ਲੁਧਿਆਣਾ : 20 ਅਪ੍ਰੈਲ 2019 - ਪੰਜਾਬੀ ਸਾਹਿਤ ਅਕਾਡਮੀ ਵਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਕੈਨੇਡਾ ਵੱਸਦੇ ਪ੍ਰਸਧ ਲੇਖਕ ਤੇ ਗੀਤਕਾਰ ਸ੍ਰੀ ਸੁਖਮਿੰਦਰ ਰਾਮਪੁਰੀ ਨਾਲ ਰੂਬਰੂ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਅਕਾਡਮੀ ਦੇ ਪ੍ਰਧਾਨ ਪ੍ਰੋ.ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤਪ੍ਰਧਾਨ ਸੁਰਿੰਦਰ ਕੈਲੇ ਸ਼ਾਮਲ ਹੋਏ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਸ੍ਰੀ ਸੁਖਮਿੰਦਰ ਰਾਮਪੁਰੀ ਦੁਆਰਾ ਰਚਿਤ ਲੰਮਾ ਗੀਤ 'ਧੀਆਂ' ਔਰਤ ਬਾਰੇ ਹਿੰਦੁਸਤਾਨ ਵਿਚ ਸਮਾਜਕ ਵਰਤਾਰੇ ਨੂੰ ਸਮੁੱਚਤਾ ਵਿਚ ਪੇਸ਼ ਕਰਦਾ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਨੇ ਕਿਹਾ ਸ੍ਰੀ ਸੁਖਮਿੰਦਰ ਰਾਮਪੁਰੀ ਗੀਤਕਾਰ ਹੈ ਅਤੇ ਗੀਤ ਸੁਖਮਿੰਦਰ ਰਾਮਪੁਰੀ ਹੈ। ਉਨ੍ਹਾਂ ਦਸਿਆ ਰਾਮਪੁਰੀ ਨੇ ਸੱਤ ਨਾਯਾਬ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਅਤੇ ਚਾਰ
ਪੁਸਤਕਾਂ ਸੰਪਾਦਤ ਕੀਤੀਆਂ ਹਨ।
ਸ੍ਰੀ ਸੁਖਮਿੰਦਰ ਰਾਮਪੁਰੀ ਹੋਰਾਂ ਬਾਰੇ ਜਾਣ ਪਛਾਣ ਕਰਵਾਉਂਦੇ ਹੋਏ ਪ੍ਰਬੰਧਕੀ ਬੋਰਡ ਦੇ ਮੈਂਬਰ ਸ੍ਰੀ ਜਸਵੀਰ ਝੱਜ ਨੇ ਸ੍ਰੀ ਸੁਖਮਿੰਦਰ ਰਾਮਪੁਰੀ ਦੇ ਜੀਵਨ ਅਤੇ ਸਾਹਿਤਕ ਦੇਣ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ
ਰਾਮਪੁਰੀ ਜੀ ਮੁੱਢਲੇ ਰੂਪ ਵਿਚ ਖਿਡਾਰੀ ਸਨ ਪਰ ਅਚਾਨਕ ਇਕ ਘਟਨਾ ਨੇ ਸਾਹਿਤ ਵੱਲ ਪ੍ਰਵਰਤਿਤ ਕਰ ਦਿੱਤਾ। ਸੁਖਮਿੰਦਰ ਰਾਮਪੁਰੀ ਗੀਤਕਾਰ ਹੀ ਨਹੀਂ ਸਗੋਂ ਗੀਤ ਨੂੰ ਤਰੰਨੁਮ ਵਿਚ ਉਸ ਤੋਂ ਵੀ ਖ਼ਬੂਸੂਰਤੀ ਨਾਲ ਪੇਸ਼ ਕਰਦੇ ਹਨ। ਉਨ੍ਹਾਂ ਦੇ ਗਾਏ ਗੀਤ ਸਾਹਿਤਕ ਸਰੋਤਿਆਂ ਦੀ ਜ਼ੁਬਾਨ 'ਤੇ ਲੋਕਗੀਤਾਂ ਵਾਂਗ ਚੜ੍ਹੇ ਹੋਏ ਹਨ। ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਨੇ ਕਿਹਾ ਕਿ ਸ੍ਰੀ ਸੁਖਮਿੰਦਰ ਰਾਮਪੁਰੀ ਪੰਜਾਬੀ ਸਾਹਿਤ ਅਕਾਡਮੀ ਦੇ ਜੀਵਨ ਮੈਂਬਰ ਅਤੇ ਰਾਮਪੁਰੀ ਸਾਹਿਤ ਸਭਾ ਦੇ ਮੋਢੀ ਮੈਂਬਰਾਂ ਵਿਚੋਂ ਹਨ। ਉਹ ਕਾਫ਼ੀ ਸਮਾਂ ਰਾਮਪੁਰ ਸਾਹਿਤ ਸਭਾ ਦੇ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਤਿੰਨ ਵਾਰ ਮੀਤ ਪ੍ਰਧਾਨ ਰਹੇ ਅਤੇ ਅੱਜ ਕਲ ਕੈਨੇਡਾ ਰਹਿ ਰਹੇ ਹਨ।
ਮੰਚ ਸੰਚਾਲਨ ਅਕਾਡਮੀ ਦੇ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕੀਤਾ। ਮੀਤ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਸੁਖਮਿੰਦਰ ਰਾਮਪੁਰੀ ਬਹੁਵਿਧਾਵੀ ਲੇਖਕ ਹੈ। ਜਿਥੇ ਸੁਖਮਿੰਦਰ ਨੂੰ ਪੁਖ਼ਤਾ ਸਾਹਿਤਕ ਗੀਤ ਲਿਖਣ ਵਿਚ ਮੁਹਾਰਤ ਹੈ ਉਥੇ ਗ਼ਜ਼ਲ ਕਹਾਣੀ, ਨਾਵਲ, ਲੇਖ ਅਤੇ ਵਾਰਤਕ 'ਤੇ ਵੀ ਕਲਮ ਅਜ਼ਮਾਈ ਹੈ। ਉਨ੍ਹਾਂ ਦੁਆਰਾ ਸਰਦਾਰ ਬਹਾਦਰ ਕਰਤਾਰ ਸਿੰਘ ਮਾਂਗਟ ਕਟਾਣੀ ਕਲਾਂ ਬਾਰੇ ਲਿਖੀ ਜੀਵਨੀ 'ਮੇਰੇ ਮੇਹਰਵਾਨ ਹੱਥ' ਵਾਰਤਕ ਦਾ ਬਾਕਮਾਲ ਨਮੂਨਾ ਹੈ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਿੰ. ਪ੍ਰੇਮ ਸਿੰਘ ਬਜਾਜ, ਤ੍ਰੈਲੋਚਨ ਲੋਚੀ, ਜਸਵੰਤ ਜ਼ਫ਼ਰ, ਡਾ. ਨਿਰਮਲ ਜੌੜਾ, ਸਤੀਸ਼ ਗੁਲਾਟੀ, ਰਛਪਾਲ ਸਿੰਘ, ਭੁਪਿੰਦਰ ਸਿੰਘ ਚੌਕੀਮਾਨ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਕੁਲਵਿੰਦਰ ਕੌਰ ਕਿਰਨ, ਗੁਰਦਿਆਲ ਦਲਾਲ,ਪਰਮਜੀਤ ਕੌਰ ਮਹਿਕ ਮਲਕੀਤ ਸਿੰਘ ਬਰਮੀ ਲਾਭ ਸਿੰਘ ਬੇਗੋਵਾਲ, ਤਰਲੋਚਨ ਝਾਂਡੇ, ਬਲਵੰਤ ਮਾਂਗਟ, ਕੁਲਦੀਪ ਕੌਰ, ਭਾਗ ਸਿੰਘ ਦਰਦੀ ਮਨਦੀਪ ਮਾਂਗਟ, ਸਵਰਨ ਪੱਲਾ, ਸੁਖਜੀਤ ਸਿੰਘ ਰਾਮਪੁਰ, ਰਜਿੰਦਰ ਸਿੰਘ, ਹਰਪ੍ਰੀਤ ਕੌਰ, ਪਰਮਜੀਤ ਕੌਰ ਮਹਿਕ, ਸੁਰਿੰਦਰ ਕੌਰ, ਕਮਲਪ੍ਰੀਤ ਕੌਰ, ਸੁਮਿਤ ਗੁਲਾਟੀ, ਚਰਨ ਸਿੰਘ ਸਰਾਭਾ, ਸੋਹਣ ਸਿੰਘ, ਬਲਕੌਰ ਸਿੰਘ ਗਿੱਲ ਸਮੇਤ ਕਾਫ਼ੀ ਗਿਣਤੀ ਵਿਚ ਸਥਾਨਕ ਲੇਖਕ ਹਾਜ਼ਰ ਸਨ