ ਨਾਮਜਦ ਕੀਤਾ ਗਿਆ ਹੈ। ਪੰਜਾਬ ਸਾਹਿਤ ਅਕਾਦਮੀ ਦੇ ਦੂਜੀ ਵਾਰ ਪ੍ਰਧਾਨ ਬਣੇ ਡਾ. ਸਰਬਜੀਤ ਕੌਰ ਸੋਹਲ ਦੀ ਅਗਵਾਈ ਵਿੱਚ ਬਣੀ ਜਨਰਲ ਕੌਂਸਲ ਵਿੱਚ ਜਸਪਾਲ ਮਾਨਖੇੜਾ ਨੂੰ ਨਾਮਜਦ ਕਰਕੇ ਬਠਿੰਡਾ ਤੇ ਆਸ ਪਾਸ ਦੇ ਜਿਲ੍ਹਿਆਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ।ਇਸ ਨਿਯੁਕਤੀ ਨਾਲ ਬਠਿੰਡਾ ਦੇ ਸਾਹਿਤਕ ਹਲਕਿਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੂਹ ਸਾਹਿਤਕ ਸੰਸਥਾਵਾਂ ਅਤੇ ਸਾਹਿਤਕਾਰਾਂ ਨੇ ਜਸਪਾਲ ਮਾਨਖੇੜਾ ਦੀ ਇਸ ਨਿਯੁਕਤੀ ਨੂੰ ਲੈਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ।
ਜਸਪਾਲ ਮਾਨਖੇੜਾ ਦੇ ਹੁਣ ਤੱਕ ਤਿੰਨ ਕਹਾਣੀ ਸੰਗ੍ਰਹਿ,ਦੋ ਵਾਰਤਕ ਪੁਸਤਕਾਂ,ਇਕ ਨਾਵਲ ਛਪ ਚੁੱਕੇ ਹਨ। ਮਾਨਖੇੜਾ ਪਿਛਲੇ ਤੀਹ-ਪੈਂਤੀ ਸਾਲਾਂ ਤੋਂ ਸਾਹਿਤਕ ਸੰਗਠਨਾਂ ਨਾਲ ਜੁੜਿਆ ਹੋਇਆ ਹੈ। ਉਹ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਿੱਚ ਵੱਖ ਵੱਖ ਅਹੁਦਿਆਂ ਤੇ ਕੰਮ ਕਰ ਚੁੱਕਿਆ ਹੈ। ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦਾ ਉਹ ਲੰਮਾ ਸਮਾਂ ਜਨਰਲ ਸਕੱਤਰ ਅਤੇ ਪ੍ਰਧਾਨ ਰਿਹਾ ਹੈ। ਸਾਹਿਤ ਸਿਰਜਣਾ, ਸਾਹਿਤਕ ਸੰਸਥਾਵਾਂ ਵਿੱਚ ਸਰਗਰਮੀ ਦੇ ਨਾਲ ਜਸਪਾਲ ਮਾਨਖੇੜਾ ਟੀਚਰਜ ਹੋਮ ਟਰੱਸਟ ਬਠਿੰਡਾ ਦੇ ਬੁਲਾਰੇ ‘ਸਹੀ ਬੁਨਿਆਦ‘ ਦਾ ਵੀ ਸੰਪਾਦਕ ਹੈ। ਉਨ੍ਹਾਂ ਦੀ ਸੰਪਾਦਨਾ ਹੇਠ ਜਨਰਲ ਅੰਕਾਂ ਸਮੇਤ ‘ਨਵੀਂ ਸਿੱਖਿਆ ਨੀਤੀ‘ ਅਤੇ ‘ਕਿਸਾਨ ਘੋਲ‘ ਵਿਸ਼ੇਸ਼ ਅੰਕ ਵੀ ਕੱਢੇ ਗਏ ਹਨ।
ਜਸਪਾਲ ਮਾਨਖੇੜਾ ਨੇ ਅੱਜ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਇਹ ਅਹੁਦੇ ਉਪਾਧੀਆਂ ਨਹੀਂ ਹੁੰਦੇ ਬਲਕਿ ਜਿੰਮੇਵਾਰੀਆਂ ਹੁੰਦੀਆਂ ਹਨ। ਮਾਨਖੇੜਾ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਜੋ ਵੀ ਜਿੰਮੇਵਾਰੀ ਦਿੱਤੀ ਹੈ ਉਸ ਨੂੰ ਹਮੇਸ਼ਾ ਤਨਦੇਹੀ, ਇਮਾਨਦਾਰੀ ਅਤੇ ਪ੍ਰਤੀਬੱਧਤਾ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਵਾਰ ਵੀ ਅਕਾਦਮੀ ਪ੍ਰਧਾਨ ਸਰਬਜੀਤ ਕੌਰ ਸੋਹਲ ਦੀ ਅਗਵਾਈ ਹੇਠ ਪੰਜਾਬੀ ਸਾਹਿਤ ਦੇ ਪ੍ਰਚਾਰ, ਪਸਾਰ , ਪ੍ਰਫੁੱਲਤਾ ਅਤੇ ਮਿੱਥੇ ਨਿਸ਼ਾਨਿਆਂ ਦੀ ਪੂਰਤੀ ਲਈ ਸਿਰਤੋੜ ਯਤਨ ਕਰਨਗੇ।