ਸ਼ਾਹਮੁਖੀ 'ਚ ਛਪੀ ਪੁਸਤਕ 'ਅਸੀਂ ਹਾਂ ਦੋਸਤ ਤੁਹਾਡੇ' ਜ਼ਿਲਾ ਭਾਸ਼ਾ ਅਫਸਰ ਵਲੋਂ ਲੋਕ ਅਰਪਣ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 15 ਅਪ੍ਰੈਲ 2022 - ਅਦਾਰਾ ਪੰਜਾਬੀ ਬਾਲ ਅਦਬੀ ਬੋਰਡ ਲਾਹੌਰ (ਪਾਕਿਸਤਾਨ) ਵਲੋਂ ਬਾਲ ਨਾਟਕਾਂ ਦੀ ਪੁਸਤਕ ਪ੍ਰਕਾਸ਼ਿਤ ਕੀਤੀ ਹੈ । ਪੁਸਤਕ ਦਾ ਨਾਮਕਰਨ ਗੁਰਮੀਤ ਕੜਿਆਲਵੀ ਦੇ ਬਾਲ ਨਾਟਕ 'ਅਸੀਂ ਹਾਂ ਮਿੱਤਰ ਤੁਹਾਡੇ' 'ਤੇ ਕੀਤਾ ਹੈ । ਸ਼ਾਹਮੁਖੀ 'ਚ ਛਪੀ ਇਸ ਪੁਸਤਕ ਦਾ ਨਾਂ 'ਅਸੀਂ ਹਾਂ ਦੋਸਤ ਤੁਹਾਡੇ' ਰੱਖਿਆ ਗਿਆ ਹੈ । ਪੁਸਤਕ ਖਾਲਿਦ ਜਾਵੇਦ ਸਾਹਿਬ ਅਤੇ ਪੰਖੇਰੂ ਦੇ ਸੰਪਾਦਕ ਜਨਾਬ 'ਅਸ਼ਰਫ ਸੁਹੇਲ' ਜੀ ਦੀ ਹਿੰਮਤ ਨਾਲ ਛਾਪੇ ਚੜੀ ਹੈ ।ਗੁਰਮੀਤ ਕੜਿਆਲਵੀ ਨੇ ਦੱਸਿਆ ਕਿ 160 ਸਫੇ ਦੀ ਪੁਸਤਕ 'ਚ ਡਾ.ਡੀ.ਪੀ.ਸਿੰਘ ਦਾ ਲਿਖਿਆ ਮਜਮੂਨ ਹੈ ।
ਬਾਲਾਂ ਲਈ ਨਾਟਕ ਰਾਹੀਂ ਇਲਮ ਦੀ ਪੜਾਈ । ਨਾਟਕਾਂ ਭਰੀ ਚੰਗੇਰ ਅਸ਼ਰਫ ਸੁਹੇਲ ਨੇ ਤੇ 'ਬਾਲ ਅਦਬ ਵਿਚ ਨਾਟਕ ਦੀ ਅਹਿਮੀਅਤ' ਖਾਲਿਦ ਜਾਵੇਦ ਨੇ ਲਿਖੇ ਹਨ । ਇਸ ਪੁਸਤਕ 'ਚ ਸਤਰੰਗੀ ਪੀਂਘ (ਡਾ.ਡੀ.ਪੀ ਸਿੰਘ), ਬਲਾਲ ਦੀ ਖਾਹਿਸ਼ (ਪਰਮਵੀਰ ਕੌਰ), ਸੋਨੇ ਦਾ ਪਿੰਜਰਾ (ਕੇਵਲ ਧਾਲੀਵਾਲ), ਆਪਣੀ ਹਿੰਮਤ ਆਪ ਕਰੋ (ਰਮਾ ਰਤਨ), ਕੁੱਕੜ ਬਗੈਰ ਟਿਕਟ ਤੋਂ (ਕੇ.ਪੀ.ਸਕੀਨਾ), ਬਾਂਦਰ ਜਾਣ ਗਏ ਅਦਰਕ ਦਾ ਸੁਆਦ (ਸਮਰਨਜੀਤ ਸਿੰਘ), ਕੁਰੱਪਸ਼ਨ ਦੇ ਸਾਥੀ (ਸਹਿਜ਼ਾਦ ਅਸਲਮ ਰਾਜਾ), ਪੰਜਾਬੀ ਉਦਾਸ ਏ (ਅਸ਼ਰਫ ਸੁਹੇਲ), ਸੱਚ ਆਖਿਆ ਸੀ (ਡਾ.ਫੌਜੀਆ ਤਬੱਸਮ), ਰੱਬ ਦਾ ਨਾਂ (ਅਲੀ ਅਕਮਲ ਤਸੱਵਰ), ਪ੍ਰਾਹੁਣਾ (ਖਾਲਿਦ ਜਾਵੇਦ), ਲਾਡੀ (ਹਰਜੀਤ ਸਿੰਘ),ਉਲ੍ਹਾਮਾ (ਆਤਿਫ ਹੁਸੈਨ ਸ਼ਾਹ) ਅਤੇ ਅਸੀਂ ਹਾਂ ਦੋਸਤ ਤੁਹਾਡੇ (ਗੁਰਮੀਤ ਕੜਿਆਲਵੀ-ਕੁੱਲ 14 ਨਾਟਕ ਨੇ । ਅਸ਼ਰਫ ਸੁਹੇਲ ਵਲੋਂ ਇਹ ਪੁਸਤਕ ਸ਼ਾਇਰ ਅਜੀਮ ਸ਼ੇਖਰ ਜੋ ਕਿ ਲਾਹੌਰ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ 'ਚ ਭਾਗ ਲੈਣ ਗਏ ਸਨ ਨੂੰ ਦੇ ਦਿੱਤੀ ਗਈ ਸੀ । ਸ਼ਾਇਰ ਅਜੀਮ ਰਾਹੀਂ ਲਹਿੰਦੇ ਪੰਜਾਬ 'ਚੋਂ ਆਈ ਪੁਸਤਕ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਜ਼ਿਲਾ ਭਾਸ਼ਾ ਅਫਸਰ ਫਰੀਦਕੋਟ ਮਨਜੀਤ ਪੁਰੀ, ਖੋਜ ਅਫਸਰ ਕੰਵਰਜੀਤ ਸਿੰਘ ਸਿੱਧੂ, ਰਣਜੀਤ ਸਿੰਘ ਅਤੇ ਲੇਖਕ ਗੁਰਮੀਤ ਕੜਿਆਲਵੀ ਨੇ ਲੋਕ ਅਰਪਣ ਕੀਤਾ ।