ਮਨਜੀਤ ਕੌਰ ਮੀਤ ਦਾ ਕਹਾਣੀ ਸੰਗ੍ਰਹਿ 'ਲਾ-ਪਤਾ' ਦਾ ਹੋਇਆ ਲੋਕ ਅਰਪਣ
ਰਵੀ ਜੱਖੂ
ਚੰਡੀਗੜ੍ਹ 09 ਜੁਲਾਈ 2023 - ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਪ੍ਰੀਸ਼ਦ ਵਿਖੇ ਉੱਘੀ ਕਹਾਣੀਕਾਰਾ ਮਨਜੀਤ ਕੌਰ ਮੀਤ ਦੀ ਤਾਜ਼ਾ-ਤਰੀਨ ਕਿਤਾਬ 'ਲਾ-ਪਤਾ' ਦਾ ਲੋਕ ਅਰਪਣ ਕਰਵਾਇਆ ਗਿਆ ਜਿਸ ਵਿਚ ਮੌਸਮ ਖਰਾਬ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਬੁੱਧੀਜੀਵੀਆਂ ਤੇ ਲੇਖਕਾਂ ਨੇ ਸ਼ਿਰਕਤ ਕੀਤੀ।
ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਲੇਖਿਕਾ ਨੇ ਆਪਣੀ ਪੰਜਵੀਂ ਪੁਸਤਕ ਪਾਠਕਾਂ ਦੀ ਝੋਲ਼ੀ ਪਾਈ ਹੈ ਜਿਸ ਵਿੱਚ ਉਹਨਾਂ ਸਮਾਜ ਦੇ ਹਰੇਕ ਦ੍ਰਿਸ਼ਟੀਕੋਣ ਤੋਂ ਆਪਣੀਆਂ ਕਹਾਣੀਆਂ ਰਾਹੀਂ ਫ਼ੌਜਣ ਦੇ ਜਜ਼ਬਾਤ ਸਾਂਝੇ ਕੀਤੇ ਹਨ।
ਉਹਨਾਂ ਕਿਹਾ ਕਿ ਮੀਤ ਦੀ ਕਲਮਕਾਰੀ ਅਤੇ ਅਫ਼ਸਾਨਾ-ਨਿਗਾਰੀ ਵਿੱਚ ਪੁਖ਼ਤਗੀ ਹੈ।
ਮੰਚ ਸੰਚਾਲਨ ਕਰਦਿਆਂ ਜਰਨਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਮਨਜੀਤ ਕੌਰ ਮੀਤ ਨੇ ਕਹਾਣੀ ਦੇ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ।
ਸਮਾਗਮ ਦੀ ਸ਼ੁਰੂਆਤ ਗਾਇਕ ਬਖ਼ਸ਼ੀਸ਼ ਲਾਹੌਰੀਆ ਨੇ ਸੈਨਿਕਾਂ ਨੂੰ ਸਮਰਪਿਤ ਆਪਣੇ ਇੱਕ ਗੀਤ ਨਾਲ ਕੀਤੀ।
ਆਪਣੇ ਮੁੱਖ ਪਰਚੇ ਵਿੱਚ ਡਾ. ਦੇਵਿੰਦਰਜੀਤ ਕੌਰ ਨੇ ਕਿਹਾ ਕਿ ਕਹਾਣੀ ਕਹਿਣਾ, ਸੁਣਨਾ ਤੇ ਸੁਨਾਉਣਾ ਮਨੁੱਖ ਦੀ ਬੁਨਿਆਦੀ ਬਿਰਤੀ ਹੈ। ਲੇਖਿਕਾ ਨੇ ਇੱਕ ਫ਼ੌਜੀ ਦੀ ਪਤਨੀ ਹੋਣ ਦੇ ਆਪਣੇ ਜਜ਼ਬਾਤੀ ਸੱਚ ਨੂੰ ਕਲਮ ਰਾਹੀਂ ਬਾਖ਼ੂਬੀ ਬਿਆਨ ਕੀਤਾ ਹੈ ਜੋ ਵਿਲੱਖਣ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਆਲੇ ਦੁਆਲੇ ਦੇ ਸੱਚ ਚੋਂ ਹੀ ਸਿਰਜੇ ਗਏ ਹਨ।
ਅਮਰਜੀਤ ਕੌਰ ਨੇ ਕਿਹਾ ਕਿ ਮੀਤ ਦੀਆਂ ਕਹਾਣੀਆਂ ਵਿੱਚ ਅੱਵਲ ਦਰਜੇ ਦੀ ਸਹਿਜਤਾ ਵਾਸ ਕਰਦੀ ਹੈ।
ਡਾ. ਮਨਜੀਤ ਸਿੰਘ ਬੱਲ, ਪਾਲ ਅਜਨਬੀ ਤੇ ਡਾ. ਸੁਰਿੰਦਰ ਗਿੱਲ ਨੇ ਲੇਖਿਕਾ ਨੂੰ ਵਧਾਈ ਦਿੰਦਿਆਂ ਉਹਨਾਂ ਦੀ ਕਲਮ ਦੀ ਤਾਕ਼ਤ ਦੀ ਹੌਸਲਾ ਅਫ਼ਜ਼ਾਈ ਕੀਤੀ।
ਵਿਸ਼ੇਸ਼ ਬੁਲਾਰੇ ਵਜੋਂ ਆਪਣੇ ਵਿਚਾਰ ਰੱਖਦਿਆਂ ਪ੍ਰਿੰ. ਗੁਰਦੇਵ ਕੌਰ ਪਾਲ ਨੇ ਸਾਹਿਰ ਲੁਧਿਆਣਵੀ ਦੇ ਇਕ ਸ਼ੇਅਰ ਦੇ ਹਵਾਲੇ ਨਾਲ ਕਿਹਾ ਕਿ ਜੰਗ ਨਾਲ ਕਦੇ ਕੋਈ ਮਸਲਾ ਹੱਲ ਨਹੀਂ ਹੁੰਦਾ ਕਿਉਂਕਿ ਜੰਗ ਤਾਂ ਖੁਦ ਇਕ ਮਸਲਾ ਹੈ। ਦੇਸ਼ਾਂ ਵਿਚਕਾਰ ਹੋਈਆਂ ਜੰਗਾਂ ਵਿਚ ਸ਼ਹੀਦ ਹੋਣ ਵਾਲੇ ਫ਼ੌਜੀ ਵੀ ਇਨਸਾਨ ਹੁੰਦੇ ਹਨ ਜਿਹੜੇ ਕੁੱਝ ਕੁ ਲੋਕਾਂ ਦੇ ਫ਼ੈਸਲਿਆਂ ਦੀ ਬਲ਼ੀ ਚੜ੍ਹ ਜਾਂਦੇ ਹਨ।
ਉੱਘੇ ਸਾਹਿਤਕਾਰ ਜੰਗ ਬਹਾਦਰ ਗੋਇਲ ਨੇ ਕਿਹਾ ਕਿ ਚੰਗੇ ਕਹਾਣੀਕਾਰ ਦਾ ਸਭ ਤੋਂ ਵੱਡਾ ਗੁਣ ਇਹ ਹੀ ਹੁੰਦਾ ਹੈ ਕਿ ਸਮਾਜ ਨੂੰ ਦਰਪੇਸ਼ ਮੁੱਦਿਆਂ ਦੇ ਸੱਚ ਨੂੰ ਸਾਹਮਣੇ ਰੱਖ ਕੇ ਉਹ ਕਿਵੇਂ ਦੀ ਪਾਤਰ ਉਸਾਰੀ ਕਰਨ ਦੇ ਸਮਰੱਥ ਹੁੰਦਾ ਹੈ।
'ਲਾ-ਪਤਾ' ਕਹਾਣੀ ਸੰਗ੍ਰਹਿ ਦੀ ਲੇਖਿਕਾ ਮਨਜੀਤ ਕੌਰ ਮੀਤ ਨੇ ਆਪਣੇ ਸਾਹਿਤਕ ਸਫ਼ਰ ਦੀ ਗੱਲ ਕਰਦਿਆਂ ਕਿਹਾ ਕਿ ਬਚਪਨ ਤੋਂ ਹੀ ਫ਼ੌਜੀ ਜੀਵਨ ਵੱਲ ਉਨ੍ਹਾਂ ਦਾ ਆਪ ਮੁਹਾਰੇ ਹੀ ਝੁਕਾਅ ਹੋ ਗਿਆ ਸੀ ਪਰ ਇਕ ਫ਼ੌਜੀ ਨਾਲ ਵਿਆਹ ਹੋਣ ਮਗਰੋਂ ਇਹ ਜਜ਼ਬਾਤੀ ਸਾਂਝ ਹੋਰ ਗੂੜ੍ਹੀ ਹੋ ਗਈ।
ਉਸਦੇ ਅੰਦਰ ਬੈਠੀ ਲੇਖਿਕਾ ਨੇ ਫ਼ੌਜੀ ਪਰਿਵਾਰਾਂ ਖਾਸ ਕਰ ਇਸਤਰੀਆਂ ਦੀ ਮਨੋ ਦਸ਼ਾ ਨੂੰ ਨੇੜਿਓਂ ਵੇਖਿਆ ਤੇ ਇਹ ਸਭ ਸਹਿਜੇ ਹੀ ਉਸਦੀ ਕਲਮ ਦੇ ਅੰਗ ਸੰਗ ਵਿਚਰਨ ਲੱਗ ਪਿਆ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਨਾਮਵਰ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਨੇ ਕਿਹਾ ਕਿ ਫ਼ੌਜ ਦੀ ਜ਼ਿੰਦਗੀ ਪੂਰੀ ਤਰ੍ਹਾਂ ਵੱਖਰੀ ਹੁੰਦੀ ਹੈ ਜਿਸ ਵਿਚ ਫ਼ਰਜ਼, ਅਨੁਸ਼ਾਸਨ ਤੇ ਇਕਾਗਰਤਾ ਇਕਸਾਰ ਰੋਲ ਅਦਾ ਕਰਦੇ ਹਨ।
ਮੀਤ ਦੀ ਕਹਾਣੀ ਲੇਖਣ ਪ੍ਰਕਿਰਿਆ ਬਾਰੇ ਉਹਨਾਂ ਕਿਹਾ ਕਿ ਅਜਿਹੀਆਂ ਰਚਨਾਵਾਂ ਕਿਸੇ ਵੀ ਸੰਵੇਦਨਸ਼ੀਲ ਮਨੁੱਖ ਦੇ ਧੁਰ ਅੰਦਰ ਦੁਖਾਂਤ ਰੂਪ ਵਿੱਚ ਰਹਿ ਕੇ ਉਸ ਦੇ ਜੀਵਨ ਦੀ ਸੋਚ ਬਦਲ ਦਿੰਦੀਆਂ ਹਨ।
ਆਪਣੇ ਧੰਨਵਾਦੀ ਸ਼ਬਦਾਂ ਵਿਚ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਚੰਗਾ ਆਮ ਜੀਵਨ ਦੀਆਂ ਘਟਨਾਵਾਂ ਵਿਚੋਂ ਹੀ ਉਪਜਦਾ ਹੈ। ਦੋ ਦਿਨਾਂ ਤੋਂ ਲਗਾਤਾਰ ਵਰ੍ਹ ਰਹੇ ਬਹੁਤ ਭਾਰੀ ਮੀਂਹ ਦੇ ਬਾਵਜੂਦ ਇਹ ਸਮਾਗਮ ਭਰਵੇਂ ਇਕੱਠ ਵਾਲਾ ਤੇ ਯਾਦਗਾਰੀ ਹੋ ਨਿਬੜਿਆ ਜਿਸ ਵਿੱਚ ਉੱਘੀਆਂ ਅਦਬੀ ਸ਼ਖ਼ਸੀਅਤਾਂ ਸ਼ਰਨਜੀਤ ਸਿੰਘ, ਤਲਵਿੰਦਰ ਸਿੰਘ, ਸਿਮਰ ਜੀਤ ਕੌਰ ਗਰੇਵਾਲ, ਬਲਦੇਵ ਸਿੰਘ, ਸੁਲਤਾਨ, ਨੀਰਜ ਕੁਮਾਰ , ਦਿਵਯਾਂਸ਼, ਸੁਧੀਰ ਬੌਬੀ, ਰਾਧਾ ਪੁਸ਼ਕਰ, ਮਾਨਵ ਸ਼ਰਮਾ, ਸੀਮਾ ਸ਼ਰਮਾ, ਸੁਖਵਿੰਦਰ ਕੌਰ, ਰਵਿੰਦਰ ਕੌਰ, ਬਰਜੇਸ਼, ਆਸ਼ਾ ਸਕਲਾਨੀ, ਹਰਮਿੰਦਰ ਸਿੰਘ ਕਾਲੜਾ ਪ੍ਰਿਥੀਪਾਲ ਸਿੰਘ, ਸਰਨਦੀਪ ਕੌਰ, ਸੁਲਤਾਨ ਖਾਨ, ਸੁਮਨ ਸ਼ਰਮਾ, ਸੁਖਵਿੰਦਰ ਸਿੰਘ ਸਿੱਧੂ, ਡਾ. ਹਰਬੰਸ ਕੌਰ ਗਿੱਲ, ਡਾ. ਗੁਰਦੇਵ ਸਿੰਘ ਗਿੱਲ, ਪ੍ਰੀਤਮ ਸਿੰਘ ਹੁੰਦਲ, ਗੁਰਦਰਸ਼ਨ ਸਿੰਘ ਮਾਵੀ, ਸ਼ਾਇਰ ਭੱਟੀ, ਰਵਿੰਦਰ ਕੌਰ, ਏਕਮ, ਗੁਰਪ੍ਰੀਤ ਸਿੰਘ ਸੋਮਲ, ਕੁਲਦੀਪ ਸਿੰਘ ਭੱਟੀ, ਨਵਨੀਤ ਕੌਰ ਮਠਾੜੂ, ਡਾ. ਝਿੱਲੀ ਬਾਸੂ ਅਤੇ ਆਯੂਸ਼ਮਾਨ ਰੇਅ ਸ਼ਾਮਿਲ ਸਨ।