ਅਸ਼ੋਕ ਵਰਮਾ
ਬਠਿੰਡਾ, 4 ਨਵੰਬਰ 2020 - ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਵੱਲੋਂ ਭੁਪਿੰਦਰ ਸੰਧੂ ਬਠਿੰਡਾ ਦੀ ਕਾਵਿ ਪੁਸਤਕ ‘ਪੋਰ ਦੀ ਜੂਨ’ ਲੋਕ ਅਰਪਣ ਕਰਨ ਲਈ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮਾਰਕਸਵਾਦੀ ਆਲੋਚਕ ਡਾ ਭੀਮ ਇੰਦਰ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਪ੍ਰੋ. ਵਰੇਸ਼ ਗੁਪਤਾ ਹਾਜਰ ਹੋਏ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ, ਡਾ. ਸਤਨਾਮ ਸਿੰਘ ਜੱਸਲ, ਪ੍ਰਿੰ. ਜਗਦੀਸ਼ ਘਈ, ਡਾ. ਅਜੀਤਪਾਲ ਸਿੰਘ, ਡਾ. ਸੁਰਜੀਤ ਬਰਾੜ ਅਤੇ ਡਾ. ਤੇਜਾ ਸਿੰਘ ਤਿਲਕ ਸ਼ਾਮਲ ਸਨ । ਸੁਰਿੰਦਰਪ੍ਰੀਤ ਘਣੀਆ ਨੇ ਸਭਾ ਦੇ ਭਵਿੱਖ ਦੇ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਹਾਜਰੀਨ ਨੂੰ ਜੀ ਆਇਆਂ ਆਖਿਆ। ਸਮਾਗਮ ਦੀ ਸ਼ੁਰੂਆਤ ਵਿੱਛੜੇ ਸਾਹਿਤਕਾਰਾਂ ਡਾ.ਜੁਗਿੰਦਰ ਸਿੰਘ ਪੁਆਰ, ਡਾ. ਕੁਲਦੀਪ ਸਿੰਘ ਧੀਰ, ਨਾਟਕਕਾਰ ਹੰਸਾ ਸਿੰਘ , ਪ੍ਰੋ. ਅਵਤਾਰ ਜੌੜਾ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਪੋਤਰੇ ਸਦੀਪ ਸਿੰਘ ਅਤੇ ਟੀਐਸ ਯੂ ਆਗੂ ਲੇਖਰਾਜ ਦੇ ਨੌਜਵਾਨ ਲੜਕੇ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਕਾਵਿ ਸੰਗ੍ਰਹਿ ‘ਪੋਰ ਦੀ ਜੂਨ’ ਲੋਕ ਅਰਪਣ ਅਰਪਣ ਕਰਦਿਆਂ ਲੇਖਕ ਭੁਪਿੰਦਰ ਸੰਧੂ ਨੂੰ ਨਵੀਂ ਪੁਸਤਕ ਲਈ ਮੁਬਾਰਕਬਾਦ ਦਿੱਤੀ। ਸਮਾਗਮ ’ਚ ਸੰਗੀਤਕਾਰ ਕਰਨ ਸੰਧੂ ਅਤੇ ਟੀਪੂ ਸੁਲਤਾਨ ਵੱਲੋਂ ਪੋਰ ਦੀ ਜੂਨ ਵਿੱਚੋਂ ਇੱਕ ਗੀਤ ਪੇਸ਼ ਕੀਤਾ ਗਿਆ। ਡਾ. ਭੁਪਿੰਦਰ ਸਿੰਘ ਬੇਦੀ ਨੇ ਲੋਕਅਰਪਿਤ ਪੁਸਤਕ ਤੇ ਆਪਣਾ ਖੋਜ ਭਰਪੂਰ ਪਰਚਾ ਪੇਸ਼ ਕਰਦਿਆਂ ਭੁਪਿੰਦਰ ਸੰਧੂ ਦੀ ਕਵਿਤਾ ਨੂੰ ਪ੍ਰਗਤੀਵਾਦੀ ਕਵਿਤਾ ਦੱਸਿਆ ਅਤੇ ਕਿਹਾ ਕਿ ਪੋਰ ਦੀ ਜੂਨ ਵਿਚਲੀ ਕਵਿਤਾ ਮਨੁੱਖ ਨੂੰ ਸ਼ੰਘਰਸੀ ਜੀਵਨ ਜਿਊਣ ਲਈ ਪ੍ਰੇਰਿਤ ਕਰਦੀ ਹੈ। ਇਸ ਪਰਚੇ ਉਪਰ ਡਾ. ਮਨੋਰਮਾ ਸਮਾਘ, ਕੰਵਲਜੀਤ ਕੁਟੀ, ਪਿ੍ਰੰ. ਜਗਮੇਲ ਸਿੰਘ ਜਠੌਲ, ਡਾ. ਜਸਵਿੰਦਰ ਸ਼ਰਮਾ, ਪਿ੍ਰੰ. ਜਗਦੀਸ਼ ਸਿੰਘ ਘਈ, ਭੀਮ ਸੈਨ, ਤੇਜਾ ਸਿੰਘ ਤਿਲਕ ਆਦਿ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪਰਚੇ ਨੂੰ ਸੰਤੁਲਿਤ ਦੱਸਿਆ ਅਤੇ ਭੁਪਿੰਦਰ ਸੰਧੂ ਦੀ ਕਵਿਤਾ ਨੂੰ ਜ਼ਿੰਦਗੀ ਨਾਲ ਜੁੜੀ ਹੋਈ ਕਵਿਤਾ ਕਿਹਾ।
ਡਾ. ਸੁਰਜੀਤ ਬਰਾੜ ਨੇ ਭੁਪਿੰਦਰ ਸੰਧੂ ਦੀ ਕਵਿਤਾ ਨੂੰ ਨਵ ਪ੍ਰਗਤੀਵਾਦ ਦੌਰ ਦੀ ਕਵਿਤਾ ਦੱਸਦਿਆਂ ਕਿਹਾ ਕਿ ਇਸ ਵੇਲੇ ਅਜਿਹੀਆਂ ਰਚਨਾਵਾਂ ਦੀ ਸਖਤ ਜਰੂਰਤ ਹੈ। ਡਾ. ਭੀਮ ਇੰਦਰ ਸਿੰਘ ਨੇ ਭੁਪਿੰਦਰ ਸੰਧੂ ਦੀ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਉਹ ਕਵਿਤਾ ਹੀ ਪ੍ਰਸੰਗਿਕ ਹੈ ਜੋ ਮਾਨਵੀ ਸੰਵੇਦਨਾ ਨੂੰ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦੀ ਹੋਵੇ ਸੰਧੂ ਦੀ ਕਵਿਤਾ ਇਸ ਉਦੇਸ਼ ਨੂੰ ਪ੍ਰਣਾਈ ਹੋਈ ਹੈ। ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਸੇਵਕ ਸਿੰਘ ਸ਼ਮੀਰੀਆ, ਡਾ. ਅਮਨਦੀਪ ਟੱਲੇਵਾਲੀਆ, ਮਾਸਟਰ ਜਗਨਨਾਥ, ਦਵੀ ਸਿੱਧੂ, ਕੁਲਦੀਪ ਸਿੰਘ ਬੰਗੀ, ਅਮਨਦੀਪ ਕੌਰ ਮਾਨ, ਅਮਰਜੀਤ ਕੌਰ ਹਰੜ, ਜਸਵੰਤ ਜੱਸ, ਆਤਮਾ ਰਾਮ ਰੰਜਨ, ਸੁਖਦਰਸ਼ਨ ਗਰਗ, ਗੁਰਸੇਵਕ ਚੁੱਘੇ ਖੁਰਦ, ਅੰਮਿ੍ਰਤਪਾਲ ਸਿੰਘ, ਰਾਮ ਦਿਆਲ ਸੇਖੋਂ, ਸਿਕੰਦਰ ਚੰਦਭਾਨ, ਹਰਗੋਬਿੰਦ ਸ਼ੇਖਪੁਰੀਆ, ਸੁਰਿੰਦਰਪ੍ਰੀਤ ਘਣੀਆ, ਡਾ. ਜਸਪਾਲਜੀਤ, ਆਦਿ ਨੇ ਮੌਜੂਦਾ ਦੌਰ ’ਚ ਦਰਪੇਸ਼ ਚੁਣੌਤੀਆਂ ਅਤੇ ਕਿਸਾਨੀ ਸੰਕਟ ਤੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਅੰਤ ਵਿੱਚ ਡਾ.ਅਜੀਤਪਾਲ ਸਿੰਘ ਨੇ ਸਮੂਹ ਹਾਜਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਨੂੰ ਸਮੇਂ ਅਣਸਰਦੀ ਲੋੜ ਕਰਾਰ ਦਿੱਤਾ। ਇਸ ਮੌਕੇ ਇੱਕ ਮਤੇ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਪਰਿਵਾਰ, ਬਾਜਾਰ, ਰੁਜ਼ਗਾਰ, ਸਿੱਖਿਆ ਅਦਾਲਤਾਂ ਅਤੇ ਸਰਕਾਰੀ ਕੰਮ- ਕਾਜ ਵਿੱਚ ਪੂਰੀ ਤਰਾਂ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਚਿੱਤਰਕਾਰ ਅਮਰਜੀਤ ਸਿੰਘ ਪੇਂਟਰ, ਜਸਪਾਲ ਜੱਸੀ, ਬਲਵਿੰਦਰ ਬਾਘਾ, ਭੁਪਿੰਦਰ ਜੈਤੋ, ਮੁਖਤਿਆਰ ਕੌਰ, ਮਨਜੀਤ ਕੌਰ, ਸੂਰਜ ਸੰਧੂ, ਜਗਦੀਪ ਸਿੰਘ ਕਪੂਰ, ਗੁਰਜੰਟ ਸਿੰਘ ਕੋਟਭਾਰਾ ਆਦਿ ਵੀ ਹਾਜਰ ਸਨ। ਸਟੇਜ ਸੰਚਾਲਨ ਡਾ. ਜਸਪਾਲਜੀਤ ਨੇ ਕੀਤਾ।