ਕੈਨੇਡਾ: ਪੱਤਰਕਾਰ ਗੁਰਪ੍ਰੀਤ ਸਿੰਘ ਦੀ ਕਿਤਾਬ '1984 : ਜਦੋਂ ਉਹ ਸਿੱਖਾਂ ਲਈ ਆਏ' ਦਾ ਰਿਲੀਜ਼ ਸਮਾਗਮ
ਸਰੀ, 22 ਜਨਵਰੀ 2024- ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਦੀ ਨਵੀਂ ਕਿਤਾਬ '1984 : ਜਦੋਂ ਉਹ ਸਿੱਖਾਂ ਲਈ ਆਏ' ਰਿਲੀਜ਼ ਕਰਨ ਹਿਤ ਬੀਤੇ ਦਿਨੀਂ ਸਟਰਾਅ ਬੇਰੀ ਹਿੱਲ ਲਾਇਬਰੇਰੀ ਸਰੀ ਵਿਖੇ ਸਮਾਗਮ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਪ੍ਰੋਗਰਾਮ ਦੇ ਸੰਚਾਲਕ ਡਾ. ਗੁਰਵਿੰਦਰ ਸਿੰਘ ਧਾਲੀਵਾਲ ਦੇ ਸੱਦੇ 'ਤੇ, ਕੈਨੇਡਾ ਦੇ ਮੋਢੀ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ (ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ) ਨੂੰ ਯਾਦ ਕਰਦਿਆਂ ਇੱਕ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਸਮਾਗਮ ਦੀ ਪਹਿਲੇ ਬੁਲਾਰੇ ਜੈਨੇਫਰ ਸ਼ੈਰਫ ਨੇ ਮੂਲ ਵਾਸੀਆਂ ਦੀ ਧਰਤੀ 'ਤੇ ਵਿਚਾਰ ਚਰਚਾ ਦੀ ਸ਼ੁਰੂਆਤ ਕੀਤੀ। ਸਮਾਗਮ ਦੀ ਵਿਲੱਖਣਤਾ ਇਹ ਸੀ ਕਿ ਲੇਖਕ ਗੁਰਪ੍ਰੀਤ ਸਿੰਘ ਦੀ ਹੋਣਹਾਰ ਧੀ ਸ਼ਾਇਸਤਾ ਸਿੰਘ ਦੇ 16ਵੇਂ ਜਨਮ ਦਿਨ 'ਤੇ, ਉਸ ਵੱਲੋਂ ਰਿਲੀਜ਼ ਕਰਾਈ ਗਈ। ਇਸ ਸਮਾਗਮ ਰਾਹੀਂ ਇਹ ਨਵੀਂ ਪਿਰਤ ਪਈ ਕਿ ਧੀਆਂ-ਪੁੱਤਾਂ ਦੇ ਜਨਮ ਦਿਨਾਂ ਨੂੰ ਕਿਤਾਬਾਂ ਦੀਆਂ ਸੌਗਾਤਾਂ ਰਾਹੀਂ ਮਨਾਇਆ ਜਾਵੇ।
ਬੁਲਾਰਿਆਂ ਵਿੱਚ ਪੁਸਤਕ ਦੇ ਲੇਖਕ ਗੁਰਪ੍ਰੀਤ ਸਿੰਘ, ਚਿੱਤਰਕਾਰ ਜਰਨੈਲ ਸਿੰਘ, ਇਮਤਿਆਜ਼ ਪੋਪਟ, ਹਰਪ੍ਰੀਤ ਸਿੰਘ ਸੇਖਾ, ਸੁਨੀਲ ਕੁਮਾਰ, ਜਗਤਾਰ ਸਿੰਘ ਸੰਧੂ, ਕੁਲਵਿੰਦਰ ਸਿੰਘ ਢਿੱਲੋ, ਕਵਲਜੀਤ ਸਿੰਘ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਸੰਬੋਧਨ ਕਰਦਿਆਂ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਅਤੇ ਹਕੂਮਤਾਂ ਦੀਆਂ ਧੱਕੇਸ਼ਾਹੀਆਂ ਤੋਂ ਇਲਾਵਾ, ਨੌਜਵਾਨ ਪੀੜੀ ਨੂੰ ਇਤਿਹਾਸ ਨਾਲ ਜੋੜਨ ਬਾਰੇ ਖੁੱਲ੍ਹੀ ਚਰਚਾ ਕੀਤੀ।
ਅੰਤ ਵਿੱਚ ਕੈਨੇਡਾ ਬੀਸੀ ਦੀ ਵਿੱਦਿਆ ਮੰਤਰੀ ਰਚਨਾ ਸਿੰਘ ਨੇ ਸਮਾਗਮ ਵਿੱਚ ਸ਼ਾਮਿਲ ਸਭਨਾਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਕਿਤਾਬ ਨਾਲ ਤੇ ਲੇਖਕ ਜੁੜੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਇਹ ਕਿਤਾਬ ਅੰਗਰੇਜ਼ੀ ਵਿੱਚ ਗੁਰਪ੍ਰੀਤ ਸਿੰਘ ਵੱਲੋਂ ਲਿਖੀ ਗਈ ਹੈ, ਜਿਸ ਦਾ ਪੰਜਾਬੀ ਅਨੁਵਾਦ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ ਅਤੇ ਕਿਤਾਬ ਵਿਚਲੀਆਂ ਪੇਂਟਿੰਗਜ਼ ਜਰਨੈਲ ਸਿੰਘ ਚਿੱਤਰਕਾਰ ਵੱਲੋਂ ਤਿਆਰ ਕੀਤੀਆਂ ਗਈਆਂ ਹਨ।
ਪੁਸਤਕ ਰਿਲੀਜ਼ ਮੌਕੇ ਗੁਰਪ੍ਰੀਤ ਸਿੰਘ ਅਤੇ ਰੈਡੀਕਲ ਦੇਸੀ ਵੱਲੋਂ ਏਅਰ ਇੰਡੀਆ ਬੰਬ ਧਮਾਕੇ ਦੀ ਮੁੜ ਜਾਂਚ ਲਈ ਤਿਆਰ ਕੀਤੀ ਗਈ ਪਟੀਸ਼ਨ ਨੂੰ ਸਰੋਤਿਆਂ ਅਤੇ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com